ਮੈਲਬਰਨ : ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਇਕ ਔਰਤ ਦੇ ਕਤਲ ਮਾਮਲੇ ਵਿਚ ਲੋੜੀਂਦੇ ਪੰਜਾਬੀ ਵਿਅਕਤੀ ਰਾਜਵਿੰਦਰ ਸਿੰਘ ਦੀ ਸੂਹ ਦੇਣ ਵਾਲੇ ਨੂੰ 5 ਕਰੋੜ 31 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। 38 ਸਾਲਾ ਰਾਜਵਿੰਦਰ ਸਿੰਘ ਦੇ ਭਾਰਤ ਵਿਚ ਛੁਪੇ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਉਸ ‘ਤੇ ਆਸਟਰੇਲੀਅਨ ਔਰਤ ਦਾ ਕਤਲ ਕਰਨ ਦਾ ਆਰੋਪ ਹੈ, ਜਿਸ ਦੀ ਭਾਲ ‘ਚ ਕੁਈਨਜ਼ਲੈਂਡ ਪੁਲਿਸ ਤਿੰਨ ਜਾਸੂਸ ਵੀ ਭਾਰਤ ਪਹੁੰਚ ਗਏ ਹਨ। ਉਹ ਇਥੋਂ ਦੀਆਂ ਏਜੰਸੀਆਂ ਦੀ ਮਦਦ ਨਾਲ ਰਾਜਵਿੰਦਰ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਵਿੰਦਰ ਸਿੰਘ ਕਤਲ ਤੋਂ ਦੋ ਦਿਨ ਬਾਅਦ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟਰੇਲੀਆ ‘ਚ ਛੱਡ ਕੇ ਖੁਦ ਇਥੋਂ ਫਰਾਰ ਹੋ ਗਿਆ ਸੀ। ਉਸ ਦਾ ਪਿਛੋਕੜ ਪੰਜਾਬ ਦੇ ਪਿੰਡ ਬੁੱਟਰ ਕਲਾਂ ਦਾ ਦੱਸਿਆ ਜਾ ਰਿਹਾ ਹੈ। 24 ਸਾਲਾ ਟੋਇਆ ਨਾਮੀ ਮਹਿਲਾ 21 ਅਕਤੂਬਰ 2018 ਨੂੰ ਉਸ ਸਮੇਂ ਲਾਪਤਾ ਹੋ ਗਈ ਸੀ ਜਦੋਂ ਉਹ ਆਪਣੇ ਪਾਲਤੂ ਕੁੱਤੇ ਨੂੰ ਘੁਮਾ ਰਹੀ ਸੀ ਅਤੇ ਅਗਲੇ ਦਿਨ ਉਸ ਦੀ ਲਾਸ਼ 40 ਕਿਲੋਮੀਟਰ ਦੂਰ ਸਮੁੰਦਰ ਦੇ ਕਿਨਾਰੇ ‘ਤੇ ਮਿਲੀ ਸੀ। ਰਾਜਵਿੰਦਰ ਸਿੰਘ ‘ਤੇ ਆਰੋਪ ਹੈ ਕਿ ਉਸ ਨੇ ਟੋਇਆ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ।