ਸਿੱਧੂ ਜੋੜੇ ਨੂੰ ਮਿਲੀ ਕਲੀਨ ਚਿੱਟ
ਚੰਡੀਗੜ੍ਹ/ਬਿਊਰੋ ਨਿਊਜ਼ : ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਦੀ ਜਾਂਚ ਲਈ ਕਾਇਮ ਕੀਤੀ ਗਈ ਜਾਂਚ ਕਮੇਟੀ ਦੀ ਰਿਪੋਰਟ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਵੱਡੀ ਰਾਹਤ ਮਿਲ ਗਈ ਹੈ। ਮੈਜਿਸਟਰੇਟੀ ਜਾਂਚ ਕਰ ਰਹੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥਾ ਨੇ ਕਿਹਾ ਕਿ ਦਰਦਨਾਕ ਹਾਦਸੇ ਲਈ ਸਿੱਧੂ ਜੋੜਾ ਕਿਸੇ ਵੀ ਤਰ੍ਹਾਂ ਨਾਲ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਸਿਵਲ ਪ੍ਰਸ਼ਾਸਨ, ਮਿਊਂਸਪਲ ਕਾਰਪੋਰੇਸ਼ਨ, ਰੇਲਵੇ ਅਤੇ ਪੁਲਿਸ ਅਧਿਕਾਰੀਆਂ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ ਵਿਚ ਸਿੱਧੂ ਜੋੜੇ ਦੇ ਕਰੀਬੀ ਮਿਊਂਸਿਪਲ ਕੌਂਸਲਰ ਮਿੱਠੂ ਮਦਾਨ ਸਮੇਤ ਦੁਸਹਿਰਾ ਪ੍ਰਬੰਧਕਾਂ ਵੱਲ ਉਂਗਲ ਉਠਾਈ ਗਈ ਹੈ ਜਿਨ੍ਹਾਂ ਦੁਸਹਿਰਾ ਸਮਾਗਮ ਲਈ ਨਾ ਤਾਂ ਢੁੱਕਵੀਂ ਮਨਜ਼ੂਰੀ ਲਈ ਅਤੇ ਨਾ ਹੀ ਭੀੜ ਦਾ ਧਿਆਨ ਰੱਖਣ ਲਈ ਕੋਈ ਪ੍ਰਬੰਧ ਕੀਤਾ। ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਬਾਰੇ ਮੁੱਖ ਕਮਿਸ਼ਨਰ ਕੇ ਪਾਠਕ ਵੱਲੋਂ ਕੀਤੀ ਗਈ ਜਾਂਚ ਵਿਚ ਪਟੜੀ ‘ਤੇ ਖੜ੍ਹੇ ਲੋਕਾਂ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹੁਣ ਮੈਜਿਸਟਰੇਟੀ ਜਾਂਚ ਵਿਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀ ਹਾਦਸੇ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਲੋਕਾਂ ਦੇ ਪਟੜੀ ‘ਤੇ ਖੜ੍ਹੇ ਹੋਣ ਬਾਰੇ ਅਵੇਸਲੇ ਸਨ ਅਤੇ ਵੱਡੀ ਆਬਾਦੀ ਵਾਲੇ ਇਲਾਕੇ ਵਿਚ ਤੇਜ਼ ਰਫ਼ਤਾਰ ਨਾਲ ਗੱਡੀ ਜਾਣ ਦਿੱਤੀ ਗਈ। ਜੀਆਰਪੀ ਵੱਲੋਂ ਏਡੀਜੀਪੀ (ਰੇਲਵੇ) ਇੰਦਰਪ੍ਰੀਤ ਸਿੰਘ ਸਹੋਤਾ ਵੀ ਹਾਦਸੇ ਦੀ ਜਾਂਚ ਕਰ ਰਹੇ ਹਨ। ਤਿੰਨ ਸੌ ਸਫ਼ਿਆਂ ਦੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇਰੀ ਕਾਰਵਾਈ ਲਈ ਸੌਂਪੀ ਗਈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਰਿਪੋਰਟ ‘ਤੇ ਛੇਤੀ ਕਾਰਵਾਈ ਦਾ ਐਲਾਨ ਕਰਨਗੇ ਅਤੇ ਰਿਪੋਰਟ ਨੂੰ ਵੀ ਜਨਤਕ ਕੀਤੇ ਜਾਣ ਦੀ ਸੰਭਾਵਨਾ ਹੈ।
Check Also
ਨਵਜੋਤ ਸਿੱਧੂ ਨੇ ਰਾਸ਼ਟਰਪਤੀ ਮੁਰਮੂ ਨੂੰ ਲਿਖਿਆ ਪੱਤਰ
ਡਾ. ਮਨਮੋਹਨ ਸਿੰਘ ਦੀ ਰਾਜਘਾਟ ’ਚ ਯਾਦਗਾਰ ਬਣਾਉਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …