ਅਮਨ ਅਰੋੜਾ ਦੀਆਂ ਸ਼ਕਤੀਆਂ ਘਟਾਈਆਂ, ਲਾਲਜੀਤ ਤੇ ਜੌੜਾਮਾਜਰਾ ਨੂੰ ਵਾਧੂ ਜ਼ਿੰਮੇਵਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ‘ਤੇ ਅੱਧਾ ਦਰਜਨ ਕੈਬਨਿਟ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਇਕੱਠਿਆਂ ਅੱਧਾ ਦਰਜਨ ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਸ਼ਕਤੀਆਂ ਨੂੰ ਘਟਾ ਕੇ ਲਾਲਜੀਤ ਭੁੱਲਰ ਅਤੇ ਚੇਤਨ ਸਿੰਘ ਜੌੜਾਮਾਜਰਾ ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਅਮਨ ਅਰੋੜਾ ਕੋਲੋਂ ਘਰੇਲੂ ਅਤੇ ਸ਼ਹਿਰੀ ਵਿਕਾਸ ਵਿਭਾਗ ਆਪਣੇ ਕੋਲ ਲੈ ਲਿਆ ਹੈ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਚੇਤਨ ਸਿੰਘ ਜੌੜਾਮਾਜਰਾ ਦੇ ਹਵਾਲੇ ਕਰ ਦਿੱਤਾ ਹੈ। ਪ੍ਰਸ਼ਾਸਨਿਕ ਸੁਧਾਰ ਵਿਭਾਗ ਮੀਤ ਹੋਅਰ ਤੋਂ ਲੈ ਕੇ ਅਮਨ ਅਰੋੜਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀਆਂ ਦੇ ਵਿਭਾਗਾਂ ‘ਚ ਫੇਰਬਦਲ ਤੋਂ ਬਾਅਦ ਮੁੱਖ ਮੰਤਰੀ ਭਗੰਵਤ ਮਾਨ ਕੋਲ ਜਨਰਲ ਪ੍ਰਸ਼ਾਸਨ, ਗ੍ਰਹਿ ਮਾਮਲੇ ਤੇ ਨਿਆਂ, ਪ੍ਰਸੋਨਲ, ਵਿਜੀਲੈਂਸ, ਸਹਿਕਾਰਤਾ, ਇੰਡਸਟਰੀ ਤੇ ਕਾਮਰਸ, ਜੇਲ੍ਹਾਂ, ਕਾਨੂੰਨ ਤੇ ਵਿਧਾਨਕ ਮਾਮਲੇ, ਸਿਵਲ ਹਵਾਬਾਜ਼ੀ, ਘਰੇਲੂ ਅਤੇ ਸ਼ਹਿਰੀ ਵਿਕਾਸ ਵਿਭਾਗ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਨਵੀਨ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਿੰਟਿੰਗ ਤੇ ਸਟੇਸ਼ਨਰੀ, ਪ੍ਰਸ਼ਾਸਨਿਕ ਸੁਧਾਰ, ਰੁਜ਼ਗਾਰ ਉਤਪਤੀ ਤੇ ਟਰੇਨਿੰਗ, ਗੁਰਮੀਤ ਸਿੰਘ ਮੀਤ ਹੇਅਰ ਨੂੰ ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਵਿਗਿਆਨ, ਤਕਨੀਕ ਤੇ ਵਾਤਾਵਰਣ, ਖੇਡਾਂ ਤੇ ਯੂਥ ਸੇਵਾਵਾਂ, ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ, ਚੇਤਨ ਸਿੰਘ ਜੌੜਾਮਾਜਰਾ ਨੂੰ ਸੁਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਏ, ਬਾਗਬਾਨੀ, ਸੂਚਨਾ ਤੇ ਲੋਕ ਸੰਪਰਕ ਅਤੇ ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਕਿਰਤ ਤੇ ਪ੍ਰਾਹੁਣਚਾਰੀ ਵਿਭਾਗ ਦਿੱਤੇ ਗਏ ਹਨ। ਗੌਰਤਲਬ ਹੈ ਕਿ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਵਿੱਚ ਚੌਥੀ ਵਾਰ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਗਿਆ ਹੈ।