ਸਮੱਸਿਆਵਾਂ ਦੇ ਹੱਲ ਲਈ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਵੱਲੋਂ ਪੰਜਾਬ ਦੇ ਵਿਕਾਸ, ਖ਼ਾਸ ਕਰਕੇ ਸਿੱਖਿਆ ਤੇ ਵਾਤਾਵਰਨ ਦੇ ਖੇਤਰਾਂ ਵਿੱਚ ਕੰਮ ਕਰਨ ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇੱਥੇ ਭਾਰਤੀ ਸਫ਼ਾਰਤਖਾਨੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉੱਘੇ ਸਿੱਖ ਅਮਰੀਕੀ ਕਾਰੋਬਾਰੀ ਗੈਰੀ ਗਰੇਵਾਲ ਨੇ ਪਿਛਲੇ ਹਫ਼ਤੇ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨਾਲ ਹੋਈ ਭਾਈਚਾਰੇ ਦੀ ਪਹਿਲੀ ਡਿਜੀਟਲ ਮੀਟਿੰਗ ਤੋਂ ਬਾਅਦ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਵਿੱਚ ਰਹਿੰਦੇ ਸਿੱਖ ਪੰਜਾਬ ਦੇ ਵਿਕਾਸ ਵਿੱਚ ਨਿਵੇਸ਼ ਕਰਨ ਦੇ ਇੱਛੁਕ ਹਨ। ਸੰਧੂ ਨਾਲ ਹੋਈ ਇਸ ਡਿਜੀਟਲ ਮੀਟਿੰਗ ਵਿੱਚ ਦੇਸ਼ ਭਰ ਤੋਂ 100 ਦੇ ਕਰੀਬ ਉੱਘੇ ਸਿੱਖ ਆਗੂਆਂ ਨੇ ਸ਼ਮੂਲੀਅਤ ਕੀਤੀ। ਇਹ ਮੀਟਿੰਗ ਭਾਈਚਾਰੇ ਨਾਲ ਸੰਪਰਕ ਕਰਨ ਦੇ ਉਪਰਾਲਿਆਂ ਤਹਿਤ ਕੀਤੀ ਗਈ ਸੀ। ਇਸ ਦੌਰਾਨ ਗਰੇਵਾਲ ਨੇ ਕਿਹਾ ਕਿ ਸੰਧੂ ਹੋਰਾਂ ਨੇ ਸਾਨੂੰ ਹੋਰ ਚੰਗੇ ਕੰਮ ਕਰਨ ਲਈ ਪ੍ਰੇਰਿਆ।
ਰੱਬ ਦੀ ਇੱਥੇ ਸਾਡੇ ‘ਤੇ ਪੂਰੀ ਮਿਹਰ ਹੈ ਤਾਂ ਸਾਨੂੰ ਉਸ ਨੂੰ ਹੋਰਨਾਂ ਨਾਲ ਸਾਂਝੀ ਕਰਨਾ ਚਾਹੀਦਾ ਹੈ, ਵਿਦਿਆਰਥੀਆਂਨੂੰ ਵਜ਼ੀਫਿਆਂ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਇਸ ਦੌਰਾਨ ਕਾਫੀ ਵਿਚਾਰ-ਚਰਚਾ ਹੋਈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਸਬੰਧੀ ਵੀ ਭਾਈਚਾਰੇ ਦੇ ਕਈ ਮੈਂਬਰਾਂ ਨੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ। ਈਕੋਸਿੱਖ ਦੇ ਪ੍ਰਧਾਨ ਅਤੇ ਕੌਮੀ ਸਿੱਖ ਮੁਹਿੰਮ ਦੇ ਸਹਿ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ ਕਿ ਪਰਵਾਸੀ ਪੰਜਾਬੀ ਤੇ ਸਿੱਖ ਭਾਈਚਾਰਾ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਅਤੇ ਰਾਜ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਉੱਘੇ ਅਮਰੀਕੀ ਸਿੱਖ ਸੁਰਜੀਤ ਸਿੱਧੂ, ਕੁਲਦੀਪ ਸਿੰਘ ਪਾਬਲਾ, ਸਿੱਖ ਫਾਊਂਡੇਸ਼ਨ ਦੇ ਟਰੱਸਟੀ ਤੇ ਕੂਪਰਟੀਨੋ ਦੇ ਫਾਈਨ ਆਰਟਸ ਕਮਿਸ਼ਨਰ ਸੋਨੀਆ ਧਾਮੀ ਆਦਿ ਆਗੂਆਂ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …