ਟੋਰਾਂਟੋ, ਓਟਾਵਾ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਧਰਤੀ ‘ਤੇ ਸਾਰੇ ਮਹਾਦੀਪਾਂ ਤੋਂ ਵਿਦਿਆਰਥੀ ਵਜੋਂ ਵੱਡੀ ਗਿਣਤੀ ਨੌਜਵਾਨ ਲੜਕੇ ਅਤੇ ਲੜਕੀਆਂ ਪੁੱਜ ਰਹੇ ਹਨ। ਇਮੀਗ੍ਰੇਸ਼ਨ ਮੰਤਰਾਲੇ ਦੇ ਅੰਕੜਿਆਂ ਮੁਤਾਬਿਕ ਇਸ ਸਮੇਂ ਉਨ੍ਹਾਂ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਿਖਰ ‘ਤੇ ਹੈ। ਟੋਰਾਂਟੋ ‘ਚ ਭਾਰਤ ਦੀ ਕੌਂਸਲ ਜਨਰਲ ਅਪੂਰਵਾ ਸ੍ਰੀਵਾਸਤਵਾ ਨੇ ਪਿਛਲੇ ਦਿਨੀਂ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੋਣ ਕਾਰਨ ਮੈਂ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਗੁਜਰਾਤ, ਦਿੱਲੀ, ਹਰਿਆਣਾ, ਰਾਜਸਥਾਨ, ਕਰਨਾਟਕ, ਮਹਾਰਾਸ਼ਟਰ ਆਦਿਕ ਰਾਜਾਂ ਤੋਂ ਵੀ ਵਿਦਿਆਰਥੀਆਂ ਦਾ ਝੁਕਾਅ ਕੈਨੇਡਾ ਵੱਲ ਵਧ ਰਿਹਾ ਹੈ। 2018 ‘ਚ ਜਿਨ੍ਹਾਂ 20 ਦੇਸ਼ਾਂ ‘ਚੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ ਗਏ ਸਨ, ਉਨ੍ਹਾਂ ‘ਚ ਭਾਰਤ ਤੋਂ 172625 ਸਨ, ਜੋ ਹੋਰ ਦੇਸ਼ਾਂ ਤੋਂ ਗਏ ਕੁੱਲ ਵਿਦਿਆਰਥੀਆਂ ਦਾ 30 ਫੀਸਦੀ ਤੋਂ ਜ਼ਿਕਰਯੋਗ ਹੈ। ਚੀਨ ਦਾ ਨੰਬਰ ਦੂਸਰਾ ਹੈ ਜਿੱਥੋਂ 2018 ਦੌਰਾਨ 142985 ਵਿਦਿਆਰਥੀਆਂ ਕੈਨੇਡਾ ‘ਚ ਪੜ੍ਹਨ ਦਾ ਵੀਜ਼ਾ ਲੈ ਕੇ ਗਏ। ਸਾਊਥ ਕੋਰੀਆ, ਫਰਾਂਸ, ਵੀਅਤਨਾਮ, ਅਮਰੀਕਾ, ਬ੍ਰਾਜ਼ੀਲ, ਨਾਏਜੀਰੀਆ, ਈਰਾਨ, ਜਾਪਾਨ, ਮੈਕਸੀਕੋ, ਬੰਗਲਾਦੇਸ਼, ਸਾਊਦੀ ਅਰਬ, ਫਿਲਪਾਈਨ, ਤਾਇਵਾਨ, ਤੁਰਕੀ, ਹਾਂਗਕਾਂਗ, ਕੋਲੰਬੀਆ, ਪਾਕਿਸਤਾਨ ਅਤੇ ਬਰਤਾਨੀਆ ਉਨ੍ਹਾਂ 20 ਦੇਸ਼ਾਂ ‘ਚ ਸ਼ਾਮਿਲ ਹਨ, ਜਿੱਥੋਂ ਸਭ ਤੋਂ ਵੱਧ ਵਿਦਿਆਰਥੀਆਂ ਦਾ ਝੁਕਾਅ ਕੈਨੇਡਾ ਵੱਲ ਹੈ। ਲੰਘੇ 20 ਕੁ ਸਾਲਾਂ ਦੌਰਾਨ ਕੈਨੇਡਾ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 1 ਲੱਖ ਤੋਂ 5 ਗੁਣਾ ਤੱਕ ਵਧ ਕੇ ਲਗਪਗ 520000 ਹੋ ਗਈ। ਪਿਛਲੇ ਸਾਲ ਪਾਕਿਸਤਾਨ ਤੋਂ 3965 ਵਿਦਿਆਰਥੀ ਕੈਨੇਡਾ ਪੁੱਜੇ ਸਨ, ਜੋ ਅਗਲੇ ਸਾਲਾਂ ਦੌਰਾਨ 10 ਗੁਣਾ ਤੋਂ ਵੀ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿਉਂਕਿ ਜੁਲਾਈ 2019 ‘ਚ ਕੈਨੇਡਾ ਸਰਕਾਰ ਨੇ ਪਾਕਿਸਤਾਨ ਦੇ ਵਿਦਿਆਰਥੀਆਂ ਨੂੰ ਭਾਰਤ, ਚੀਨ, ਫਿਲਪਾਈਨ, ਮਰਾਕੋ, ਸ਼ੈਨੇਗਾਲ ਅਤੇ ਵੀਅਤਨਾਮ ਦੇ ਨਾਲ ‘ਸਟੂਡੈਂਟ ਡ੍ਰੈਕਟ ਸਟਰੀਮ’ (ਐਸ.ਡੀ.ਐਸ.) ‘ਚ ਸ਼ਾਮਿਲ ਕਰ ਦਿੱਤਾ ਸੀ, ਜਿਸ ਰਾਹੀਂ ਵਿਦਿਆਰਥੀਆਂ ਦੀ ਵੀਜ਼ਾ ਅਰਜ਼ੀ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ 20 ਕੁ ਦਿਨਾਂ ‘ਚ ਕਰ ਦਿੱਤਾ ਜਾਂਦਾ ਹੈ, ਭਾਵ ਵੀਜ਼ਾ ਨਾਂਹ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …