
ਚੰਡੀਗੜ੍ਹ, 19 ਫਰਵਰੀ:
ਪੰਜਾਬ ਦੇ ਖੇਤੀਬਾੜੀ ਸੈਕਟਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੀ ਦਿਸ਼ਾ ਵੱਲ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਤੀਬਾੜੀ-ਪ੍ਰੋਸੈਸਿੰਗ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸਥਾਪਿਤ ਤਿੰਨ ਪ੍ਰੋਸੈਸਿੰਗ ਯੂਨਿਟਾਂ ਵਿੱਚ ਵਿਆਪਕ ਵਿਸਥਾਰ ਕੀਤਾ ਹੈ।
ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਆਲਮਗੜ੍ਹ ਵਿਖੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੀ.ਏ.ਜੀ.ਆਰ.ਈ.ਐਕਸ.ਸੀ.ਓ.) ਵੱਲੋਂ ਸਥਾਪਤ ਕੀਤੀਆਂ ਗਈਆਂ ਤਿੰਨ ਅਹਿਮ ਵਿਸਥਾਰਤ ਯੂਨਿਟਾਂ ਦਾ ਉਦਘਾਟਨ ਕੀਤਾ। ਇਹਨਾਂ ਯੂਨਿਟਾਂ ਵਿੱਚ ਮਿਰਚ ਪ੍ਰੋਸੈਸਿੰਗ ਯੂਨਿਟ, ਸਿਟਰਸ ਪ੍ਰੋਸੈਸਿੰਗ ਯੂਨਿਟ ਅਤੇ ਹਾਈ-ਟੈਕ ਪ੍ਰੋਟੈਕਟਡ ਕਲਟੀਵੇਸ਼ਨ ਨਰਸਰੀ ਸ਼ਾਮਲ ਹੈ।
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਯੂਨਿਟਾਂ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਗੀਆਂ ਬਲਕਿ ਪੰਜਾਬ ਨੂੰ ਉੱਚ-ਮੁੱਲ ਵਾਲੇ ਪ੍ਰੋਸੈਸਡ ਭੋਜਨ ਉਤਪਾਦਾਂ ਲਈ ਇੱਕ ਵਿਸ਼ਵਵਿਆਪੀ ਕੇਂਦਰ ਵਜੋਂ ਵੀ ਸਥਾਪਿਤ ਕਰਨਗੀਆਂ।
ਇਸ ਖੇਤਰ ਦੇ ਮਿਰਚ ਉਤਪਾਦਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਪੀ.ਏ.ਜੀ.ਆਰ.ਈ.ਐਕਸ.ਸੀ.ਓ. ਵੱਲੋਂ ਆਲਮਗੜ੍ਹ ਵਿੱਚ ਆਪਣੇ ਮੌਜੂਦਾ ਫਲਾਂ ਅਤੇ ਸਬਜ਼ੀਆਂ ਦੇ ਪ੍ਰੋਸੈਸਿੰਗ ਪਲਾਂਟ ਵਿੱਚ ਇੱਕ ਨਵੀਂ ਅਤਿ-ਆਧੁਨਿਕ ਮਿਰਚ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 3 ਮੀਟ੍ਰਿਕ ਟਨ ਪ੍ਰਤੀ ਘੰਟਾ ਦੀ ਵਿਆਪਕ ਸਮਰੱਥਾ ਦੇ ਨਾਲ, ਇਹ ਯੂਨਿਟ ਯੂਨਿਟ ਦੀ ਕੁੱਲ ਮਿਰਚ ਪ੍ਰੋਸੈਸਿੰਗ ਸਮਰੱਥਾ ਨੂੰ 1 ਮੀਟਰਕ ਟਨ ਪ੍ਰਤੀ ਘੰਟਾ ਤੋਂ ਵਧਾ ਕੇ 4 ਮੀਟਰਕ ਟਨ ਪ੍ਰਤੀ ਘੰਟਾ ਕਰ ਦੇਵੇਗੀ।
ਮੰਤਰੀ ਨੇ ਕਿਹਾ ਕਿ ਇਸ ਯੂਨਿਟ ਵਿੱਚ ਲਾਲ ਅਤੇ ਹਰੀਆਂ ਮਿਰਚਾਂ ਦੋਵਾਂ ਨੂੰ ਖਾਸ ਤੌਰ ‘ਤੇ ਨਿਰਯਾਤ ਲਈ ਉੱਚ-ਗੁਣਵੱਤਾ ਵਾਲੇ ਫਰਮੈਂਟਡ ਅਤੇ ਅਨਫਰਮੈਂਟਡ ਮਿਰਚ ਪੇਸਟ ਵਿੱਚ ਪ੍ਰੋਸੈਸ ਕੀਤਾ ਜਾਵੇਗਾ। ਇਹ ਪਹਿਲਕਦਮੀ ਤਾਜ਼ੇ ਉਤਪਾਦਾਂ ਲਈ ਇੱਕ ਸਮਰਪਿਤ ਖਰੀਦ ਚੈਨਲ ਪ੍ਰਦਾਨ ਕਰੇਗੀ ਜਿਸ ਨਾਲ ਸਥਾਨਕ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਲਾਭ ਮਿਲੇਗਾ ਅਤੇ ਮਿਰਚਾਂ ਨੂੰ ਧੁੱਪ ਵਿੱਚ ਸੁਕਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਰ ਸੀਜ਼ਨ ਵਿੱਚ ਲਗਭਗ 6,500 ਮੀਟਰਕ ਟਨ ਮਿਰਚਾਂ ਦੀ ਪ੍ਰੋਸੈਸਿੰਗ ਕਰਕੇ, ਇਹ ਯੂਨਿਟ ਬਿਹਤਰ ਕੀਮਤ ਯਕੀਨੀ ਬਣਾਏਗੀ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ ਵਿੱਚ ਭਾਰੀ ਕਮੀ ਲਿਆਉਣ ਵਿੱਚ ਮਦਦ ਕਰੇਗੀ।
ਪੰਜਾਬ ਦੇ ਮਸ਼ਹੂਰ ਕਿੰਨੂ ਉਤਪਾਦਨ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਅਹਿਮ ਕਦਮ ਚੁੱਕਦਿਆਂ, ਪੀ.ਏ.ਜੀ.ਆਰ.ਈ.ਐਕਸ.ਸੀ.ਓ. ਵੱਲੋਂ ਆਪਣੀ ਸਿਟਰਸ ਪ੍ਰੋਸੈਸਿੰਗ ਯੂਨਿਟ ਵਿੱਚ ਵੱਡਾ ਤਕਨੀਕੀ ਅਪਗ੍ਰੇਡ ਕੀਤਾ ਗਿਆ ਹੈ। ਇਸ ਅਪਗ੍ਰੇਡੇਸ਼ਨ ਤਹਿਤ ਉੱਨਤ ਮਸ਼ੀਨਰੀ ਸ਼ਾਮਲ ਕੀਤੀ ਗਈ ਹੈ, ਜਿਸ ਵਿੱਚ ਇੱਕ ਡੀਐਸੀਡੀਫਿਕੇਸ਼ਨ ਯੂਨਿਟ, ਇੱਕ ਵਿਸ਼ੇਸ਼ ਸਿਟਰਸ ਪੀਲ ਆਇਲ ਐਕਸਟਰੈਕਸ਼ਨ ਯੂਨਿਟ ਅਤੇ ਇੱਕ ਡੀਬਿਟਰਿੰਗ ਯੂਨਿਟ ਸ਼ਾਮਲ ਹੈ।
ਸ. ਖੁੱਡੀਆਂ ਨੇ ਦੱਸਿਆ ਕਿ ਇਸ ਅਪਗ੍ਰੇਡੇਸ਼ਨ ਨਾਲ ਕਿੰਨੂ ਦੇ ਜੂਸ ਵਿੱਚ ਲਿਮੋਨਿਨ ਵਰਗੇ ਕੁਦਰਤੀ ਮਿਸ਼ਰਣਾਂ ਕਾਰਨ ਦੇਰੀ ਨਾਲ ਹੋਣ ਵਾਲੀ ਕੁੜੱਤਣ ਸਬੰਧੀ ਮੁੱਦੇ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਕੁੜੱਤਣ ਨੂੰ ਹਟਾ ਕੇ ਅਤੇ ਐਸੀਡਿਟੀ ਨੂੰ ਕੰਟਰੋਲ ਕਰਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੰਜਾਬ ਦਾ ਸਿਟਰਸ ਵਿਸ਼ਵਵਿਆਪੀ ਫਲੇਵਰ ਦੇ ਮਾਪਦੰਡਾਂ ‘ਤੇ ਖਰਾ ਉਤਰੇ। ਉਨ੍ਹਾਂ ਅੱਗੇ ਕਿਹਾ ਕਿ ਪੀਲ ਆਇਲ ਐਕਸਟਰੈਕਸ਼ਨ ਯੂਨਿਟ ਉਸ ਉਪਕਰਨ ਨੂੰ ਬਦਲ ਦੇਵੇਗੀ ਜੋ ਪਹਿਲਾਂ ਰਹਿੰਦ-ਖੂੰਹਦ ਨੂੰ ਉਚ ਮੁੱਲ ਵਾਲੇ ਉਤਪਾਦ ਡੀ-ਲਿਮੋਨਿਨ ਨਾਲ ਭਰਪੂਰ ਜ਼ਰੂਰੀ ਤੇਲ ਵਿੱਚ ਪ੍ਰੋਸੈਸ ਕਰ ਰਹੀ ਸੀ ਜਿਸਦੀ ਫੂਡ ਫਲੇਵਰ, ਕਾਸਮੈਟਿਕ ਅਤੇ ਫਾਰਮਾਸਿਊਟੀਕਲ ਉਦਯੋਗਾਂ ਵਿੱਚ ਭਾਰੀ ਮੰਗ ਹੈ। ਇਸ ਨਾਲ ਸੁਆਦ ਅਤੇ ਮੁਨਾਫ਼ਾ ਦੋਵਾਂ ਵਿੱਚ ਵਾਧਾ ਹੋਵੇਗਾ।
ਹਾਈ-ਟੈਕ ਨਰਸਰੀ ਨਾਲ ਸਬਜ਼ੀਆਂ ਦੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਬਾਰੇ ਗੱਲ ਕਰਦਿਆਂ, ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੀ.ਏ.ਜੀ.ਆਰ.ਈ.ਐਕਸ.ਸੀ.ਓ. ਵੱਲੋਂ ਆਲਮਗੜ੍ਹ ਵਿਖੇ ਇੱਕ ਨਵੀਂ ਹਾਈ-ਟੈਕ ਪ੍ਰੋਟੈਕਟਡ ਕਲਟੀਵੇਸ਼ਨ ਨਰਸਰੀ ਸਥਾਪਤ ਕੀਤੀ ਜਾ ਰਹੀ ਹੈ। ਇਹ ਯੂਨਿਟ ਕਾਰਪੋਰੇਸ਼ਨ ਦੀ ਸਾਲਾਨਾ ਬੀਜ ਉਤਪਾਦਨ ਸਮਰੱਥਾ ਨੂੰ 16 ਲੱਖ ਤੋਂ ਵਧਾ ਕੇ 40 ਲੱਖ ਬੂਟਿਆਂ (ਸੀਡਲਿੰਗਜ਼) ਤੱਕ ਪਹੁੰਚਾ ਦੇਵੇਗੀ।
ਮੰਤਰੀ ਨੇ ਕਿਹਾ ਕਿ ਸੁਚੱਜੀ ਬਿਜਾਈ ਅਤੇ ਜਲਵਾਯੂ-ਨਿਯੰਤਰਿਤ ਪੋਲੀਹਾਊਸਾਂ ਦੀ ਵਰਤੋਂ ਕਰਕੇ, ਇਹ ਨਰਸਰੀ ਸਬਜ਼ੀਆਂ ਦੇ ਇਕੋ ਜਿਹੇ ਅਤੇ ਸਿਹਤਮੰਦ ਬੂਟਿਆਂ ਦੀ ਪੈਦਾਵਾਰ ਕਰੇਗੀ। ਇਹ ਤਕਨਾਲੋਜੀ-ਅਧਾਰਤ ਪਹੁੰਚ ਰਵਾਇਤੀ ਪ੍ਰਣਾਲੀਆਂ ਵਿੱਚ ਮਹਿੰਗੇ ਹਾਈਬ੍ਰਿਡ ਬੀਜਾਂ ਨਾਲ ਸਬੰਧਤ ਪੌਦਿਆਂ ਦੀ ਮੌਤ ਦਰ ਨੂੰ ਘਟਾਉਂਦੀ ਹੈ। ਫੂਡ ਪ੍ਰੋਸੈਸਿੰਗ ਮੰਤਰੀ ਨੇ ਅੱਗੇ ਕਿਹਾ, “ਅਸੀਂ ਆਪਣੇ ਕਿਸਾਨਾਂ ਲਈ ਕਿਫਾਇਤੀ ਦਰਾਂ ‘ਤੇ ਉੱਚ-ਗੁਣਵੱਤਾ ਵਾਲੀ ਬਿਜਾਈ ਸਮੱਗਰੀ ਪਹੁੰਚਯੋਗ ਬਣਾ ਰਹੇ ਹਾਂ। ਇਹ ਉਨ੍ਹਾਂ ਦੀ ਲਾਗਤ ਨੂੰ ਘਟਾਏਗਾ ਅਤੇ ਬਿਹਤਰ ਫਸਲ ਨੂੰ ਯਕੀਨੀ ਬਣਾਏਗਾ ਜਿਸ ਨਾਲ ਸਬਜ਼ੀਆਂ ਦੀ ਕਾਸ਼ਤ ਵਿੱਚ ਉੱਚ ਉਤਪਾਦਕਤਾ ਅਤੇ ਮੁਨਾਫ਼ੇ ਲਈ ਰਾਹ ਪੱਧਰਾ ਹੋਵੇਗਾ।”
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਸਾਡੀ ਸਰਕਾਰ ਰਵਾਇਤੀ ਖੇਤੀ ਤੋਂ ਪਰੇ ਵੱਧ ਮੁਨਾਫੇ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾ ਰਹੀ ਹੈ। ਇਹ ਪ੍ਰੋਜੈਕਟ ਵਾਢੀ ਤੋਂ ਬਾਅਦ ਦੇ ਨੁਕਸਾਨ ਤੋਂ ਲੈ ਕੇ ਕੀਮਤਾਂ ਵਿੱਚ ਅਸਥਿਰਤਾ ਤੱਕ ਸਾਡੇ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਬਾਜ਼ਾਰ ਨਾਲ ਸਿੱਧਾ ਸਬੰਧ ਯਕੀਨੀ ਬਣਾ ਕੇ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾ ਕੇ ਹੱਲ ਕਰਨ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹਨ।” ਉਨ੍ਹਾਂ ਕਿਹਾ ਕਿ ਪੀ.ਏ.ਜੀ.ਆਰ.ਈ.ਐਕਸ.ਸੀ.ਓ. ਦੀਆਂ ਪਹਿਲਕਦਮੀਆਂ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਇੱਕ ਅਧਿਆਇ ਦਾ ਆਰੰਭ ਹਨ ਜੋ ਟਿਕਾਊ ਵਿਕਾਸ ਲਈ ਰਾਹ ਪੱਧਰਾ ਕਰਦੀਆਂ ਹਨ ਅਤੇ ਵਿਸ਼ਵਵਿਆਪੀ ਖੇਤੀਬਾੜੀ ਬਾਜ਼ਾਰਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੀਆਂ ਹਨ।

