ਨੌਕਰੀਆਂ ਆਊਟਸੋਰਸ ਕਰਨ
‘ਤੇ ਹਿਲੇਰੀ ਨੇ ਘੇਰਿਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਆਪਣੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ 12 ਮੁਲਕਾਂ ਵਿਚ ਨੌਕਰੀਆਂ ਆਊਟਸੋਰਸ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੀ ਹੈ ਤਾਂ ਉਹ ਅਮਰੀਕੀ ਕੰਪਨੀਆਂ ‘ਤੇ ਟੈਕਸ ਲਾਉਣਗੇ। ਉਧਰ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਅਤੇ ਦੇਸ਼ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਹਿਲੇਰੀ ਦੇ ਪੱਖ ਵਿਚ ਆਉਂਦਿਆਂ ਟੈਕਸ ਦੇ ਮੁੱਦੇ ‘ਤੇ ਟਰੰਪ ਨੂੰ ਘੇਰਦਿਆਂ ਕਿਹਾ ਹੈ ਕਿ ਦੇਸ਼ ਨੂੰ ਅਜਿਹੇ ਰਾਸ਼ਟਰਪਤੀ ਦੀ ਲੋੜ ਹੈ ਜੋ ਨਿਯਮਾਂ ਦਾ ਪਾਲਣ ਕਰੇ ਅਤੇ ਟੈਕਸ ਅਦਾ ਕਰੇ। ਪੈਨਸਿਲਵੇਨੀਆ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਿਲੇਰੀ ਕਲਿੰਟਨ ਨੇ ਹੈਰਾਨੀ ਜਤਾਈ ਕਿ ਟਰੰਪ ਨੂੰ ਕੱਪੜੇ ਜਾਂ ਫਰਨੀਚਰ ਬਣਾਉਣ ਲਈ ਅਮਰੀਕਾ ਵਿਚ ਕੋਈ ਨਹੀਂ ਮਿਲਿਆ। ਉਨ੍ਹਾਂ ਕਿਹਾ, ”ਤੁਸੀਂ ਅਮਰੀਕਾ ਨੂੰ ਮਹਾਨ ਬਣਾਉਣਾ ਚਾਹੁੰਦੇ ਹੋ ਪਰ ਇਹ ਨਹੀਂ ਸੋਚਦੇ ਕਿ ਅਮਰੀਕਾ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਅਮਰੀਕੀ ਆਪਣਾ ਜੀਵਨ ਚੰਗੀ ਤਰ੍ਹਾਂ ਗੁਜ਼ਾਰ ਸਕਣ।” ਨੌਰਥ ਕੈਰੋਲੀਨਾ ਵਿਚ ਹਿਲੇਰੀ ਦੇ ਪੱਖ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਿਸ਼ੇਲ ਓਬਾਮਾ ਨੇ ਕਿਹਾ ਕਿ ਦੇਸ਼ ਨੂੰ ਇਮਾਨਦਾਰ ਅਤੇ ਨਿਯਮਾਂ ਦਾ ਪਾਲਣ ਕਰਨ ਵਾਲੇ ਆਗੂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਤੜਕੇ ਤਿੰਨ ਵਜੇ ਤੱਕ ਟਵੀਟ ਕਰਦਾ ਹੋਵੇ, ਉਸ ਦੀਆਂ ਉਂਗਲਾਂ ਪਰਮਾਣੂ ਫੋਨ ‘ਤੇ ਨਹੀਂ ਹੋਣੀਆਂ ਚਾਹੀਦੀਆਂ। ਟਰੰਪ ਵੱਲੋਂ ਬਰਾਕ ਓਬਾਮਾ ਦੀ ਜਨਮ ਮਿਤੀ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਬਾਰੇ ਮਿਸ਼ੇਲ ਨੇ ਕਿਹਾ ਕਿ ਉਹ ਬੇਤੁਕੀਆਂ ਗੱਲਾਂ ਕਰ ਰਹੇ ਹਨ। ਇਸ ਨਾਲ ਦਿਲ ਦੁਖਦਾ ਹੈ ਪਰ ਬਰਾਕ ਨੇ ਆਪਣੇ ਕੰਮਾਂ ਨਾਲ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …