Breaking News
Home / ਪੰਜਾਬ / ਚੰਡੀਗੜ੍ਹ ‘ਚ ਲੁਕਿਆ ਸੀ ਦਿਲਪ੍ਰੀਤ, ਪੁਲਿਸ ਨੂੰ ਭਿਣਕ ਨਾ ਲੱਗੀ

ਚੰਡੀਗੜ੍ਹ ‘ਚ ਲੁਕਿਆ ਸੀ ਦਿਲਪ੍ਰੀਤ, ਪੁਲਿਸ ਨੂੰ ਭਿਣਕ ਨਾ ਲੱਗੀ

ਪੰਜਾਬ ਪੁਲਿਸ ਨੇ ਆ ਕੇ ਕੀਤਾ ਗ੍ਰਿਫਤਾਰ : ਪੁਲਿਸ ਨੂੰ ਵਰਗਲਾਉਣ ਲਈ ਫੇਸਬੁੱਕ ‘ਤੇ ਨਕਲੀ ਦਾੜ੍ਹੀ ਮੁੱਛਾਂ ਲਗਾ ਕੇ ਕਰਦਾ ਸੀ ਫੋਟੋਆਂ ਅਪਲੋਡ
ਚੰਡੀਗੜ੍ਹ : ਮੋਸਟ ਵਾਂਟਿਡ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਸੈਕਟਰ 38 ਦੇ ਮਕਾਨ ਨੰਬਰ 2567 ਨਿਵਾਸੀ ਰੁਪਿੰਦਰ ਕੌਰ ਕੋਲ ਰਹਿੰਦਾ ਸੀ। ਪਰ ਯੂਟੀ ਪੁਲਿਸ ਨੂੰ ਇਸਦੀ ਭਿਣਕ ਤੱਕ ਨਹੀਂ ਸੀ। ਫੇਸਬੁੱਕ ਦੇ ਮਾਧਿਅਮ ਅਤੇ ਹੋਰ ਵਾਰਦਾਤਾਂ ਵਿਚ ਦਿਲਪ੍ਰੀਤ ਹੁਣ ਤੱਕ ਦਸਤਾਰ ਅਤੇ ਲੰਬੀ ਦਾੜ੍ਹੀ ਮੁੱਛਾਂ ਰੱਖਿਆ ਹੋਇਆ ਨਜ਼ਰ ਆਉਂਦਾ ਰਿਹਾ। ਪਰ ਉਸਦੀ ਅਸਲ ਪਹਿਚਾਣ ਆਮ ਲੋਕਾਂ ਵਾਂਗ ਚਿਹਰੇ ‘ਤੇ ਹਲਕੀ ਦਾੜ੍ਹੀ ਅਤੇ ਛੋਟੇ ਵਾਲਾਂ ਵਾਲੀ ਹੈ। ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸਦੇ ਚਿਹਰੇ ‘ਤੇ ਹਲਕੀ ਦਾੜ੍ਹੀ ਅਤੇ ਸਿਰ ‘ਤੇ ਛੋਟੇ ਵਾਲ ਸਨ। ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਲੰਬੇ ਸਮੇਂ ਤੋਂ ਚੰਡੀਗੜ੍ਹ ਵਿਚ ਹੀ ਰਹਿੰਦਾ ਰਿਹਾ, ਪਰ ਯੂਟੀ ਪੁਲਿਸ ਦੇ ਸੀਆਈਡੀ ਵਿੰਗ, ਥਾਣਾ ਪੁਲਿਸ ਸਮੇਤ ਕ੍ਰਾਈਮ ਬ੍ਰਾਂਚ ਅਤੇ ਅਪਰੇਸ਼ਨ ਸੈਲ ਨੂੰ ਇਸਦੀ ਭਿਣਕ ਤੱਕ ਨਹੀਂ ਲੱਗੀ। ਦਿਲਪ੍ਰੀਤ ਦੀ ਸੈਕਟਰ 43 ਤੋਂ ਗ੍ਰਿਫਤਾਰੀ ਹੋਣ ‘ਤੇ ਸੈਕਟਰ 36 ਥਾਣਾ ਪੁਲਿਸ ਨੇ ਉਸਦੇ ਖਿਲਾਫ ਆਰਮਜ਼ ਐਕਟ ਅਤੇ ਹੱਤਿਆ ਦੇ ਯਤਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਹੈ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੈਕਟਰ 38 ਨਿਵਾਸੀ ਕਰੀਬ 37 ਸਾਲਾ ਰੁਪਿੰਦਰ ਕੌਰ ਅਤੇ ਨਵਾਂਸ਼ਹਿਰ ਦੇ ਵਾਹਿਗੁਰੂ ਨਗਰ ਨਿਵਾਸੀ ਉਸਦੀ ਸਕੀ ਭੈਣ ਕਰੀਬ 42 ਸਾਲਾ ਹਰਪ੍ਰੀਤ ਕੌਰ ਗੈਂਗਸਟਰ ਅਤੇ ਭਗੌੜੇ ਦੋਸਤ ਦਿਲਪ੍ਰੀਤ ਨੂੰ ਪਨਾਹ ਦਿੰਦੀਆਂ ਸਨ। ਪੁਲਿਸ ਨੇ ਦੋਵੇਂ ਭੈਣਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੂੰ ਪਹਿਚਾਣ ਬਦਲ ਕੇ ਧੋਖਾ ਦਿੰਦਾ ਰਿਹਾ ਗੈਂਗਸਟਰ
ਲੋਕਾਂ ਲਈ ਖੌਫ ਦਾ ਨਾਂ ਬਣ ਚੁੱਕਾ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਸਿਰ ‘ਤੇ ਦਸਤਾਰ ਸਜਾ ਅਤੇ ਨਕਲੀ ਦਾੜ੍ਹੀ ਮੁੱਛ ਲਗਾ ਕੇ ਹੀ ਫੇਸਬੁੱਕ ‘ਤੇ ਵੀਡੀਓ ਅਤੇ ਫੋਟੋਆਂ ਅਪਲੋਡ ਕਰਦਾ ਸੀ ਤਾਂ ਕਿ ਚੰਡੀਗੜ੍ਹ ਸਮੇਤ ਹੋਰ ਕਿਸੇ ਵੀ ਸੂਬੇ ਦੀ ਪੁਲਿਸ ਦੀਆਂ ਨਜ਼ਰਾਂ ਉਸ ਨੂੰ ਪਹਿਚਾਣ ਨਾ ਸਕਣ। ਪੁਲਿਸ ਪੁੱਛਗਿੱਛ ਵਿਚ ਪਤਾ ਲੱਗਾ ਕਿ ਆਰੋਪੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਦਾੜ੍ਹੀ ਮੁੱਛਾਂ ਅਤੇ ਵਾਲ ਕਟਵਾ ਚੁੱਕਾ ਸੀ।
ਇੰਝ ਦਿੱਤਾ ਐਨਕਾਊਂਟਰ ਨੂੰ ਅੰਜਾਮ
1.ਜਲੰਧਰ ਦਿਹਾਤੀ ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਦਿਲਪ੍ਰੀਤ ਉਰਫ ਬਾਬਾ ਚੰਡੀਗੜ੍ਹ ਦੇ ਨੇੜੇ-ਤੇੜੇ ਸਰਗਰਮ ਹੈ।
2.ਜਲੰਧਰ ਦੇ ਡੀਐਸਪੀ ਮੁਕੇਸ਼ ਕੁਮਾਰ, ਸੀਆਈਏ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਸਮੇਤ ਸਟੇਟ ਸਪੈਸ਼ਲ ਅਪਰੇਸ਼ਨ ਸੈਲ ਦੀ ਟੀਮ ਨੂੰ ਟੀਮ ਜੁਆਇਨ ਕਰਵਾਇਆ ਗਿਆ।
3.ਸਾਂਝੀ ਟੀਮ ਤਿਆਰ ਹੋਣ ‘ਤੇ ਡੀਐਸਪੀ ਤਜਿੰਦਰ ਸਿੰਘ ਸੰਧੂ, ਡੀਐਸਪੀ ਰਾਕੇਸ਼ ਯਾਦਵ, ਇੰਸਪੈਕਟਰ ਗੁਰਚਰਨ ਸਿੰਘ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਦੀ ਨਿਗਰਾਨੀ ਵਿਚ ਜਾਣਕਾਰੀ ਦੀ ਪੁਸ਼ਟੀ ‘ਤੇ ਸੈਕਟਰ 43 ਬੱਸ ਅੱਡੇ ‘ਤੇ ਟਰੈਪ ਲਗਾਇਆ ਗਿਆ।
4.ਦੁਪਹਿਰ ਕਰੀਬ ਸਵਾ ਬਾਰ੍ਹਾਂ ਵਜੇ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਮਾਰੂਤੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਪਹੁੰਚਿਆ।
5.ਪੁਲਿਸ ਕਰਮੀਆਂ ਨੇ ਦਿਲਪ੍ਰੀਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਫਰਾਰ ਹੋਣ ਦਾ ਯਤਨ ਕੀਤਾ ਅਤੇ ਉਸ ਦੌਰਾਨ ਸੀਆਈਏ ਚੰਡੀਗੜ੍ਹ ਦੇ ਇੰਚਾਰਜ ਦੀ ਕਾਰ ਉਸਦੀ ਗੱਡੀ ਨਾਲ ਟਕਰਾਈ।
6.ਦਿਲਪ੍ਰੀਤ ਕਾਰ ‘ਚੋਂ ਨਿਕਲ ਕੇ ਪੁਲਿਸ ਕਰਮਚਾਰੀਆਂ ‘ਤੇ ਫਾਇਰ ਕਰਦਾ ਹੋਇਆ ਦੌੜਨ ਲੱਗਾ। ਜਵਾਬੀ ਫਾਇਰਿੰਗ ਵਿਚ ਇਕ ਗੋਲੀ ਦਿਲਪ੍ਰੀਤ ਦੇ ਪੱਟ ਵਿਚ ਜਾ ਲੱਗੀ।
7.ਕਾਰ ‘ਚੋਂ ਵੱਡੀ ਮਾਤਰਾ ‘ਚ ਹਥਿਆਰ ਤੇ ਨਕਲੀ ਦਾੜ੍ਹੀ-ਮੁੱਛਾਂ ਸਮੇਤ ਹੋਰ ਸਮਾਨ ਮਿਲਿਆ।
ਗਾਇਕ ਪਰਮੀਸ਼ ਵਰਮਾ ‘ਤੇ ਹਮਲੇ ਤੋਂ ਬਾਅਦ ਗੈਂਗਸਟਰ ਆਇਆ ਸੀ ਸੁਰਖੀਆਂ ਵਿਚ
ਮੁਹਾਲੀ : ਗੈਂਗਸਟਰ ਦਿਲਪ੍ਰੀਤ ਸਿੰਘ ਕਰੀਬ ਤਿੰਨ ਮਹੀਨੇ ਤੋਂ ਮੁਹਾਲੀ ਪੁਲਿਸ ਲਈ ਪਹੇਲੀ ਬਣਿਆ ਹੋਇਆ ਸੀ। ਮੁਹਾਲੀ ਪੁਲਿਸ ਦੀਆਂ ਟੀਮਾਂ ਕਦੀ ਹਿਮਾਚਲ ਤੇ ਕਦੀ ਪਟਿਆਲਾ ਵਿਚ ਦਿਲਪ੍ਰੀਤ ਦੀ ਭਾਲ ਕਰ ਰਹੀਆਂ ਸਨ। ਆਰੋਪੀ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆ ਰਿਹਾ ਸੀ। ਪਰ ਸੋਮਵਾਰ ਨੂੰ ਜਿਵੇਂ ਹੀ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਅਪਰੇਸ਼ਨ ਤਹਿਤ ਉਸ ਨੂੰ ਚੰਡੀਗੜ੍ਹ ਵਿਚ ਦਬੋਚਿਆ ਤਾਂ ਉਸ ਤੋਂ ਬਾਅਦ ਮੁਹਾਲੀ ਪੁਲਿਸ ਨੇ ਸੁੱਖ ਦਾ ਸਾਹ ਲਿਆ। ਹੁਣ ਮੁਹਾਲੀ ਪੁਲਿਸ ਆਉਣ ਵਾਲੇ ਸਮੇਂ ਪ੍ਰੋਡਕਸ਼ਨ ਵਰੰਟ ‘ਤੇ ਲੈ ਕੇ ਆਏਗੀ। ਕਿਉਂਕਿ ਇਲਾਕੇ ਵਿਚ ਉਸ ‘ਤੇ ਦੋ ਕੇਸ ਦਰਜ ਹਨ। ਪੁਲਿਸ ਨੂੰ ਉਮੀਦ ਹੈ ਕਿ ਜਦ ਉਸ ਨੂੰ ਸ਼ਹਿਰ ਲਿਆਂਦਾ ਜਾਵੇਗਾ ਤਾਂ ਪੁੱਛਗਿੱਛ ਵਿਚ ਕਈ ਹੋਰ ਰਾਜ ਖੁੱਲ੍ਹਣਗੇ। ਪੰਜਾਬੀ ਐਕਟਰ, ਸਿੰਗਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ‘ਤੇ 13 ਅਪ੍ਰੈਲ ਦੀ ਰਾਤ ਨੂੰ ਜਾਨ ਲੇਵਾ ਹਮਲਾ ਹੋਇਆ ਸੀ। ਇਸ ਵਿਚ ਪਰਮੀਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਨੇ ਫੇਸਬੁੱਕ ‘ਤੇ ਇਸਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸਦੀ ਫੇਸਬੁੱਕ ਅਪਰੇਟ ਕਰਨ ਵਾਲੇ ਅਤੇ ਸ਼ਰਣ ਦੇਣ ਵਾਲੇ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪਰ ਹਰ ਵਾਰ ਦਿਲਪ੍ਰੀਤ ਗ੍ਰਿਫਤਾਰੀ ਤੋਂ ਬਚ ਜਾਂਦਾ ਸੀ। ਇੰਨਾ ਹੀ ਨਹੀਂ ਜਦ ਮੁਹਾਲੀ ਸੀਆਈਏ ਦੀ ਟੀਮ ਆਰੋਪੀ ਨੂੰ ਫੜਨ ਲਈ ਬੱਦੀ ਗਈ ਹੋਈ ਸੀ, ਉਥੇ ਦੋ ਗੁੱਟਾਂ ਵਿਚ ਝਗੜਾ ਹੋ ਗਿਆ ਸੀ। ਇਸ ਦੌਰਾਨ ਫਾਇਰਿੰਗ ਹੋ ਗਈ ਸੀ। ਨਾਲ ਹੀ ਮੁਹਾਲੀ ਪੁਲਿਸ ਦੇ ਜਵਾਨਾਂ ‘ਤੇ ਕੇਸ ਦਰਜ ਹੋ ਗਿਆ ਸੀ। ਇਸ ਤੋਂ ਬਾਅਦ ਜਦ ਪੂਰੀ ਪੁਲਿਸ ਟੀਮ ਡੇਰਾਬਸੀ ਵਿਚ ਸੀ, ਇਸ ਦੌਰਾਨ ਆਰੋਪੀ ਦੀ ਲੋਕੇਸ਼ਨ ਬਨੂੜ ਵਿਚ ਆਈ। ਜਦ ਪੁਲਿਸ ਪਟਿਆਲਾ ਪਹੁੰਚੇ ਤਾਂ ਉਥੋਂ ਵੀ ਆਰੋਪੀ ਫਰਾਰ ਹੋ ਗਿਆ ਸੀ।
ਸਤਨਾਮ ਕਤਲ ਅਤੇ ਪਰਮੀਸ਼ ਵਰਮਾ ‘ਤੇ ਫਾਇਰਿੰਗ ਮਾਮਲੇ ‘ਚ ਰਿਹਾ ਲੋੜੀਂਦਾ
ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ 38 ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਮਾਮਲੇ ਵਿਚ ਦਿਲਪ੍ਰੀਤ ਮੁੱਖ ਆਰੋਪੀ ਰਿਹਾ ਹੈ। ਅਪ੍ਰੈਲ ਮਹੀਨੇ ਵਿਚ ਪਰਮੀਸ਼ ਵਰਮਾ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੀ ਪੁਲਿਸ ਨੂੰ ਦਿਲਪ੍ਰੀਤ ਉਰਫ ਬਾਬਾ ਦੀ ਭਾਲ ਸੀ। ਜਲੰਧਰ ਪੁਲਿਸ ਨੂੰ ਦਿਲਪ੍ਰੀਤ ਦੀ 2014 ਵਿਚ 6 ਜੂਨ ਨੂੰ ਥਾਣਾ ਸ਼ਾਹਕੋਟ ਵਿਚ ਦਰਜ ਹੱਤਿਆ ਦੀ ਕੋਸ਼ਿਸ਼ ਮਾਮਲੇ ਵਿਚ ਭਾਲ ਸੀ।
ਸਾਥੀ ਗੈਂਗਸਟਰਾਂ ਨੂੰ ਕਰਦਾ ਰਿਹਾ ਨਸ਼ਾ ਸਪਲਾਈ
ਗੈਂਗਸਟਰ ਦਿਲਪ੍ਰੀਤ ਸਿੰਘ ਪੰਜਾਬ ਸਮੇਤ ਹੋਰ ਜਗ੍ਹਾ ‘ਤੇ ਰਹਿਣ ਵਾਲੇ ਆਪਣੇ ਸਾਥੀ ਗੈਂਗਸਟਰਾਂ ਨੂੰ ਚਿੱਟਾ, ਹੈਰੋਇਨ ਸਮੇਤ ਕਈ ਪ੍ਰਕਾਰ ਦੀ ਨਸ਼ਾ ਸਮੱਗਰੀ ਸਪਲਾਈ ਕਰਦਾ ਰਿਹਾ ਹੈ। ਪੁਲਿਸ ਨੂੰ ਉਸਦੀ ਕਾਰ ਵਿਚੋਂ ਵੀ ਫੋਇਲ ਪੇਪਰ, ਲਾਈਟਰ ਸਮੇਤ ਉਸਦੀ ਮਹਿਲਾ ਸਾਥੀ ਹਰਪ੍ਰੀਤ ਦੌਰ ਦੇ ਨਵਾਂਸ਼ਹਿਰ ਸਥਿਤ ਘਰ ਰੱਖੀ ਇਕ ਕਿਲੋਗਰਾਮ ਹੈਰੋਇਨ ਵੀ ਬਰਾਮਦ ਹੋਈ ਹੈ।
ਇਹ ਅਸਲਾ ਹੋਇਆ ਬਰਾਮਦ
ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗਸਟਰ ਦੀ ਕਾਰ ਵਿਚੋਂ ਇਕ ਤੀਹ ਬੋਰ ਦਾ ਪਿਸਤੌਲ, 28 ਕਾਰਤੂਸ, 12 ਬੋਰ ਦੇ 59 ਕਾਰਤੂਸ, ਇਕ ਕਾਰਤੂਸ ਪਾਉਣ ਵਾਲੀ ਬੈਲਟ, ਨਕਲੀ ਦਾੜ੍ਹੀ ਮੁੱਛ, ਦੋ ਜਾਅਲੀ ਨੰਬਰ ਪਲੇਟਾਂ, ਫੋਇਲ ਪੇਪਰ, ਲਾਈਟਰ, ਤਿੰਨ ਹਾਕੀਆਂ ਅਤੇ ਇਕ ਰਾਡ ਬਰਾਮਦ ਹੋਈ ਹੈ। ਦਿਲਪ੍ਰੀਤ ਲੰਬੇ ਸਮੇਂ ਤੋਂ ਚੰਡੀਗੜ੍ਹ ਵਿਚ ਆਪਣੀ ਜਾਣਕਾਰ ਰੁਪਿੰਦਰ ਕੌਰ ਕੋਲ ਰਹਿੰਦਾ ਸੀ। ਗੈਂਗਸਟਰ ਦਿਲਪ੍ਰੀਤ ਬਾਬਾ ਨੇ ਆਪਣੇ ਹਥਿਆਰ ਅਤੇ ਨਸ਼ਾ ਸਮੱਗਰੀ ਆਪਣੀ ਮਹਿਲਾ ਦੋਸਤ ਤੇ ਉਕਤ ਆਰੋਪੀ ਰੁਪਿੰਦਰ ਕੌਰ ਦੀ ਭੈਣ ਹਰਪ੍ਰੀਤ ਕੌਰ ਦੇ ਨਵਾਂਸ਼ਹਿਰ ਦੇ ਵਾਹਿਗੁਰੂ ਨਗਰ ਸਥਿਤ ਘਰ ਵਿਚ ਰੱਖੀ ਸੀ। ਹਰਪ੍ਰੀਤ ਕੌਰ ਵੀ ਦਿਲਪ੍ਰੀਤ ਨੂੰ ਲੰਬੇ ਸਮੇਂ ਤੋਂ ਪਨਾਹ ਦਿੰਦੀ ਰਹੀ ਹੈ। ਪੁਲਿਸ ਨੇ ਉਸਦੇ ਘਰ ਵਿਚੋਂ ਬੋਰ ਪੰਪ ਐਕਸ਼ਨ ਰਾਈਫਲ, ਇਕ ਪਿਸਟਲ ਸਮੇਤ 40 ਕਾਰਤੂਸ, ਇਕ ਕਿਲੋਗਰਾਮ ਹੈਰੋਇਨ, ਨਸ਼ਾ ਤੋਲਣ ਲਈ ਇਕ ਇਲੈਕਟ੍ਰੋਨਿਕ ਕੰਡਾ ਅਤੇ ਫੋਨ ਬਰਾਮਦ ਹੋਏ ਹਨ।
ਦਿਲਪ੍ਰੀਤ ਉਰਫ ਬਾਬਾ ‘ਤੇ ਪੰਜਾਬ ਵਿਚ ਦਰਜ ਹਨ 25 ਮਾਮਲੇ
ਰੋਪੜ : ਪੰਜਾਬ ਸਮੇਤ ਚੰਡੀਗੜ੍ਹ ਅਤੇ ਕਈ ਸੂਬਿਆਂ ਦੀ ਪੁਲਿਸ ਲਈ ਸਿਰਦਰਦੀ ਬਣੇ ਰੋਪੜ ਦੇ ਪਿੰਡ ਢਾਹਾਂ ਵਾਸੀ ਦਿਲਪ੍ਰੀਤ ਸਿੰਘ ਬਾਬਾ ਦੇ ਫੜੇ ਜਾਣ ਤੋਂ ਬਾਅਦ ਰੋਪੜ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ। ਪੁਲਿਸ ਨੂੰ ਸ਼ੱਕ ਸੀ ਕਿ ਦਿਲਪ੍ਰੀਤ ਸਿੰਘ ਪਿੰਡ ਢਾਡੀ ਵਿਚ ਰਹਿ ਰਹੀ ਆਪਣੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਆ ਸਕਦਾ ਹੈ।
ਪੁਲਿਸ ਦੀ ਸਖਤੀ ਦੇ ਕਾਰਨ ਹੀ ਦਿਲਪ੍ਰੀਤ ਆਪਣੇ ਪਿਤਾ ਦੀ ਮੌਤ ‘ਤੇ ਵੀ ਘਰ ਨਹੀਂ ਆ ਸਕਿਆ ਸੀ। ਨੂਰਪੁਰ ਬੇਦੀ ਇਲਾਕੇ ਸਮੇਤ ਕਈ ਖੇਤਰਾਂ ਵਿਚ ਪੁਲਿਸ ਦੀ ਪੱਕੀ ਨਾਕਾਬੰਦੀ ਦਿਲਪ੍ਰੀਤ ਦੇ ਕਾਰਨ ਹੀ ਕੀਤੀ ਗਈ ਸੀ। ਪਿਛਲੇ ਦਿਨਾਂ ਵਿਚ ਦਿਲਪ੍ਰੀਤ ਵਲੋਂ ਜ਼ਿਲ੍ਹੇ ਦੇ ਕਰੱਸ਼ਰ ਵਪਾਰੀ ਕੋਲੋਂ ਫਿਰੌਤੀ ਮੰਗੇ ਜਾਣ ਦੇ ਮਾਮਲੇ ਤੋਂ ਬਾਅਦ ਪੁਲਿਸ ਹੋਰ ਚੌਕਸ ਹੋ ਗਈ ਸੀ। ਦਿਲਪ੍ਰੀਤ ‘ਤੇ ਮਾਮਲਾ ਦਰਜ ਕਰਨ ਤੋਂ ਇਲਾਵਾ ਪੁਲਿਸ ਨੇ ਉਸਦੇ ਸੰਪਰਕ ਵਿਚ ਰਹਿਣ ਵਾਲੇ ਕੁਝ ਵਿਅਕਤੀਆਂ ਨੂੰ ਵੀ ਫੜਿਆ ਸੀ। ਉਸਦੇ ਨਿਸ਼ਾਨੇ ‘ਤੇ ਰਹਿਣ ਵਾਲੇ ਜ਼ਿਲ੍ਹੇ ਦੇ ਕੁਝ ਵਿਅਕਤੀਆਂ ਨੂੰ ਪੁਲਿਸ ਨੇ ਸੁਰੱਖਿਆ ਵੀ ਦਿੱਤੀ ਹੋਈ ਸੀ। ਪਿਛਲੇ ਦਿਨੀਂ ਵਿਧਾਇਕ ਅਮਰਜੀਤ ਸਿੰਘ ਸੰਦੋਆ ‘ਤੇ ਹਮਲਾ ਕਰਨ ਦੇ ਆਰੋਪੀ ਅਜਵਿੰਦਰ ਸਿੰਘ ਅਤੇ ਗੈਂਗਸਟਰ ਪਿੰਦਰੀ ਨੂੰ ਵੀ ਦਿਲਪ੍ਰੀਤ ਬਾਬਾ ਦੇ ਡਰ ਕਾਰਨ ਪੁਲਿਸ ਵਲੋਂ ਸੁਰੱਖਿਆ ਦਿੱਤੀ ਗਈ ਸੀ। ਦਿਲਪ੍ਰੀਤ ਸਿੰਘ ਬਾਬਾ ਖਿਲਾਫ ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਵਿਚ 25 ਮਾਮਲੇ ਦਰਜ ਹਨ ਅਤੇ ਇਹ ਪੁਲਿਸ ਰਿਕਾਰਡ ਵਿਚ ਏ ਕੈਟਾਗਰੀ ਦਾ ਗੈਂਗਸਟਰ ਹੈ। ਦਿਲਪ੍ਰੀਤ ‘ਤੇ ਕਤਲ ਸਮੇਤ ਇਰਾਦਾ-ਏ-ਕਤਲ, ਲੁੱਟ, ਐਨਡੀਪੀਸੀ ਐਕਟ ਦੇ ਤਹਿਤ ਕਈ ਮਾਮਲੇ ਦਰਜ ਹਨ। ਦਿਲਪ੍ਰੀਤ ‘ਤੇ ਸਭ ਤੋਂ ਪਹਿਲਾਂ 11 ਮਈ 2011 ਨੂੰ ਲੜਾਈ-ਝਗੜੇ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ 10 ਮਈ 2012 ਨੂੰ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਹੋਇਆ। 11 ਨਵੰਬਰ 2016 ਨੂੰ ਕਤਲ ਦਾ ਮਾਮਲਾ ਦਰਜ ਹੋਇਆ। ਦਿਲਪ੍ਰੀਤ ‘ਤੇ ਹੁਣ ਤੱਕ ਕਤਲ ਦੇ ਚਾਰ ਮਾਮਲੇ ਦਰਜ ਹੋਏ ਹਨ, ਜਦਕਿ ਇਰਾਦਾ-ਏ-ਕਤਲ ਦੇ ਅੱਠ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਲੁੱਟ, ਐਨਡੀਪੀਸੀ ਐਕਟ ਸਮੇਤ ਲੜਾਈ-ਝਗੜੇ ਦੇ ਲਗਭਗ 25 ਮਾਮਲੇ ਦਰਜ ਹਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਬਡਰੁੱਖਾਂ ਪਹੁੰਚ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ

ਸ਼ੋ੍ਰਮਣੀ ਅਕਾਲੀ ਦਲ ’ਤੇ ਵੀ ਕਸਿਆ ਤੰਜ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅੱਜ …