Breaking News
Home / ਪੰਜਾਬ / ਜ਼ਿਮਨੀ ਚੋਣਾਂ: ਪੰਜਾਬ ਵਿਚ ‘ਆਪ’ ਤਿੰਨ ਤੇ ਕਾਂਗਰਸ ਇਕ ਸੀਟ ‘ਤੇ ਕਾਬਜ਼

ਜ਼ਿਮਨੀ ਚੋਣਾਂ: ਪੰਜਾਬ ਵਿਚ ‘ਆਪ’ ਤਿੰਨ ਤੇ ਕਾਂਗਰਸ ਇਕ ਸੀਟ ‘ਤੇ ਕਾਬਜ਼

ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ, ਚੱਬੇਵਾਲ ਤੋਂ ਇਸ਼ਾਂਕ ਅਤੇ ਬਰਨਾਲਾ ਤੋਂ ਕੁਲਦੀਪ ਢਿੱਲੋਂ ਜੇਤੂ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੀਟਾਂ ਜਿੱਤੀਆਂ ਹਨ, ਜਦਕਿ ਵਿਰੋਧੀ ਧਿਰ ਕਾਂਗਰਸ ਦੀ ਝੋਲੀ ਇੱਕ ਸੀਟ ਪਈ ਹੈ। ‘ਆਪ’ ਦੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਤੋਂ ਇਸ਼ਾਂਕ ਕੁਮਾਰ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ‘ਆਪ’ ਦਾ ਗੜ੍ਹ ਬਰਨਾਲਾ ਹਲਕੇ ‘ਚ ਚੋਣ ਜਿੱਤੀ ਹੈ। ਪੰਜਾਬ ਵਿਧਾਨ ਸਭਾ ‘ਚ ‘ਆਪ’ ਦੇ ਵਿਧਾਇਕਾਂ ਦੀ ਗਿਣਤੀ ਹੁਣ 92 ਤੋਂ ਵੱਧ ਕੇ 94 ਹੋ ਗਈ ਹੈ, ਜਦੋਂ ਕਿ ਕਾਂਗਰਸ ਦੇ ਵਿਧਾਇਕ 18 ਤੋਂ ਘੱਟ ਕੇ 16 ਰਹਿ ਗਏ ਹਨ।
ਕਾਂਗਰਸ ਨੂੰ ਜ਼ਿਮਨੀ ਚੋਣਾਂ ਵਿਚ ਜ਼ੋਰਦਾਰ ਝਟਕਾ ਲੱਗਿਆ ਹੈ ਕਿਉਂਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਆਪਣੀਆਂ ਵੱਕਾਰੀ ਸੀਟਾਂ ਬਚਾਉਣ ਵਿਚ ਅਸਫ਼ਲ ਰਹੇ। ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਗੜ੍ਹ ਵਿਚਲੀਆਂ ਸੀਟਾਂ ‘ਤੇ ਹੂੰਝਾ ਫੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਗ਼ੈਰ-ਮੌਜੂਦਗੀ ਦਾ ਫ਼ਾਇਦਾ ‘ਆਪ’ ਨੂੰ ਮਿਲਿਆ ਹੈ।
ਪੇਂਡੂ ਸੀਟਾਂ ‘ਤੇ ‘ਆਪ’ ਦਾ ਦਬਦਬਾ ਰਿਹਾ, ਜਦੋਂ ਕਿ ਸ਼ਹਿਰੀ ਸੀਟ ਬਰਨਾਲਾ ‘ਤੇ ਕਾਂਗਰਸ ਨੇ ਆਪਣੀ ਲੀਡ ਕਾਇਮ ਕੀਤੀ। ਚਾਰੇ ਸੀਟਾਂ ਦੇ ਸਮੁੱਚੀ ਵੋਟ ਫ਼ੀਸਦੀ ‘ਚ ‘ਆਪ’ ਨੂੰ ਸਭ ਤੋਂ ਵੱਧ 46.72 ਫ਼ੀਸਦੀ ਵੋਟਾਂ ਮਿਲੀਆਂ। ਕਾਂਗਰਸ ਨੂੰ 34.59 ਤੇ ਭਾਜਪਾ ਨੂੰ 10.15 ਫ਼ੀਸਦੀ ਵੋਟ ਹਾਸਲ ਹੋਏ ਹਨ। ਚੋਣ ਮੈਦਾਨ ਵਿਚ ਨਿੱਤਰੇ ਕੁੱਲ 45 ਉਮੀਦਵਾਰਾਂ ‘ਚੋਂ 35 ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਭਾਜਪਾ ਦੇ ਚਾਰ ਉਮੀਦਵਾਰਾਂ ‘ਚੋਂ ਸਿਰਫ਼ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਹੀ ਆਪਣੀ ਜ਼ਮਾਨਤ ਬਚਾਅ ਸਕੇ। ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ‘ਆਪ’ ਨੂੰ ਹਲਕਾ ਚੱਬੇਵਾਲ ਤੋਂ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਮਿਲੀ ਹੈ। ‘ਆਪ’ ਦੇ ਡਾ. ਇਸ਼ਾਂਕ ਕੁਮਾਰ (51,904 ਵੋਟਾਂ) ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ (23,214 ਵੋਟਾਂ) ਨੂੰ 28,690 ਵੋਟਾਂ ਦੇ ਫ਼ਰਕ ਨਾਲ ਹਰਾਇਆ। ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ 8,692 ਵੋਟਾਂ ਮਿਲੀਆਂ। ਹਲਕਾ ਗਿੱਦੜਬਾਹਾ ‘ਚ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21,969 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਿੰਪੀ ਢਿੱਲੋਂ ਨੂੰ 71,644 ਜਦਕਿ ਅੰਮ੍ਰਿਤਾ ਵੜਿੰਗ ਨੂੰ 49,675 ਵੋਟਾਂ ਪ੍ਰਾਪਤ ਹੋਈਆਂ। ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸਿਰਫ਼ 12,227 ਵੋਟਾਂ ਹੀ ਹਾਸਲ ਕਰ ਸਕੇ।
ਹਲਕਾ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਵਿਰੋਧੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5,699 ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੁਰਦੀਪ ਨੂੰ 59,104 ਅਤੇ ਜਤਿੰਦਰ ਕੌਰ ਨੂੰ 53,405 ਵੋਟਾਂ ਮਿਲੀਆਂ। ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ ਸਿਰਫ਼ 6,505 ਵੋਟਾਂ ਹੀ ਹਾਸਲ ਹੋਈਆਂ। ਬਰਨਾਲਾ ਹਲਕੇ ‘ਚ ‘ਆਪ’ ਉਮੀਦਵਾਰ ਨੂੰ ਹਰਾ ਕੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2,157 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਲਈ ਹੈ। ਕਾਲਾ ਢਿੱਲੋਂ ਨੂੰ 28,254 ਅਤੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26,097 ਵੋਟਾਂ ਹਾਸਲ ਹੋਈਆਂ ਹਨ। ਇਸ ਹਲਕੇ ਤੋਂ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟਾਂ ਮਿਲੀਆਂ ਜਦੋਂ ਕਿ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ 16,899 ਵੋਟਾਂ ਲੈਣ ਵਿਚ ਸਫ਼ਲ ਰਹੇ।
ਪੰਜਾਬ ਦੇ ਲੋਕਾਂ ਨੇ ਪੁਰਾਣੀਆਂ ਪਾਰਟੀਆਂ ਨੂੰ ਨਕਾਰਿਆ: ਕੇਜਰੀਵਾਲ
‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੁਰਾਣੀ ਪਾਰਟੀਆਂ ਨੂੰ ਨਕਾਰ ਕੇ ‘ਆਪ’ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਅਤੇ ਪੰਜਾਬ ਵਿੱਚ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਖੇਤਰ ਵਿੱਚ ਮਿਸਾਲੀ ਕੰਮ ਕੀਤੇ ਹਨ। ਇਸ ਤੋਂ ਇਲਾਵਾ ਔਰਤਾਂ ਦੀ ਸਹੂਲਤ ਲਈ ਬੱਸ ਸਫ਼ਰ ਮੁਫ਼ਤ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਦੇ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ‘ਆਪ’ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਤਰੱਕੀ ਲਈ ਹੋਰ ਵੀ ਕਈ ਮਿਸਾਲੀ ਫ਼ੈਸਲੇ ਲਏ ਜਾਣਗੇ।
ਲੋਕਾਂ ਨੇ ‘ਆਪ’ ਦੇ ਕੰਮਾਂ ‘ਤੇ ਮੋਹਰ ਲਾਈ: ਭਗਵੰਤ ਮਾਨ
ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿਚ ‘ਆਪ’ ਵੱਲੋਂ ਤਿੰਨ ਸੀਟਾਂ ਜਿੱਤਣ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਰਕਾਰ ਵੱਲੋਂ ਢਾਈ ਸਾਲਾਂ ਵਿੱਚ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿੱਚ ਕੀਤੇ ਕੰਮਾਂ ‘ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਗਿੱਦੜਬਾਹਾ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਹਰਾ ਕੇ ਕਾਂਗਰਸ ਨੂੰ ਮੋੜਵਾਂ ਜਵਾਬ ਦਿੱਤਾ ਹੈ। ਤਿੰਨ ਸੀਟਾਂ ‘ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪਾਰਟੀਆਂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੀਆਂ ਰਹੀਆਂ ਹਨ।
ਗੁਰਦੀਪ ਬਾਠ ਦੀ ਬਗਾਵਤ ਕਾਰਨ ਬਰਨਾਲਾ ਸੀਟ ਹਾਰੇ : ਅਮਨ ਅਰੋੜਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਦੀਆਂ ਚਾਰ ਸੀਟਾਂ ‘ਤੇ ਹੋਈ ਜ਼ਿਮਨੀ ਚੋਣ ਦੌਰਾਨ ਵਿਧਾਨ ਸਭਾ ਹਲਕਾ ਬਰਨਾਲਾ ‘ਚ ਗੁਰਦੀਪ ਬਾਠ ਦੀ ਬਗ਼ਾਵਤ ਕਰ ਕੇ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰਦੀਪ ਸਿੰਘ ਬਾਠ ਨੂੰ ਦੋ ਵਾਰ ਜ਼ਿਲ੍ਹਾ ਪ੍ਰਧਾਨ ਤੇ ਯੋਜਨਾ ਬੋਰਡ ਦਾ ਚੇਅਰਮੈਨ ਬਣਾਇਆ। ਇਸ ਦੇ ਬਾਵਜੂਦ ਬਾਠ ਨੇ ਆਪਣੇ ਨਿੱਜੀ ਹਿੱਤਾਂ ਲਈ ਬਗਾਵਤ ਕੀਤੀ। ਇਸੇ ਬਗਾਵਤ ਕਾਰਨ ਬਰਨਾਲਾ ਵਿੱਚ ‘ਆਪ’ ਦੀਆਂ ਵੋਟਾਂ ਦੋ ਹਿੱਸਿਆਂ ‘ਚ ਵੰਡ ਗਈਆਂ ਤੇ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅਤੇ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਦੀਆਂ ਵੋਟਾਂ ਮਿਲਾਈਆਂ ਜਾਣ ਤਾਂ ਪਾਰਟੀ ਨੇ ਬਰਨਾਲਾ ਵਿੱਚ ਵੀ ਜਿੱਤ ਹਾਸਲ ਕਰਨੀ ਸੀ।
ਇਸ ਦੌਰਾਨ ਅਮਨ ਅਰੋੜਾ ਨੇ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀਆਂ ਚਾਰ ਸੀਟਾਂ ‘ਚੋਂ ਤਿੰਨ ਸੀਟਾਂ ‘ਤੇ ਜਿੱਤ ਦਿਵਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਪਾਰਟੀ ਦੀ ਸਫਲਤਾ ਨੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਹੁਣ ‘ਆਪ’ ਕੋਲ 117 ਵਿੱਚੋਂ 94 ਵਿਧਾਇਕ ਹੋ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਰ ਵੀ ਮਿਹਨਤ ਨਾਲ ਹੁਣ ਤੋਂ ਕੰਮ ਕੀਤਾ ਜਾਵੇਗਾ, ਜਿਸ ਸਦਕਾ ‘ਆਪ’ 2027 ਵਿੱਚ ਹੋਰ ਵੀ ਵੱਡੀ ਜਿੱਤ ਹਾਸਲ ਕਰੇਗੀ। ਇਸ ਮੌਕੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਹਰਭਜਨ ਸਿੰਘ ਈਟੀਓ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਦਵਿੰਦਰਜੀਤ ਸਿੰਘ ਸਿੰਘ ਲਾਡੀ ਢੋਸ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।

Check Also

ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ

ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …