ਤੋਸ਼ਾਖਾਨਾ ਮਾਮਲੇ ’ਚ ਇਮਰਾਨ ਅਤੇ ਪਤਨੀ ਬੁਸ਼ਰਾ ਬੀਬੀ ਨੂੰ ਹੋਈ 14 ਸਾਲ ਦੀ ਸਜ਼ਾ
ਲਹੌਰ/ਬਿਊਰੋ ਨਿਊਜ਼ : ਪਾਕਿਸਤਾਨ ’ਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ 8 ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਦੂਜੀ ਵਾਰ ਸਜ਼ਾ ਸੁਣਾਈ ਗਈ ਹੈ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਰੈਫਰੈਂਸ ਮਾਮਲੇ ’ਚ 14 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਦੋਵਾਂ ਨੂੰ 23 ਕਰੋੜ 37 ਲੱਖ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਵੀ ਲਗਾਇਆ ਗਿਆ। ਇਸ ਸਜ਼ਾ ਤੋਂ ਬਾਅਦ ਇਮਰਾਨ ਖਾਨ 10 ਸਾਲ ਤੱਕ ਕਿਸੇ ਵੀ ਸਰਕਾਰੀ ਅਹੁਦੇ ’ਤੇ ਨਹੀਂ ਰਹਿ ਸਕਦੇ। ਇਸ ਤੋਂ ਪਹਿਲਾਂ ਲੰਘੇ ਮੰਗਲਵਾਰ ਨੂੰ ਰਾਵਲਪਿੰਡ ਦੀ ਸਪੈਸ਼ਲ ਅਦਾਲਤ ਨੇ ਇਮਰਾਨ ਖਾਨ ਨੂੰ ਸੀਕਰੇਟ ਪੱਤਰ ਚੋਰੀ ਕਰਨ ਦੇ ਮਾਮਲੇ ’ਚ 10 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਦੋਵੇਂ ਦਿਨਾਂ ’ਚ ਇਮਰਾਨ ਖਾਨ ਨੂੰ 24 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਲੰਘੇ ਕੱਲ੍ਹ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ ਦੇ ਆਗੂ ਸ਼ਾਹ ਮਹਿਮੂਦ ਕੁਰੇਸ਼ੀ ਨੂੰ ਸੀਕਰੇਟ ਪੱਤਰ ਚੋਰੀ ਕਰਨ ਦੇ ਮਾਮਲੇ ’ਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।