ਤਿੰਨ ਵਿਦਿਆਰਥੀਆਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖਮੀ
ਈਸਟ ਲੈਂਸਿੰਗ (ਅਮਰੀਕਾ)/ਬਿਊਰੋ ਨਿਊਜ਼ : ਅਮਰੀਕਾ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਾਪਰਦੀਆਂ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਲੰਘੀ ਦੇਰ ਰਾਤ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ’ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਯੂਨੀਵਰਸਿਟੀ ’ਚ ਇਕ ਅਣਪਛਾਤੇ ਨੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ 3 ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੇ ’ਤੇ ਯੂਨੀਵਰਸਿਟੀ ’ਚ ਪਹੁੰਚੀ ਪੁਲਿਸ ਨੇ ਡਰੇ ਹੋਏ ਵਿਦਿਆਰਥੀਆਂ ਅਤੇ ਹੋਰਨਾਂ ਨੂੰ ਲੁਕਣ ਦੀ ਅਪੀਲ ਕੀਤੀ। ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਬਰਕੀ ਹਾਲ ਅਤੇ ਆਈਐਮ ਈਸਟ ਸੈਂਟਰ ’ਚ ਇਹ ਗੋਲੀਬਾਰੀ ਦੀ ਘਟਨਾ ਵਾਪਰੀ। ਇਨ੍ਹਾਂ ਦੋਵੇਂ ਥਾਵਾਂ ਵਿਚਾਲੇ ਲਗਭਗ 1 ਕਿਲੋਮੀਟਰ ਦਾ ਫਾਸਲਾ ਦੱਸਿਆ ਜਾ ਰਿਹਾ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਰਾਤੀਂ 8 ਵਜੇ ਐਮਰਜੈਂਸੀ ਨੰਬਰ ’ਤੇ ਗੋਲੀਬਾਰੀ ਦੀ ਸੂਚਨਾ ਮਿਲੀ, ਜਿਸ ਤੋਂ 10 ਮਿੰਟ ਬਾਅਦ ਯੂਨੀਵਰਸਿਟੀ ’ਚ ਫਿਰ ਤੋਂ ਗੋਲੀ ਚੱਲੀ। ਅਮਰੀਕਨ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਅੰਜ਼ਾਮ ਦੇਣ ਵਾਲੇ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਅਤੇ ਉਸਦੀ ਮਿ੍ਰਤਕ ਦੇਹ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਮਿਲੀ। ਜਦਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ’ਚ ਮੌਜੂਦ ਪੁਲਿਸ ਵੱਲੋਂ ਸ਼ੱਕੀ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ ਸੀ। ਪੁਲਿਸ ਅਨੁਸਾਰ ਹਮਲਾਵਰ ਛੋਟੇ ਕੱਦ ਦਾ ਕਾਲਾ ਹੈ ਅਤੇ ਉਸ ਨੇ ਲਾਲ ਬੂਟ, ਜੈਕਟ ਅਤੇ ਟੋਪੀ ਪਹਿਨੀ ਹੋਈ ਸੀ।