ਧੂਰੀ ਦੀ ਸ਼ੂਗਰ ਮਿੱਲ ਨੂੰ ਬੰਦ ਕਰਨ ਦਾ ਨੋਟਿਸ, ਵਿਰੋਧ ‘ਚ ਆਏ ਕਿਸਾਨ
4 ਜ਼ਿਲ੍ਹਿਆਂ ਦੇ 373 ਪਿੰਡਾਂ ਦੇ ਕਿਸਾਨ ਹੋਣਗੇ ਪ੍ਰਭਾਵਿਤ
ਸੰਗਰੂਰ/ਬਿਊਰੋ ਨਿਊਜ਼ : ਭਗਵਾਨਪੁਰਾ ਸ਼ੂਗਰ ਮਿੱਲ ਧੂਰੀ ਨੂੰ ਬੰਦ ਕੀਤੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਮਿੱਲ ਪ੍ਰਬੰਧਕਾਂ ਵਲੋਂ ਮਿੱਲ ਨੂੰ ਬੰਦ ਕਰਨ ਦਾ ਨੋਟਿਸ ਲਗਾ ਦਿੱਤਾ ਗਿਆ ਹੈ। ਇਸ ਨਾਲ ਚਾਰ ਜ਼ਿਲ੍ਹਿਆ ਦੇ 373 ਪਿੰਡਾਂ ਦੇ ਕਿਸਾਨਾਂ ਨੂੰ ਗੰਨਾ ਵੇਚਣ ਵਿਚ ਪ੍ਰੇਸ਼ਾਨੀ ਹੋਵੇਗੀ। ਇਸਦੇ ਚੱਲਦਿਆਂ ਗੰਨਾ ਸੰਘਰਸ਼ ਕਮੇਟੀ ਦੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਸਦੇ ਚੱਲਦਿਆਂ ਕਮੇਟੀ ਦੇ ਕਿਸਾਨਾਂ ਨੇ ਪ੍ਰਸ਼ਾਸਨ ਨਾਲ ਬੈਠਕ ਕਰਨ ਦੀ ਅਪੀਲ ਕੀਤੀ ਹੈ। ਚਿਤਾਵਨੀ ਦਿੱਤੀ ਗਈ ਹੈ ਕਿ ਮਿੱਲ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਮੇਟੀ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਬੈਠਕ ਵਿਚ ਕੇਨ ਕਮਿਸ਼ਨਰ ਪੰਜਾਬ ਰਾਕੇਸ਼ ਕੁਮਾਰ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਹਾਜ਼ਰ ਸਨ। ਗੰਨਾ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਭਗਵਾਨਪੁਰਾ ਸ਼ੂਗਰ ਮਿੱਲ ਵਿਚ ਸੰਗਰੂਰ, ਬਰਨਾਲਾ, ਮਾਲੇਰਕੋਟਲਾ ਅਤੇ ਨਾਭਾ ਦੇ 373 ਪਿੰਡਾਂ ਦੇ ਵਿਅਕਤੀ ਗੰਨੇ ਦੀ ਫਸਲ ਲੈ ਕੇ ਆਉਂਦੇ ਹਨ। ਜ਼ਿਲ੍ਹੇ ਵਿਚ ਕਰੀਬ 4 ਹਜ਼ਾਰ ਏਕੜ ਰਕਬੇ ਵਿਚ ਗੰਨੇ ਦੀ ਫਸਲ ਹੋ ਰਹੀ ਹੈ। ਪਰੰਤੂ ਵੇਚੇ ਗਏ ਗੰਨੇ ਦੀ ਅਦਾਇਗੀ ਦੇ ਲਈ ਕਿਸਾਨਾਂ ਨੂੰ ਹਰ ਵਾਰ ਸੰਘਰਸ਼ ਕਰਨਾ ਪੈ ਰਿਹਾ ਹੈ।
ਅਦਾਇਗੀ ਦੀ ਬਜਾਏ ਬੰਦ ਦਾ ਨੋਟਿਸ ਦੇਣਾ ਗਲਤ
ਕਿਸਾਨਾਂ ਨੇ ਕਿਹਾ ਕਿ ਬਕਾਏ ਦੀ ਅਦਾਇਗੀ ਦੀ ਬਜਾਏ ਮਿੱਲ ਪ੍ਰਬੰਧਕਾਂ ਨੇ ਮਿੱਲ ਨੂੰ ਬੰਦ ਕਰਨ ਦਾ ਨੋਟਿਸ ਲਗਾ ਦਿੱਤਾ ਹੈ। ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ। ਕਿਸਾਨਾਂ ਨੇ ਕਿਹਾ ਕਿ ਇਸਦੇ ਲਈ ਜੋ ਲੜਾਈ ਲੜਨੀ ਪਵੇਗੀ, ਉਸ ਲਈ ਉਹ ਤਿਆਰ ਹਨ। ਇਸ ਦੌਰਾਨ ਇਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਕੱਢਣ ਲਈ ਪ੍ਰੇਰਿਤ ਕਰ ਰਹੀ ਹੈ, ਦੂਜੇ ਪਾਸੇ ਸ਼ੂਗਰ ਮਿੱਲ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਮਿੱਲ ਨੁਕਸਾਨ ਵਿਚ ਜਾ ਰਹੀ ਹੈ ਤਾਂ ਇਸਦੀ ਨਿਲਾਮੀ ਕਰਕੇ ਨਵੇਂ ਉਦਯੋਗਪਤੀ ਨੂੰ ਦੇਣੀ ਚਾਹੀਦੀ ਹੈ। ਪਹਿਲਾਂ ਵੀ ਮਿੱਲ ਦੇ ਮਾਲਕ ਬਦਲਦੇ ਰਹੇ ਹਨ। ਜਾਂ ਸਰਕਾਰ ਨੂੰ ਮਿਲ ਦਾ ਪ੍ਰਬੰਧਨ ਆਪਣੇ ਹੱਥਾਂ ਵਿਚ ਲੈਣਾ ਚਾਹੀਦਾ ਹੈ। ਪ੍ਰਸ਼ਾਸਨ ਦਾ ਵਾਅਦਾ 17 ਮਾਰਚ ਤੱਕ ਮਸਲਾ ਹੱਲ ਹੋ ਜਾਵੇਗਾ : ਮੀਟਿੰਗ ਵਿਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਹੈ ਕਿ ਮਿੱਲ ਮਾਲਕਾਂ ਨਾਲ ਬੈਠਕ ਕਰਕੇ 17 ਮਾਰਚ ਤੱਕ ਮਾਮਲੇ ਦਾ ਹੱਲ ਕਰ ਦਿੱਤਾ ਜਾਵੇਗਾ। ਕਮੇਟੀ ਨੇ ਕਿਹਾ ਕਿ ਉਹ 17 ਮਾਰਚ ਤੱਕ ਪ੍ਰਸ਼ਾਸਨ ਦੇ ਫੈਸਲੇ ਦਾ ਇੰਤਜ਼ਾਰ ਕਰਨਗੇ, ਜੇਕਰ ਇਨਸਾਫ ਨਾ ਮਿਲਿਆ ਤਾਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਹੁਣ ਵੀ ਕਿਸਾਨਾਂ ਦਾ 21 ਕਰੋੜ 9 ਲੱਖ ਰੁਪਏ ਬਕਾਇਆ
ਕਿਸਾਨਾਂ ਦਾ ਮਿੱਲ ਵੱਲ 21 ਕਰੋੜ 9 ਲੱਖ ਰੁਪਏ ਬਕਾਇਆ ਖੜ੍ਹਾ ਹੈ। ਹਰ ਹਫਤੇ ਕਿਸਾਨਾਂ ਦੇ ਖਾਤੇ ਵਿਚ 3 ਕਰੋੜ ਰੁਪਏ ਪਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ 3 ਹਫਤੇ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਦੇ ਖਾਤੇ ਵਿਚ 5 ਕਰੋੜ ਰੁਪਏ ਆਏ ਹਨ। ਸੰਘਰਸ਼ ਦੇ ਦੌਰਾਨ 20 ਫਰਵਰੀ ਨੂੰ ਪ੍ਰਸ਼ਾਸਨ, ਸ਼ੂਗਰ ਮਿੱਲ ਪ੍ਰਬੰਧਕਾਂ ਅਤੇ ਕਿਸਾਨਾਂ ਵਿਚਕਾਰ ਸਮਝੌਤਾ ਹੋਇਆ ਸੀ। ਇਸ ਵਿਚ ਮਿੱਲ ਵੱਲ ਰਹਿੰਦੇ 26 ਕਰੋੜ ਰੁਪਏ ਦੀ ਅਦਾਇਗੀ 31 ਮਾਰਚ ਤੋਂ ਪਹਿਲਾਂ ਕਰਨ ਦਾ ਵਾਅਦਾ ਕੀਤਾ ਗਿਆ ਸੀ।