ਟੈਰਿਫਾਂ ਕਾਰਨ ਉਨਟਾਰੀਓ ਦੇ ਕਈ ਉਦਯੋਗ ਚੁਣੌਤੀਆਂ ਦਾ ਕਰ ਰਹੇ ਹਨ ਸਾਹਮਣਾ
ਓਟਵਾ/ਪ੍ਰਭਜੋਤ ਸਿੰਘ (Local Journalism Initiative Reporter) :
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਟੀਲ, ਮਹੱਤਵਪੂਰਨ ਖਣਿਜਾਂ ਅਤੇ ਆਟੋ ਉਦਯੋਗ ਨੂੰ ਮਜ਼ਬੂਤ ਕਰਨ ਲਈ 8.7 ਅਰਬ ਡਾਲਰ ਦੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਅਮਰੀਕੀ ਟੈਰਿਫਾਂ ਕਾਰਨ ਉਨਟਾਰੀਓ ਦੇ ਕਈ ਉਦਯੋਗ ਵਪਾਰਕ ਚੁਣੌਤੀਆਂ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।
ਆਟੋ ਉਦਯੋਗ ਲਈ 2.5 ਅਰਬ ਡਾਲਰ : ਫੈਡਰਲ ਅਤੇ ਉਨਟਾਰੀਓ ਸਰਕਾਰਾਂ ਮਿਲ ਕੇ ਦੋ ਸਾਲਾਂ ਦੌਰਾਨ ਆਟੋ ਉਦਯੋਗ ਲਈ 2.5 ਅਰਬ ਡਾਲਰ ਖਰਚਣਗੀਆਂ। ਇਸ ਵਿੱਚੋਂ 1.5 ਅਰਬ ਡਾਲਰ ਸੰਘੀ ਸਰਕਾਰ ਅਤੇ ਇੱਕ ਅਰਬ ਡਾਲਰ ਸੂਬਾਈ ਸਰਕਾਰ ਦੇਵੇਗੀ। ਇਸ ਰਕਮ ਨਾਲ ਇਲੈਕਟ੍ਰਿਕ ਵਾਹਨਾਂ ਅਤੇ ਨਵੀਆਂ ਤਕਨੀਕਾਂ ਨਾਲ ਲੈਸ ਗੱਡੀਆਂ ਦੇ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਮਾਰਕ ਕਾਰਨੀ ਨੇ ਕਿਹਾ ਕਿ ਉੱਤਰੀ ਅਮਰੀਕਾ ਦੇ ਆਟੋ ਉਦਯੋਗ ਨੂੰ ਮਜ਼ਬੂਤ ਕਰਨਾ ਅਤੇ ਕਾਮਿਆਂ ਲਈ ਚੰਗੀਆਂ ਨੌਕਰੀਆਂ ਪੈਦਾ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਦੀ ਬਦਲੀ ਹੋਈ ਪਹੁੰਚ ਕਾਰਨ ਕੈਨੇਡਾ ਨੂੰ ਵੀ ਆਪਣੀ ਰਣਨੀਤੀ ਬਦਲਣੀ ਪਵੇਗੀ।
ਸਟੀਲ ਉਦਯੋਗ ਲਈ ਪੰਜ ਅਰਬ ਡਾਲਰ : ਸਟੀਲ ਉਦਯੋਗ ਵਾਸਤੇ ਪੰਜ ਸਾਲਾਂ ਵਿੱਚ ਪੰਜ ਅਰਬ ਡਾਲਰ ਦਾ ਸਾਂਝਾ ਕਾਰਜ ਫੰਡ ਬਣਾਇਆ ਜਾਵੇਗਾ। ਇਸ ਵਿੱਚ ਫੈਡਰਲ ਸਰਕਾਰ 3.55 ਅਰਬ ਡਾਲਰ ਅਤੇ ਉਨਟਾਰੀਓ ਸਰਕਾਰ 1.67 ਅਰਬ ਡਾਲਰ ਦੇਵੇਗੀ। ਇਸ ਰਕਮ ਨਾਲ ਫੈਕਟਰੀਆਂ ਦੇ ਉਪਕਰਨ ਆਧੁਨਿਕ ਬਣਾਉਣ, ਉਤਪਾਦਨ ਵਧਾਉਣ ਅਤੇ ਨਵੇਂ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਵਿੱਚ ਮਦਦ ਮਿਲੇਗੀ।
ਖਣਿਜਾਂ ਵਾਲੇ ਖੇਤਰ ਵਿੱਚ ਸੜਕ ਲਈ ਇੱਕ ਅਰਬ ਡਾਲਰ : ਸੰਘੀ ਸਰਕਾਰ ਅਗਲੇ ਤਿੰਨ ਸਾਲਾਂ ਦੌਰਾਨ ਰਿੰਗ ਆਫ ਫਾਇਰ ਖੇਤਰ ਵਿੱਚ ਸੜਕਾਂ ਦੇ ਵਿਕਾਸ ਲਈ ਇੱਕ ਅਰਬ ਡਾਲਰ ਖਰਚੇਗੀ। ਇਹ ਖੇਤਰ ਮਹੱਤਵਪੂਰਨ ਖਣਿਜਾਂ ਦੇ ਭੰਡਾਰਾਂ ਲਈ ਜਾਣਿਆ ਜਾਂਦਾ ਹੈ। ਡੱਗ ਫੋਰਡ ਅਨੁਸਾਰ, ਇਨ੍ਹਾਂ ਖਣਿਜਾਂ ਦਾ ਵਿਕਾਸ ਕੈਨੇਡਾ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਦੋਵੇਂ ਸਰਕਾਰਾਂ ਖਾਨਾਂ ਖੋਲ੍ਹਣ ਦੀਆਂ ਮਨਜ਼ੂਰੀਆਂ ਦੀ ਪ੍ਰਕਿਰਿਆ ਵਿੱਚ ਤਾਲਮੇਲ ਵਧਾਉਣਗੀਆਂ। ਕਾਰਨੀ ਨੇ ਦੱਸਿਆ ਕਿ ਉਨਟਾਰੀਓ ਵਿੱਚ ਨਵੀਂ ਖਾਣ ਖੋਲ੍ਹਣ ਦੀ ਪ੍ਰਕਿਰਿਆ ਇਤਿਹਾਸਕ ਤੌਰ ‘ਤੇ 15 ਸਾਲ ਤੋਂ ਵੱਧ ਸਮਾਂ ਲੈ ਸਕਦੀ ਹੈ।
ਮਾਰਕ ਕਾਰਨੀ ਤੇ ਡੱਗ ਫੋਰਡ ਦਾ 8.7 ਅਰਬ ਡਾਲਰ ਦਾ ਉਦਯੋਗਿਕ ਪੈਕੇਜ, ਅਮਰੀਕੀ ਟੈਰਿਫਾਂ ਦਾ ਹੋਵੇਗਾ ਟਾਕਰਾ
RELATED ARTICLES

