Breaking News
Home / ਪੰਜਾਬ / ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਤੇ ਯੂਕੇ ਲਈ ਸਿੱਧੀਆਂ ਫਲਾਈਟਾਂ ਲਈ ਉਡਾਣ ਮੰਤਰਾਲੇ ਨਾਲ ਤਾਲਮੇਲ ਬਣਾਉਣ ਅਫਸਰ : ਭਗਵੰਤ ਮਾਨ

ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਤੇ ਯੂਕੇ ਲਈ ਸਿੱਧੀਆਂ ਫਲਾਈਟਾਂ ਲਈ ਉਡਾਣ ਮੰਤਰਾਲੇ ਨਾਲ ਤਾਲਮੇਲ ਬਣਾਉਣ ਅਫਸਰ : ਭਗਵੰਤ ਮਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ ਅਤੇ ਯੂਕੇ ਲਈ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਖਿੱਚ ਲਈ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਵਾਸਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ (ਏ.ਏ.ਆਈ.) ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਅਤੇ ਸ਼ਾਰਜਾਹ ਲਈ ਸਿਰਫ਼ ਦੋ ਕੌਮਾਂਤਰੀ ਉਡਾਣਾਂ ਹੀ ਚੱਲ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ, ਅਮਰੀਕਾ, ਯੂਕੇ, ਨਿਊਜ਼ੀਲੈਂਡ ਅਤੇ ਆਸਟਰੇਲੀਆ ਸਣੇ ਵੱਖ-ਵੱਖ ਦੇਸ਼ਾਂ ਵਿੱਚ ਪੰਜਾਬੀ ਵਸੋਂ ਦਾ ਵੱਡਾ ਹਿੱਸਾ ਵਸਦਾ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਪੰਜਾਬ ਵਿੱਚ ਆਪਣੇ ਜੱਦੀ ਸਥਾਨਾਂ ‘ਤੇ ਬਿਨਾਂ ਕਿਸੇ ਦਿੱਕਤ ਤੋਂ ਜਾਣ ਲਈ ਇਹ ਉਪਰਾਲਾ ਵੱਡੀ ਸਹੂਲਤ ਸਾਬਤ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ, ਮੁਹਾਲੀ ਰੱਖਣ ਵਾਸਤੇ ਵਿਆਪਕ ਰੂਪ ਵਿਚ ਸਹਿਮਤੀ ਬਣਾਉਣ ਲਈ ਵਿਭਾਗ ਨੂੰ ਤੁਰੰਤ ਹਰਿਆਣਾ ਸ਼ਹਿਰੀ ਹਵਾਬਾਜ਼ੀ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਵਿਭਾਗ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਤੁਰੰਤ ਸ਼ੁਰੂ ਕਰਨ ਲਈ ਆਖਿਆ ਤਾਂ ਜੋ ਪੰਜਾਬ ਨੂੰ ਖੁੱਲ੍ਹੀ ਮੰਡੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਇਹ ਕਦਮ ਦੁਨੀਆ ਭਰ ਵਿੱਚ ਖ਼ੁਰਾਕੀ ਵਸਤਾਂ ਦੀ ਬਰਾਮਦ ਨੂੰ ਲੋੜੀਂਦਾ ਹੁਲਾਰਾ ਦੇਣ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਕਈ ਗੁਣਾਂ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਲਵਾਰਾ ਕੌਮਾਂਤਰੀ ਸਿਵਲ ਐਨਕਲੇਵ ਨੂੰ ਚਾਲੂ ਕਰਨ ਦੇ ਹੁਕਮ ਦਿੱਤੇ ਹਨ। ਇਸ ਨਾਲ ਸੂਬੇ ਦੇ ਉਦਯੋਗਿਕ ਧੁਰਾ ਲੁਧਿਆਣਾ ਦੇ ਆਸ-ਪਾਸ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਸ਼ੁਰੂ ਹੋਣ ਨਾਲ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਵਿਭਾਗ ਨੂੰ ਸੀਏਟੀ-2 ਨੂੰ ਕੇਏਟੀ-3 ਵਿੱਚ ਤਬਦੀਲ ਕਰਨ ਦੇ ਯਤਨਾਂ ਨੂੰ ਤੇਜ਼ ਕਰਨ ਲਈ ਕਿਹਾ ਤਾਂ ਜੋ ਸੰਘਣੀ ਧੁੰਦ ਦੌਰਾਨ ਦੂਰ ਤੱਕ ਦੇਖਣ ਦੀ ਸਮਰੱਥਾ ਘਟ ਜਾਣ ਕਰ ਕੇ ਉਡਾਨ ਦੇ ਸੰਚਾਲਨ ਦੀ ਸਹੂਲਤ ਦਿੱਤੀ ਜਾ ਸਕੇ। ਇਸ ਮੌਕੇ ਵਧੀਕ ਮੁੱਖ ਸਕੱਤਰ ਏ.ਵੇਣੂ ਪ੍ਰਸਾਦ, ਸਕੱਤਰ ਸ਼ਹਿਰੀ ਹਵਾਬਾਜ਼ੀ ਐਮ.ਐਸ ਜੱਗੀ, ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਸੁਮੀਤ ਜਾਰੰਗਲ ਅਤੇ ਸਲਾਹਕਾਰ ਸ਼ਹਿਰੀ ਹਵਾਬਾਜ਼ੀ ਕੈਪਟਨ ਅਭੈ ਚੰਦਰਾ ਹਾਜ਼ਰ ਸਨ।
ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ‘ਤੇ ਰੱਖਣ ‘ਤੇ ਸਹਿਮਤੀ ਬਣਾਉਣ ਨੂੰ ਕਿਹਾ
ਮੁੱਖ ਮੰਤਰੀ ਨੇ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ ਰੱਖਣ ਲਈ ਵਿਆਪਕ ਰੂਪ ਵਿਚ ਸਹਿਮਤੀ ਬਣਾਉਣ ਲਈ ਵਿਭਾਗ ਨੂੰ ਤੁਰੰਤ ਹਰਿਆਣਾ ਨਾਗਰਿਕ ਉਡਾਣ ਵਿਭਾਗ ਨਾਲ ਮੀਟਿੰਗ ਕਰਨ ਲਈ ਕਿਹਾ ਹੈ। ਸੂਬੇ ਵਿਚ ਉਦਯੋਗ ਨੂੰ ਅੱਗੇ ਵਧਾਉਣ ਲਈ ਨਾਗਰਿਕ ਉਡਾਣ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਹਲਵਾਰਾ ਵਿਚ ਅੰਤਰਰਾਸ਼ਟਰੀ ਸਿਵਲ ਇਨਕਲੇਵ ਨੂੰ ਜਲਦੀ ਤੋਂ ਜਲਦੀ ਚਾਲੂ ਕਰਨ ਲਈ ਕਿਹਾ, ਜਿਸ ਨਾਲ ਰਾਜ ਦੇ ਉਦਯੋਗਿਕ ਕੇਂਦਰ ਲੁਧਿਆਣਾ ਦੇ ਨੇੜੇ ਵਪਾਰਕ ਅਤੇ ਉਦਯੋਗਿਕ ਗਤੀਵਿਧੀਆਂ ਸ਼ੁਰੂ ਕਰਨ ਨਾਲ ਇਸ ਨੂੰ ਵੱਡਾ ਉਤਸ਼ਾਹ ਮਿਲ ਸਕਦਾ ਹੈ।
ਨੌਜਵਾਨਾਂ ਨੂੰ ਸੂਬੇ ‘ਚ ਜਹਾਜ਼ ਉਡਾਉਣ ਦੀ ਦਿੱਤੀ ਜਾਵੇਗੀ ਸਿਖਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਕੱਤਰ ਨੂੰ ਪੇਸ਼ੇਵਰ ਸਿਖਲਾਈ ਪ੍ਰਾਪਤ ਪਾਇਲਟਾਂ ਨਾਲ ਲੈਸ ਕਰਨ ਲਈ ਰਣਨੀਤੀ ਤਿਆਰ ਕਰਨ ਵਾਸਤੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਨੌਜਵਾਨਾਂ ਨੂੰ ਫਲਾਇੰਗ ਟਰੇਨਿੰਗ ਲਈ ਦੇਸ਼ ਦੇ ਹੋਰ ਹਿੱਸਿਆਂ ਅਤੇ ਵਿਦੇਸ਼ ਵਿਚ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਨੂੰ ਆਪਣੇ ਹੀ ਸੂਬੇ ਅੰਦਰ ਕਿਫ਼ਾਇਤੀ ਦਰਾਂ ‘ਤੇ ਇਹ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।

Check Also

ਸੁਖਬੀਰ ਬਾਦਲ ਨੂੰ  ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਹੋਈ ਹੋਰ ਤੇਜ਼

ਚੰਦੂਮਾਜਰਾ ਬੋਲੇ : ਸੁਖਬੀਰ ਬਾਦਲ ਦੀ ਅਗਵਾਈ ਨੂੰ ਪਸੰਦ ਨਹੀਂ ਕਰਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ : …