ਹੁਣ ਤੱਕ 141 ਵਿਅਕਤੀਆਂ ਦੀ ਗਈ ਜਾਨ
ਦਿੱਲੀ/ਬਿਊਰੋ ਨਿਊਜ਼ : ਨੇਪਾਲ ’ਚ ਲੰਘੀ ਦੇਰ ਰਾਤ ਲਗਭਗ 11 ਵਜ ਕੇ 32 ’ਤੇ 6.4 ਦੀ ਤੀਬਰਤਾ ਵਾਲਾ ਭੂਚਾਲ ਆਇਆ ਅਤੇ ਇਸ ਭੂਚਾਲ ਕਾਰਨ ਲੰਘੀ ਦੇਰ ਰਾਤ ਹੀ 37 ਵਿਅਕਤੀਆਂ ਦੀ ਮੌਤ ਦੀ ਖਬਰ ਆਈ ਸੀ। ਕਾਠਮੰਡੂ ਮੀਡੀਆ ਦੀਆਂ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਸਵੇਰ ਤੱਕ ਮੌਤਾਂ ਦਾ ਇਹ ਅੰਕੜਾ 141 ਤੱਕ ਪਹੁੰਚ ਗਿਆ ਹੈ ਅਤੇ ਸੈਂਕੜੇ ਘਰਾਂ ਦੇ ਨੁਕਸਾਨ ਦੀ ਵੀ ਖਬਰ ਸਾਹਮਣੇ ਆਈ ਹੈ। ਜਦਕਿ ਇਸ ਸਬੰਧੀ ਕੋਈ ਅਧਿਕਾਰਤ ਤੌਰ ’ਤੇ ਸਰਕਾਰੀ ਅੰਕੜਾ ਪੇਸ਼ ਨਹੀਂ ਕੀਤਾ ਗਿਆ। ਨੇਪਾਲੀ ਮੀਡੀਆ ਅਨੁਸਾਰ ਭੂਚਾਲ ਦਾ ਮੁੱਖ ਕੇਂਦਰ ਕਾਠਮੰਡੂ ਤੋਂ 331 ਕਿਲੋਮੀਟਰ ਦੂਰ ਉਤਰ-ਪੱਛਮ ’ਚ 10 ਕਿਲੋਮੀਟਰ ਜ਼ਮੀਨ ਦੇ ਹੇਠਾਂ ਦੱਸਿਆ ਗਿਆ ਹੈ। ਜਾਜਰਕੋਟ ਅਤੇ ਰੁਕੁਮ ਪੱਛਮੀ ਜ਼ਿਲ੍ਹੇ ’ਚ ਭੂਚਾਲ ਦਾ ਅਸਰ ਸਭ ਤੋਂ ਜ਼ਿਆਦਾ ਦੇਖਿਆ ਗਿਆ, ਜਿੱਥੇ ਹੁਣ ਤੱਕ 105 ਅਤੇ 36 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਸਥਿਤੀ ਦਾ ਜਾਇਜ਼ਾ ਲੈਣ ਲਈ ਰਾਜਕੋਟ ਪਹੁੰਚ ਚੁੱਕੇ ਹਨ। ਇਸ ਭੂਚਾਲ ਦਾ ਅਸਰ ਭਾਰਤ ਵਿਚ ਦੇਖਣ ਨੂੰ ਮਿਲਿਆ ਜਿਵੇਂ ਕਿ ਦਿੱਲੀ ਐਨ ਸੀ ਆਰ ਤੋਂ ਇਲਾਵਾ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਦਕਿ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ।