Home / ਦੁਨੀਆ / ਨਵਜੋਤ ਸਿੱਧੂ ਨੇ ਪਾਕਿ ਜਨਰਲ ਨੂੰ ਪਾਈ ਜੱਫੀ, ਉਠਿਆ ਵਿਵਾਦ

ਨਵਜੋਤ ਸਿੱਧੂ ਨੇ ਪਾਕਿ ਜਨਰਲ ਨੂੰ ਪਾਈ ਜੱਫੀ, ਉਠਿਆ ਵਿਵਾਦ

ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਉਸ ਸਮੇਂ ਵਿਵਾਦਾਂ ਵਿਚ ਘਿਰ ਗਏ ਜਦੋਂ ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗੱਲਵਕੜੀ ਪਾਈ। ਦੋਹਾਂ ਨੇ ਸੰਖੇਪ ਗੱਲਬਾਤ ਵੀ ਕੀਤੀ। ਹੱਦ ਤਾਂ ਹੋ ਗਈ ਜਦੋਂ ਉਹ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਸਦਰ ਮਸੂਦ ਖ਼ਾਨ ਨਾਲ ਬੈਠੇ। ਜਿਵੇਂ ਹੀ ਜਨਰਲ ਬਾਜਵਾ ਹਲਫ਼ਦਾਰੀ ਸਮਾਗਮ ਵਿਚ ਪੁੱਜੇ ਤਾਂ ਉਹ ਪਹਿਲੀ ਕਤਾਰ ਵਿਚ ਬੈਠੇ ਸਿੱਧੂ ਨੂੰੰ ਮਿਲਣ ਲਈ ਗਏ। ਉਧਰ ਭਾਰਤ ਵਿਚ ਹਾਕਮ ਧਿਰ ਭਾਜਪਾ ਨੇ ਇਸ ਮੁੱਦੇ ਨੂੰ ਉਠਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਸਿੱਧੂ ਨੂੰ ਪਾਰਟੀ ਵਿਚੋਂ ਤੁਰੰਤ ਮੁਅੱਤਲ ਕਰਨ। ਸਿੱਧੂ ਨੇ ਉਮੀਦ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਦੋਸਤ ਇਮਰਾਨ ਖ਼ਾਨ ਦਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨਾ ਪਾਕਿਸਤਾਨ-ਭਾਰਤ ਅਮਨ ਪ੍ਰਕਿਰਿਆ ਲਈ ਬਿਹਤਰ ਹੋਵੇਗਾ। ਗੂੜ੍ਹੇ ਨੀਲੇ ਰੰਗ ਦਾ ਸੂਟ ਅਤੇ ਗੁਲਾਬੀ ਦਸਤਾਰ ਪਹਿਨੇ ਸਿੱਧੂ ਹੋਰ ਮਹਿਮਾਨਾਂ ਨਾਲ ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ਵਿਚ ਹਾਜ਼ਰ ਸਨ। ਸਰਕਾਰੀ ‘ਪੀਟੀਵੀ’ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਇਮਰਾਨ ਖ਼ਾਨ ਦੀ ਤਾਰੀਫ਼ ਕੀਤੀ। ਇਮਰਾਨ ਖ਼ਾਨ ਲਈ ਤੋਹਫ਼ੇ ਵਿਚ ਕਸ਼ਮੀਰੀ ਸ਼ਾਲ ਲੈ ਕੇ ਪੁੱਜੇ ਸਿੱਧੂ ਨੇ ਕਿਹਾ, ”ਨਵੀਂ ਸਰਕਾਰ ਨਾਲ ਪਾਕਿਸਤਾਨ ਵਿਚ ਨਵਾਂ ਸਵੇਰਾ ਹੈ ਜੋ ਦੇਸ਼ ਦੀ ਤਕਦੀਰ ਬਦਲ ਸਕਦਾ ਹੈ।” ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੇ ਸਾਬਕਾ ਕ੍ਰਿਕਟਰਾਂ ਸੁਨੀਲ ਗਵਾਸਕਰ ਅਤੇ ਕਪਿਲ ਦੇਵ ਨੂੰ ਵੀ ਆਪਣੇ ਹਲਫ਼ਦਾਰੀ ਸਮਾਗਮ ਵਿਚ ਸੱਦਿਆ ਸੀ ਪਰ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੌਰਾਨ ਭਾਰਤ ਵਿਚ ਹੁਕਮਰਾਨ ਧਿਰ ਭਾਜਪਾ ਨੇ ਸਿੱਧੂ ‘ਤੇ ਹਮਲਾ ਬੋਲਦਿਆਂ ਉਸ ਨੂੰ ਕਾਂਗਰਸ ਪਾਰਟੀ ਵਿਚੋਂ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਕੀ ਸਿੱਧੂ ਨੇ ਪਾਕਿਸਤਾਨ ਜਾਣ ਸਮੇਂ ਉਸ ਤੋਂ ਮਨਜ਼ੂਰੀ ਲਈ ਸੀ ਜਾਂ ਨਹੀਂ।
ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ਦਾਰੀ ਸਮਾਗਮ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਨੂੰ ਗੱਲਵਕੜੀ ਪਾਈ ਅਤੇ ਉਹ ਪੀਓਕੇ ਦੇ ਸਦਰ ਮਸੂਦ ਖ਼ਾਨ ਨਾਲ ਬੈਠੇ। ਉਨ੍ਹਾਂ ਕਿਹਾ, ”ਇਹ ਸਾਧਾਰਨ ਗੱਲ ਨਹੀਂ ਹੈ। ਸਿੱਧੂ ਆਮ ਵਿਅਕਤੀ ਨਹੀਂ ਹਨ ਸਗੋਂ ਉਹ ਪੰਜਾਬ ਸਰਕਾਰ ਵਿਚ ਮੰਤਰੀ ਹਨ। ਹਰੇਕ ਭਾਰਤੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ।” ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਨੂੰ ਮਕਬੂਜ਼ਾ ਕਸ਼ਮੀਰ ਦੇ ਸਦਰ ਕੋਲ ਬਿਠਾਇਆ ਗਿਆ ਤਾਂ ਉਨ੍ਹਾਂ ਇਸ ‘ਤੇ ਇਤਰਾਜ਼ ਕਿਉਂ ਨਹੀਂ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨ ਲਾਉਂਦਿਆਂ ਸੰਬਿਤ ਪਾਤਰਾ ਨੇ ਪੁੱਛਿਆ ਕਿ ਸਿੱਧੂ ਦੇ ਮੁਲਕ ਪਰਤਣ ਤੋਂ ਪਹਿਲਾਂ ਕੀ ਉਨ੍ਹਾਂ ਨੂੰ ਉਹ ਪਾਰਟੀ ਵਿਚੋਂ ਮੁਅੱਤਲ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਲਮਾਨ ਖੁਰਸ਼ੀਦ, ਮਨੀਸ਼ੰਕਰ ਅਈਅਰ, ਸੈਫੂਦੀਨ ਸੋਜ਼ ਅਤੇ ਗੁਲਾਮ ਨਬੀ ਅਜ਼ਾਦ ਸਮੇਤ ਹੋਰ ਕਈ ਕਾਂਗਰਸ ਆਗੂ ਪਾਕਿਸਤਾਨ ਦਾ ਗੁਣਗਾਨ ਕਰਦੇ ਰਹੇ ਹਨ।

Check Also

ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ

ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਕੁਵੈਤ/ਬਿਊਰੋ ਨਿਊਜ਼ : ਕੁਵੈਤ ਦੇ ਮੰਗਾਫ਼ ਸ਼ਹਿਰ …