Breaking News
Home / ਪੰਜਾਬ / ਪਟਿਆਲਾ ਸੀਟ ‘ਤੇ ਚੋਣ ਲੜਨ ‘ਚ ਸ਼ਾਹੀ ਘਰਾਣਾ ਮੋਹਰੀ

ਪਟਿਆਲਾ ਸੀਟ ‘ਤੇ ਚੋਣ ਲੜਨ ‘ਚ ਸ਼ਾਹੀ ਘਰਾਣਾ ਮੋਹਰੀ

ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ, ਅਜਿਹਾ ਲੋਕ ਸਭਾ ਹਲਕਾ ਹੈ, ਜਿਥੇ ਹੁਣ ਤੱਕ 16 ਵਾਰ ਹੋਈਆਂ ਲੋਕ ਸਭਾ ਚੋਣਾਂ ‘ਚੋਂ 11 ਵਾਰ ਸ਼ਾਹੀ ਘਰਾਣੇ ਨੇ ਕਿਸਮਤ ਅਜ਼ਮਾਈ ਹੈ। ਇਹ ਚੋਣਾਂ ਇਸ ਪਰਿਵਾਰ ਦੇ ਚਾਰ ਮੈਂਬਰਾਂ ਨੇ ਹੀ ਲੜੀਆਂ ਤੇ ਛੇ ਵਾਰ ਜਿੱਤ ਦਰਜ ਕੀਤੀ ਹੈ ਪਰ ਨਾਲ ਹੀ ਇਸ ਘਰਾਣੇ ਨੂੰ ਪੰਜ ਵਾਰ ਹਾਰ ਦਾ ਮੂੰਹ ਵੀ ਵੇਖਣਾ ਪਿਆ। ਇਸ ਤੋਂ ਇਲਾਵਾ ਇਸ ਪਰਿਵਾਰ ਨੇ ਪਟਿਆਲਾ ਤੋਂ ਇਲਾਵਾ ਵੀ ਦੋ ਹੋਰ ਥਾਂ ਤੋਂ ਚੋਣ ਲੜੀ ਹੈ ਜਿਸ ਕਾਰਨ ਚੋਣਾਂ ਲੜਨ ਦੀ ਗਿਣਤੀ 13 ਹੋ ਜਾਂਦੀ ਹੈ। ਸ਼ਾਹੀ ਘਰਾਣੇ ‘ਚੋਂ ਇਥੋਂ ਪਹਿਲੀ ਚੋਣ ਰਾਜ ਮਾਤਾ ਮਹਿੰਦਰ ਕੌਰ (ਕਾਂਗਰਸ) ਨੇ ਸਾਲ 1967 ‘ਚ ਲੜੀ ਤੇ ਜਿੱਤ ਹਾਸਲ ਕੀਤੀ ਸੀ। ਸਾਲ 1972 ‘ਚ ਉਹ ਕਾਂਗਰਸ ਦੇ ਵੱਖਰੇ ਧੜੇ ਵੱਲੋਂ ਲੜੇ ਤੇ ਤੀਜੇ ਨੰਬਰ ‘ਤੇ ਚਲੇ ਗਏ। ਉਹ ਦੋ ਵਾਰ ਰਾਜ ਸਭਾ ਮੈਂਬਰ ਵਜੋਂ ਵੀ ਜੇਤੂ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਪਲੇਠੀ ਚੋਣ ਸਾਲ 1977 ‘ਚ ਪਟਿਆਲਾ ਤੋਂ ਕਾਂਗਰਸ ਵੱਲੋਂ ਲੜੀ ਸੀ ਤੇ ਹਾਰ ਗਏ ਸਨ।
ਸਾਲ 1980 ‘ਚ ਉਹ ਜਿੱਤ ਕੇ ਪਹਿਲੀ ਵਾਰ ਐੱਮਪੀ ਬਣੇ ਤੇ ਫਿਰ ਸਾਲ 1984 ‘ਚ ਅਸਤੀਫ਼ਾ ਦੇ ਗਏ। ਸਾਲ 1998 ‘ਚ ਪਟਿਆਲਾ ਤੋਂ ਹੀ ਲੜੀ ਤੀਜੀ ਚੋਣ ‘ਚ ਉਹ ਹਾਰ ਗਏ ਸਨ। ਸਾਲ 2014 ‘ਚ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਕੋਲੋਂ ਕਰੀਬ ਇੱਕ ਲੱਖ ਵੋਟਾਂ ਨਾਲ ਜਿੱਤ ਕੇ ਪਰਤੇ ਸਨ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਪੰਜ ਵਾਰ ਲੋਕ ਸਭਾ ਚੋਣ ਲੜ ਕੇ, ਚਾਰ ਵਾਰ ਜਿੱਤ ਚੁੱਕੇ ਹਨ। ਇਕ ਵਾਰ ਕੇਂਦਰੀ ਮੰਤਰੀ ਵੀ ਬਣੇ। ਉਨ੍ਹਾਂ ਸਾਲ 1999, 2004, 2009, 2014 ਅਤੇ 2019 ਦੀਆਂ ਚੋਣ ਲੜੀਆਂ। 2014 ਨੂੰ ਛੱਡ ਕੇ ਬਾਕੀ ਚਾਰੇ ਚੋਣਾਂ ਜਿੱਤੀਆਂ। ਉਨ੍ਹਾਂ ਦੇ ਫਰਜ਼ੰਦ ਰਣਇੰਦਰ ਟਿੱਕੂ ਵੀ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਚੱਕੇ ਹਨ ਪਰ ਸਫ਼ਲਤਾ ਹੱਥ ਨਾ ਲੱਗੀ। ਸਾਲ 1985 ‘ਚ ਅਮਰਿੰਦਰ ਸਿੰਘ ਦੀ ਚਾਚੀ ਅਮਰਜੀਤ ਕੌਰ ਨੇ ਵੀ ਪਟਿਆਲਾ ਤੋਂ ਹੀ ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜੀ ਸੀ। ਪਰਿਵਾਰ ਨੇ 11 ਵਾਰ ਵਿਧਾਨ ਸਭਾ ਚੋਣ ਵੀ ਲੜੀ : ਇਸ ਪਰਿਵਾਰ ਨੇ 11 ਵਾਰ ਵਿਧਾਨ ਸਭਾ ਚੋਣਾਂ ਵੀ ਲੜੀਆਂ ਹਨ, ਜਿਨ੍ਹਾਂ ਵਿੱਚੋਂ 9 ਵਾਰ ਜਿੱਤ ਹਾਸਲ ਕੀਤੀ ਹੈ। ਪਰਿਵਾਰ ‘ਚ ਸਭ ਤੋਂ ਪਹਿਲੇ ਵਿਧਾਇਕ ਮਹਾਰਾਜਾ ਯਾਦਵਿੰਦਰ ਸਿੰਘ ਬਣੇ। ਕੈਪਟਨ ਨੇ ਵੀ ਸਿਆਸੀ ਜੀਵਨ ਦੀ ਸ਼ੁਰੂਆਤ ਪਿਤਾ ਵਾਲੇ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਨਾਲ ਹੀ ਕੀਤੀ ਸੀ ਪਰ ਆਜ਼ਾਦ ਤੌਰ ‘ਤੇ ਲੜੀ ਪਹਿਲੀ ਹੀ ਚੋਣ ਉਹ ਹਾਰ ਗਏ। ਉਨ੍ਹਾਂ ਵਿਧਾਨ ਸਭਾ ਦੀਆਂ ਕੁੱਲ 8 ਚੋਣਾਂ ਲੜੀਆਂ ਤੇ ਛੇ ਵਾਰ ਜਿੱਤ ਹਾਸਲ ਕਰਕੇ ਦੋ ਵਾਰ ਮੁੱਖ ਮੰਤਰੀ ਦੇ ਵਕਾਰੀ ਅਹੁਦੇ ਤੱਕ ਵੀ ਅੱਪੜੇ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …