ਕਿਹਾ : ਚੰਡੀਗੜ੍ਹ ’ਚ ਮੇਅਰ ਦੀ ਚੋਣ ਸਮੇਂ ਕੀਤੀ ਗਈ ਦਿਨ ਦਿਹਾੜੇ ਬੇਈਮਾਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਮਨੋਜ ਸੋਨਕਰ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਗੰਭੀਰ ਆਰੋਪ ਲਗਾਏ। ਉਨ੍ਹਾਂ ਬਿਨਾ ਨਾਂ ਲਏ ਮੇਅਰ ਚੋਣਾਂ ਸਮੇਂ ਭਾਜਪਾ ’ਤੇ ਦਿਨ-ਦਿਹਾੜੇ ਬੇਈਮਾਨੀ ਕਰਨ ਦਾ ਆਰੋਪ ਲਗਾਇਆ। ਕੇਜਰੀਵਾਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਐਕਸ’ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਸਮੇਂ ਦਿਨ ਦਿਹਾੜੇ ਜਿਸ ਤਰ੍ਹਾਂ ਨਾਲ ਬੇਈਮਾਨੀ ਕੀਤੀ ਗਈ, ਉਹ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੇਅਰ ਚੋਣਾਂ ’ਚ ਇਹ ਲੋਕ ਇੰਨਾ ਡਿੱਗ ਸਕਦੇ ਹਨ ਤਾਂ ਦੇਸ਼ ਦੀਆਂ ਚੋਣਾਂ ’ਚ ਤਾਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਇਹ ਬੇਹੱਦ ਚਿੰਤਾਜਨਤਕ ਹੈ। ਉਧਰ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ‘ਇੰਡੀਆ’ ਗੱਠਜੋੜ ਤੋਂ ਇੰਨਾ ਡਰ ਗਈ ਹੈ ਕਿ ਉਸ ਵੱਲੋਂ ਇਸ ਤਰ੍ਹਾਂ ਦੀ ਅਸੰਵਿਧਾਨਕ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਚ ਅੱਜ ਜੋ ਭਾਜਪਾ ਨੇ ਕੀਤਾ ਉਹ ਸਿੱਧਾ-ਸਿੱਧਾ ਦੇਸ਼ ਧ੍ਰੋਹ ਹੈ ਅਤੇ ਇਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜਦਕਿ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਅੱਜ ਜੋ ਮੇਅਰ ਦੀ ਚੋਣ ਸਮੇਂ ਹੋਇਆ ਅਜਿਹਾ ਜੰਗਲ ਰਾਜ ਉਨ੍ਹਾਂ ਕਦੇ ਨਹੀਂ ਦੇਖਿਆ। ਧਿਆਨ ਰਹੇ ਕਿ ਮੇਅਰ ਦੀ ਹੋਈ ਚੋਣ ਦੌਰਾਨ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 4 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।