
ਪੂਰਬੀ ਲੱਦਾਖ ’ਚ ਖਤਮ ਹੋ ਸਕਦਾ ਹੈ ਟਕਰਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਿ੍ਰਕਸ ਸੰਮੇਲਨ ਵਿਚ ਸ਼ਮੂਲੀਅਤ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਵੱਡਾ ਸਮਝੌਤਾ ਹੋਇਆ ਹੈ। ਦੋਵੇਂ ਦੇਸ਼ ਲਾਈਨ ਆਫ ਐਕਚੂਅਲ ਕੰਟਰੋਲ (ਐਲ.ਏ.ਸੀ.) ’ਤੇ ਪੈਟਰੋਲਿੰਗ ਦੇ ਲਈ ਸਹਿਮਤ ਹੋ ਗਏ ਹਨ। ਇਸ ਨਾਲ ਹੁਣ ਪੂੁਰਬੀ ਲੱਦਾਖ ਵਿਚ ਦੋਵੇਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਸੁਲਝ ਸਕਦਾ ਹੈ ਅਤੇ ਟਕਰਾਅ ਵਿਚ ਵੀ ਕਮੀ ਆ ਸਕਦੀ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਅਤੇ ਕੂਟਨੀਤਕ ਪੱਧਰ ’ਤੇ ਅਭਿਆਸ ਤੋਂ ਬਾਅਦ ਐੱਲ.ਏ.ਸੀ. ’ਤੇ ਗਸ਼ਤ ਅਤੇ ਫੌਜੀ ਤਣਾਅ ਨੂੰ ਘੱਟ ਕਰਨ ਲਈ ਸਮਝੌਤਾ ਹੋਇਆ ਹੈ। ਵਿਦੇਸ਼ ਸਕੱਤਰ ਦੇ ਦੱਸਣ ਮੁਤਾਬਕ ਪਿਛਲੇ ਕੁਝ ਹਫਤਿਆਂ ’ਚ ਹੋਈ ਗੱਲਬਾਤ ਤੋਂ ਬਾਅਦ ਭਾਰਤ-ਚੀਨ ਸਰਹੱਦੀ ਖੇਤਰ ’ਚ ਫੌਜੀ ਗਸ਼ਤ ਦੀ ਵਿਵਸਥਾ ਨੂੰ ਲੈ ਕੇ ਸਮਝੌਤਾ ਹੋਇਆ ਹੈ।