10.2 C
Toronto
Wednesday, April 29, 2026
spot_img
Homeਪੰਜਾਬਵਿਰੋਧੀ ਧਿਰਾਂ ਦੇ ਆਗੂਆਂ ਦਾ ਮਾਨਸਿਕ ਤਵਾਜ਼ਨ ਵਿਗੜਿਆ : ਭਗਵੰਤ ਮਾਨ

ਵਿਰੋਧੀ ਧਿਰਾਂ ਦੇ ਆਗੂਆਂ ਦਾ ਮਾਨਸਿਕ ਤਵਾਜ਼ਨ ਵਿਗੜਿਆ : ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਆਧੁਨਿਕ ਬੱਸ ਅੱਡੇ ਦਾ ਉਦਘਾਟਨ
ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਟਿਆਲਾ ਵਿੱਚ 61 ਕਰੋੜ ਦੀ ਲਾਗਤ ਨਾਲ ਬਣੇ ਅਤਿ ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਦੀ ਤਰਜ਼ ‘ਤੇ ਸੂਬੇ ‘ਚ ਹੋਰ ਬੱਸ ਅੱਡੇ ਵੀ ਉਸਾਰੇ ਜਾਣਗੇ।
ਜਲੰਧਰ ਜ਼ਿਮਨੀ ਚੋਣ ਵਿੱਚ ਮਿਲੀ ਜਿੱਤ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਾਸੀਆਂ ਨੇ ‘ਆਪ’ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਆਧਾਰ ‘ਤੇ ਅਕਾਲੀ ਦਲ, ਭਾਜਪਾ ਤੇ ਕਾਂਗਰਸੀ ਆਗੂਆਂ ਦੇ ਹੰਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਵਿਰੋਧੀ ਧਿਰਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਤਹਿਜ਼ੀਬ ਭੁੱਲ ਗਏ ਹਨ ਅਤੇ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠੇ ਹਨ। ਉਨ੍ਹਾਂ ਆਖਿਆ ਕਿ ਉਕਤ ਆਗੂ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੁੱਲ ਕੇ ਮੈਨੂੰ ਮੰਦਾ-ਚੰਗਾ ਬੋਲਦੇ ਰਹੇ ਪਰ ਪਹਾੜੀ ਸਕੂਲਾਂ ਵਿੱਚ ਪੜ੍ਹੇ ਇਹ ਆਗੂ, ਪੇਂਡੂ ਸਕੂਲਾਂ ਵਿੱਚ ਪੜ੍ਹੇ ਲੋਕਾਂ ਦੀ ਸਮਝਦਾਰੀ ਅੱਗੇ ਹਾਰ ਗਏ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਨਹਿਰਾਂ ਵਿੱਚ ਵਧੇਰੇ ਪਾਣੀ ਛੱਡਿਆ ਜਾਵੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ। ਸੁਖਬੀਰ ਸਿੰਘ ਬਾਦਲ ਬਾਰੇ ਪੁੱਛੇ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਮਸਲਿਆਂ ਅਤੇ ਸੂਬੇ ਦੀ ਰੂਹਾਨੀਅਤ ਦਾ ਪਤਾ ਹੀ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਬਾਰੇ ਉਨ੍ਹਾਂ ਕਿਹਾ ਕਿ ਉਹ ਹੁਣ ਉਨ੍ਹਾਂ ਦੀਆਂ ਗੱਲਾਂ ਦਾ ਕੀ ਜਵਾਬ ਦਈਏ, ਜਿਨ੍ਹਾਂ ਦੇ ਪੁਰਖਿਆਂ ਨੇ ਜਨਰਲ ਓ’ਡਵਾਇਰ ਨੂੰ ਉਸੇ ਸ਼ਾਮ ਆਪਣੇ ਘਰ ਰਾਤ ਦੇ ਭੋਜ ‘ਤੇ ਸੱਦਿਆ ਸੀ, ਜਿਸ ਦਿਨ ਉਸ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਬੇਗੁਨਾਹ ਭਾਰਤੀਆਂ ਨੂੰ ਕਤਲ ਕੀਤਾ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ‘ਚ ਲੰਬੀ ਕੋਲ ਮਹੂਆਣਾ ਵਿੱਚ ਇੱਕ ਹੀ ਡਰਾਈਵਿੰਗ ਸਕੂਲ ਬਣਾਇਆ ਗਿਆ ਹੈ, ਪਰ ਹੁਣ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਕ ਡਰਾਈਵਿੰਗ ਸਕੂਲ ਅਮਰਗੜ੍ਹ ਕੋਲ ਪਿੰਡ ਤੋਲੇਵਾਲ ਵਿੱਚ ਬਣਾਇਆ ਜਾਵੇਗਾ। ਇਸੇ ਤਰ੍ਹਾਂ ਮਾਝੇ ਤੇ ਦੁਆਬੇ ਵਿੱਚ ਵੀ ਡਰਾਈਵਿੰਗ ਸਕੂਲ ਬਣਾਏ ਜਾਣਗੇ।
‘ਆਪ’ ਸਰਕਾਰ ਦੇ ਕੰਮ ਦਿਖਾਉਣ ਭਗਵੰਤ ਮਾਨ : ਕੈਪਟਨ
ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਤਕਾਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਉਦਘਾਟਨ ਕਰਨ ਦੀ ਬਜਾਏ ਭਗਵੰਤ ਮਾਨ ‘ਆਪ’ ਸਰਕਾਰ ਵੱਲੋਂ ਕੀਤੇ ਗਏ ਨਵੇਂ ਕੰਮ ਦਿਖਾਉਣ। ਪਟਿਆਲਾ ਵਿੱਚ ਅਤਿ-ਆਧੁਨਿਕ ਬੱਸ ਅੱਡੇ ਦੇ ਉਦਘਾਟਨ ‘ਤੇ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਸਮੇਂ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਮੁੱਖ ਮੰਤਰੀ ਮਾਨ ਨੇ ਕੀਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਬਦਲਾਅ ਅਤੇ ਤਰੱਕੀ ਦੇ ਫਰਜ਼ੀ ਬਿਆਨਬਾਜ਼ੀ ਤੋਂ ਅਜੇ ਤੱਕ ਬਾਹਰ ਨਹੀਂ ਆਈ ਅਤੇ ਜ਼ਮੀਨ ‘ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ।

RELATED ARTICLES
POPULAR POSTS