
ਕਰਜ਼ਾ ਹੱਦ ’ਚ ਕਟੌਤੀ ਨੇ ਦਿਖਾਉਣਾ ਸ਼ੁਰੂ ਕੀਤਾ ਰੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਕਰਜ਼ਾ ਹੱਦ ’ਚ 16 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਦਾ ਅਸਰ ਦਿਖਾਈ ਦੇਣ ਲੱਗਾ ਹੈ। ਪੰਜਾਬ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਇਕ ਪੱਤਰ ਰਾਹੀਂ ਲਿਖ ਕੇ ਉਹ ਰੁਪਏ ਵਾਪਸ ਮੰਗ ਲਏ ਹਨ ਜੋ ਉਨ੍ਹਾਂ ਦੇ ਕੰਮਕਾਜ ਤੇ ਵਿਕਾਸ ਦੇ ਕਾਰਜਾਂ ਲਈ ਬਜਟ ਪਾਸ ਹੋਣ ਮਗਰੋਂ ਦਿੱਤੇ ਗਏ ਸਨ। ਸਪੱਸ਼ਟ ਹੈ ਕਿ ਇਸ ਵੇਲੇ ਵਿੱਤ ਵਿਭਾਗ ਦੇ ਸਾਹਮਣੇ ਆਪਣੇ ਰੂਟੀਨ ਖਰਚਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਹੈ, ਇਸ ਲਈ ਵੇਤਨ, ਪੈਨਸ਼ਨ, ਬਿਜਲੀ ਸਬਸਿਡੀ ਆਦਿ ਦੇ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ’ਚ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਇਹ ਫੰਡ ਵਾਪਸ ਮੰਗਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਵਿਭਾਗਾਂ ਨੂੰ 15 ਜੂਨ ਦੇ ਬਾਅਦ ਇਹ ਪੈਸੇ ਵਾਪਸ ਕਰ ਦਿੱਤੇ ਜਾਣਗੇ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਸੂਬੇ ਵਿਚ ਸਾਰੇ ਵਿਕਾਸ ਕਾਰਜ ਠੱਪ ਪਏ ਹਨ।