ਕਿਹਾ, ਰੋਸ ਪ੍ਰਦਰਸ਼ਨ ਦੀ ਮਨਜੂਰੀ ਕਿਸ ਨੇ ਦਿੱਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਥੀ ਕੈਬਨਿਟ ਮੰਤਰੀਆਂ ਵੱਲੋਂ ਉਪ ਰਾਜਪਾਲ ਨਿਵਾਸ ਦੇ ਅੰਦਰ ਧਰਨਾ ਦੇਣ ਦੇ ਮਾਮਲੇ ਵਿਚ ਹਾਈਕੋਰਟ ਨੇ ਦਿੱਲੀ ਸਰਕਾਰ ਦੀ ਖਿਚਾਈ ਕਰਦਿਆਂ ਜਵਾਬਤਲ਼ਬੀ ਕੀਤੀ ਹੈ। ਉੱਚ ਅਦਾਲਤ ਨੇ ਪੁੱਛਿਆ ਹੈ ਕਿ ਇਸ ਰੋਸ ਪ੍ਰਦਰਸ਼ਨ ਦੀ ਮਨਜ਼ੂਰੀ ਕਿਸ ਨੇ ਦਿੱਤੀ। ਉੱਚ ਅਦਾਲਤ ਨੇ ਕਿਹਾ ਕਿ ਧਰਨੇ ਜਾਂ ਹੜਤਾਲਾਂ ਮਹੱਤਵਪੂਰਨ ਇਮਾਰਤਾਂ ਦੇ ਬਾਹਰ ਹੁੰਦੀਆਂ ਹਨ ਨਾ ਕਿ ਕਿਸੇ ਦੇ ਕੰਮ ਵਾਲੀ ਥਾਂ ਜਾਂ ਰਿਹਾਇਸ਼ ਉਤੇ। ਜਸਟਿਸ ਏ.ਕੇ. ਚਾਵਲਾ ਤੇ ਨਵੀਨ ਚਾਵਲਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਬਾਰੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਇਹ ਸਵਾਲ ਕੀਤਾ ਜਦਕਿ ਦਿੱਲੀ ਦੇ ਆਈਏਐੱਸ ਅਧਿਕਾਰੀਆਂ ਦੀ ‘ਅਣਐਲਾਨੀ ਹੜਤਾਲ’ ਬਾਰੇ ਵੀ ਇਕ ਪਟੀਸ਼ਨ ਦੀ ਸੁਣਵਾਈ ਕੀਤੀ ਗਈ।ਦਿੱਲੀ ਸਰਕਾਰ ਦੇ ਵਕੀਲ ਨੇ ਬੈਂਚ ਵੱਲੋਂ ਕੀਤੀ ਟਿੱਪਣੀ ਦੇ ਜਵਾਬ ਵਿੱਚ ਕਿਹਾ ਕਿ ਕੇਜਰੀਵਾਲ ਅਤੇ ਸਾਥੀ ਮੰਤਰੀਆਂ ਨੇ ਰੋਸ ਪ੍ਰਦਰਸ਼ਨ ਦਾ ਫ਼ੈਸਲਾ ਨਿੱਜੀ ਪੱਧਰ ‘ਤੇ ਲਿਆ ਸੀ ਅਤੇ ਉਨ੍ਹਾਂ ਨੂੰ ਇਸ ਦਾ ਸੰਵਿਧਾਨਕ ਹੱਕ ਹੈ। ਵਕੀਲ ਨੇ ਕਿਹਾ ਕਿ ਸਰਕਾਰ ਦੀਆਂ ਨਿਯਮਿਤ ਵਿਭਾਗੀ ਬੈਠਕਾਂ ਵਿੱਚ ਹਾਜ਼ਰ ਹੋਣ ਲਈ ਹਦਾਇਤ ਜਾਰੀ ਕੀਤੀਆਂ ਜਾਂਦੀਆਂ ਹਨ ਤੇ ਆਈਏਐੱਸ ਅਧਿਕਾਰੀਆਂ ਨੇ ਵੀ ਮੀਡੀਆ ਅੱਗੇ ਮੰਨਿਆ ਸੀ ਕਿ ਉਹ ‘ਰੁਟੀਨ’ ਬੈਠਕਾਂ ਵਿੱਚ ਨਹੀਂ ਜਾਂਦੇ। ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਅਧਿਕਾਰੀਆਂ ਦੇ ਹੱਕ ਵਿੱਚ ਖੜ੍ਹੀ ਨਜ਼ਰ ਆਈ ਤੇ ਕੇਂਦਰ ਦੇ ਵਕੀਲ ਨੇ ਅਦਾਲਤ ਨੂੰ ਕੇਜਰੀਵਾਲ ਤੇ ਸਾਥੀਆਂ ਨੂੰ ਰਾਜ ਨਿਵਾਸ ਤੋਂ ਧਰਨਾ ਚੁੱਕਣ ਬਾਰੇ ਹਦਾਇਤ ਜਾਰੀ ਕਰਨ ਲਈ ਕਿਹਾ। ਇਸੇ ਦੌਰਾਨ ਦਿੱਲੀ ਦੇ ਆਈਏਐੱਸ ਅਧਿਕਾਰੀਆਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਦਿੱਤੇ ਭਰੋਸਾ ਦਾ ਸਵਾਗਤ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮੁੱਦੇ ਉਤੇ ਮੁੱਖ ਮੰਤਰੀ ਨਾਲ ਅਧਿਕਾਰਤ ਤੌਰ ‘ਤੇ ਬੈਠਕ ਕਰਨ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਮੁੱਖ ਮੰਤਰੀ ਨਿਵਾਸ ‘ਤੇ ਮੁੱਖ ਸਕੱਤਰ ਉਤੇ ਹੋਏ ਹਮਲੇ ਦੇ ਦੋਸ਼ ਕਥਿਤ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਉਤੇ ਲੱਗੇ ਸਨ, ਜਿਸ ਮਗਰੋਂ ਅਧਿਕਾਰੀਆਂ ਅਤੇ ਸਰਕਾਰ ਵਿੱਚ ਟਕਰਾਅ ਵਾਲਾ ਮਾਹੌਲ ਬਣਿਆ ਹੋਇਆ ਸੀ।ਇਹ ਪਟੀਸ਼ਨ ਭਾਜਪਾ ਵਿਧਾਇਕ ਦਲ ਤੇ ਨੇਤਾ ਵਜਿੰਦਰ ਗੁਪਤਾ ਵੱਲੋਂ ਸੰਸਦ ਮੈਂਬਰ ਪ੍ਰਵੇਸ਼ ਵਰਮਾ ਤੇ ਹੋਰਨਾਂ ਵਿਧਾਇਕਾਂ ਨਾਲ ਸਾਂਝੇ ਤੌਰ ‘ਤੇ ਪਾਈ ਗਈ ਸੀ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਕੋਈ ਅੰਤ੍ਰਿਮ ਹੁਕਮ ਨਾ ਜਾਰੀ ਕਰਕੇ ਅਗਲੀ ਸੁਣਵਾਈ 22 ਜੂਨ ‘ਤੇ ਪਾ ਦਿੱਤੀ।ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਭੁੱਖ ਹੜਤਾਲ ਉੱਤੇ ਬੈਠੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਲੋਕ ਨਾਇਕ ਹਸਪਤਾਲ ਵਿਚ ਦਾਖ਼ਲ ਕਰਾਉਣ ਪਿਆ ਹੈ। ਹਸਪਤਾਲ ਦੇ ਡਾਕਟਰਾਂ ਮੁਤਾਬਕ ਦੋਵਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਰੀਰ ਵਿੱਚ ਕੋਟੀਨ ਦਾ ਪੱਧਰ ਕਾਫ਼ੀ ਜ਼ਿਆਦਾ ਹੋ ਗਿਆ ਸੀ ਤੇ ਭਾਰ ਵੀ 4 ਦਿਨਾਂ ਦੌਰਾਨ 3.7 ਕਿੱਲੋ ਤੱਕ ਘਟਿਆ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …