ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ 3 ਏਅਰ ਕਰਾਫਟ ਅਤੇ ਇਕ ਫਿਊਲ ਟੈਂਕ ਹੋਇਆ ਤਬਾਹ
ਅਟਾਰੀ/ਬਿਊਰੋ ਨਿਊਜ਼ : ਉਤਰੀ ਪਾਕਿਸਤਾਨ ਦੇ ਮੀਆਂਵਾਲੀ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਬੇਸ ’ਤੇ ਛੇ ਅੱਤਵਾਦੀਆਂ ਵਲੋਂ ਅੱਜ ਸਵੇਰੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਹਮਲੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਗਈਆਂ ਹਨ। ਪਾਕਿਸਤਾਨੀ ਫੌਜ ਨੇ ਦੱਸਿਆ ਕਿ ਹਮਲੇ ਦੇ ਜਵਾਬ ’ਚ ਤਿੰਨ ਹਮਲਾਵਰ ਮਾਰੇ ਗਏ। ਰਿਪੋਰਟਾਂ ਅਨੁਸਾਰ ਤਾਲਿਬਾਨ ਨਾਲ ਜੁੜੇ ਸਮੂਹ ਤਹਿਰੀਕ-ਏ-ਜੇਹਾਦ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲਾਵਰਾਂ ਨੇ ਏਅਰਬੇਸ ਦੀਆਂ ਕੰਡਿਆਲੀਆਂ ਕੰਧਾਂ ਵਿਚ ਦਾਖ਼ਲ ਹੋਣ ਲਈ ਪੌੜੀ ਦੀ ਵਰਤੋਂ ਕੀਤੀ ਅਤੇ ਉਹ ਆਧੁਨਿਕ ਹਥਿਆਰਾਂ ਨਾਲ ਲੈਸ ਸਨ। ਰਿਪੋਰਟਾਂ ਅਨੁਸਾਰ ਹਮਲੇ ਵਿਚ ਏਅਰ ਫੋਰਸ ਬੇਸ ਦੇ ਅੰਦਰ ਖੜ੍ਹੇ ਕਈ ਜਹਾਜ਼ ਤਬਾਹ ਹੋ ਗਏ। ਪਾਕਿਸਤਾਨੀ ਫੌਜ ਨੇ ਇਸ ਨੂੰ ਅਸਫ਼ਲ ਅੱਤਵਾਦੀ ਹਮਲਾ ਦੱਸਿਆ ਹੈ। ਫ਼ੌਜ ਨੇ ਕਿਹਾ ਕਿ ਇਲਾਕੇ ਨੂੰ ਖ਼ਾਲੀ ਕਰਵਾਉਣ ਲਈ ਮੁਹਿੰਮ ਜਾਰੀ ਹੈ। ਇਸ ਸੰਬੰਧੀ ਕਈ ਪਾਕਿਸਤਾਨੀ ਪੱਤਰਕਾਰਾਂ ਦੀਆਂ ਰਿਪੋਰਟਾਂ ਅਤੇ ਵੀਡੀਓ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਕਥਿਤ ਤੌਰ ’ਤੇ ਬੰਦੂਕਧਾਰੀਆਂ ਨੇ ਏਅਰਬੇਸ ’ਤੇ ਹਮਲਾ ਕੀਤਾ, ਜਿਸ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ।