Breaking News
Home / ਪੰਜਾਬ / ਕੈਪਟਨ ਨੇ ਮੋਗਾ ਦੇ ਐਸਐਸਪੀ ਕਮਲਜੀਤ ਢਿੱਲੋਂ ਨੂੰ ਅਹੁਦੇ ਤੋਂ ਕੀਤਾ ਤਬਦੀਲ

ਕੈਪਟਨ ਨੇ ਮੋਗਾ ਦੇ ਐਸਐਸਪੀ ਕਮਲਜੀਤ ਢਿੱਲੋਂ ਨੂੰ ਅਹੁਦੇ ਤੋਂ ਕੀਤਾ ਤਬਦੀਲ

ਢਿੱਲੋਂ ਦੀ ਥਾਂ ਗੁਰਪ੍ਰੀਤ ਸਿੰਘ ਤੂਰ ਮੋਗਾ ਦੇ ਐਸਐਸਪੀ ਨਿਯੁਕਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਗ੍ਰਸਤ ਪੁਲਿਸ ਅਫ਼ਸਰ ਕਮਲਜੀਤ ਸਿੰਘ ਢਿੱਲੋਂ ਨੂੰ ਐਸਐਸਪੀ ਮੋਗਾ ਦੇ ਅਹੁਦੇ ਤੋਂ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ। ਉਂਜ, ਉਨ੍ਹਾਂ ਦੀ ਥਾਂ ਲਾਏ ਗਏ ਪੁਲਿਸ ਅਫ਼ਸਰ ਜ਼ਿਆਦਾ ਸਮਾਂ ਅਕਾਲੀ-ਭਾਜਪਾ ਸਰਕਾਰ ਵੇਲੇ ਐਸਐਸਪੀ ਰਹੇ ਸਨ ਤੇ ਉਨ੍ਹਾਂ ਐਸਪੀ ਸਲਵਿੰਦਰ ਸਿੰਘ ਵੱਲੋਂ ਮਦਦ ਲਈ ਭੇਜੇ ਗਏ ਸੰਦੇਸ਼ ਵੱਲ ਤਵੱਜੋ ਨਹੀਂ ਦਿੱਤੀ ਸੀ ਕਿ ਉਸ ਨੂੰ ਦਹਿਸ਼ਤਗਰਦਾਂ ਨੇ ਅਗਵਾ ਕਰ ਲਿਆ ਹੈ ਤੇ ਉਸ ਤੋਂ ਬਾਅਦ ਪਠਾਨਕੋਟ ਏਅਰ ਸਟੇਸ਼ਨ ‘ਤੇ ਹਮਲਾ ਹੋ ਗਿਆ ਸੀ।
ਇਕ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਤਫ਼ਸੀਲੀ ਰਿਪੋਰਟ ਮਿਲਣ ਤੋਂ ਬਾਅਦ ਕਮਲਜੀਤ ਸਿੰਘ ਢਿੱਲੋਂ ਦੇ ਤਬਾਦਲੇ ਦੇ ਹੁਕਮ ਦਿੱਤੇ ਸਨ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦੇ ਖ਼ਿਲਾਫ਼ ਕੁਝ ਜਾਂਚਾਂ ਵਿੱਚ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ।
ਪਿਛਲੇ ਸਾਲ 40 ਲੱਖ ਦੀ ਰਿਕਵਰੀ ਵਿੱਚ ਮੋਗਾ ਦੇ ਤਤਕਾਲੀ ਐੱਸਐੱਸਪੀ ਢਿੱਲੋਂ ਦੀ ਭੂਮਿਕਾ ਪਰਦਾਫਾਸ਼ ਹੋਇਆ ਸੀ। ਸਰਕਾਰੀ ਤਰਜਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਅਤੇ ਗ੍ਰਹਿ ਵਿਭਾਗ ਨੂੰ ਇਨਕੁਆਰੀ ਦੇ ਆਧਾਰ ਉੱਤੇ ਤੁਰੰਤ ਐਕਸ਼ਨ ਲੈਣ ਲਈ ਹੁਕਮ ਦਿੱਤੇ ਹਨ। ਇਹ ਦੱਸਿਆ ਗਿਆ ਹੈ ਕਿ ਕਰਾਈਮ ਬਰਾਂਚ ਦੀ ਇਨਕੁਆਰੀ ਰਿਪੋਰਟ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰ ਪੁਲਿਸ ਵਿਭਾਗ ਵਿੱਚ ਇਸ ਸਬੰਧੀ ਕਾਰਵਾਈ ਬਕਾਇਆ ਪਈ ਹੈ।
ਮੋਗਾ ਦੇ ਨਵੇਂ ਐਸਐਸਪੀ ਵਜੋਂ ਗੁਰਪ੍ਰੀਤ ਸਿੰਘ ਤੂਰ ਦੀ ਚੋਣ ਬਾਰੇ ਬੋਲਦਿਆਂ ਸਰਕਾਰੀ ਤਰਜਮਾਨ ਨੇ ਉਨ੍ਹਾਂ ਨੂੰ ਈਮਾਨਦਾਰ ਤੇ ਤਜਰਬੇਕਾਰ ਅਫ਼ਸਰ ਕਰਾਰ ਦਿੱਤਾ। ਉਹ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਐਸਐਸਪੀ ਰਹਿ ਚੁੱਕੇ ਹਨ। ਉਹ 2004 ਬੈਚ ਦੇ ਆਈਪੀਐਸ ਅਫ਼ਸਰ ਹਨ, ਜੋ ਇਸ ਵੇਲੇ ਏਆਈਜੀ ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਵਜੋਂ ਤਾਇਨਾਤ ਹਨ। ਮੁੱਖ ਮੰਤਰੀ ਨੇ ਇਸੇ ਹਫ਼ਤੇ ਤੂਰ ਦੀ ਨਸ਼ੇੜੀਆਂ ਬਾਰੇ ਤਜਰਬਿਆਂ ਉਤੇ ਆਧਾਰਤ ਕਿਤਾਬ ਰਿਲੀਜ਼ ਕੀਤੀ ਸੀ।
ਇਸੇ ਦੌਰਾਨ ਮੁੱਖ ਮੰਤਰੀ ਨੇ ਦੁਹਰਾਇਆ ਕਿ ਨਸ਼ਿਆਂ ਪ੍ਰਤੀ ਕੋਈ ਢਿੱਲ-ਮੱਠ ਤੇ ਮਿਲੀ-ਭੁਗਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਡੀਜੀਪੀ ਤੇ ਗ੍ਰਹਿ ਵਿਭਾਗ ਨੂੰ ਹਦਾਇਤ ਦਿੱਤੀ ਕਿ ਕਿਸੇ ਵੀ ਪੁਲਿਸ ਅਧਿਕਾਰੀ ਖ਼ਿਲਾਫ਼ ਲੱਗਣ ਵਾਲੇ ਅਜਿਹੇ ਦੋਸ਼ਾਂ ਦੀ ਡੂੰਘੀ ਜਾਂਚ ਕੀਤੀ ਜਾਵੇ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ

ਕਿਹਾ : ਧਰਮਾਂ ਪ੍ਰਤੀ ਗਲਤ ਸੋਚ ਰੱਖਣ ਵਾਲਾ ਵਿਅਕਤੀ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ …