ਨਵੇਂ ਪ੍ਰਧਾਨ ਮੰਤਰੀ ਦੀ ਚੋਣ ਤੱਕ ਅਹੁਦੇ ‘ਤੇ ਬਣੇ ਰਹਿਣਗੇ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜ਼ਿਟ ਸਮਝੌਤੇ ਨੂੰ ਸਿਰੇ ਚਾੜ੍ਹਨ ਵਿਚ ਵਾਰ-ਵਾਰ ਨਾਕਾਮ ਰਹਿਣ ਤੋਂ ਬਾਅਦ ਸੱਤਾਧਾਰੀ ਪਾਰਟੀ ਕੰਸਰਵੇਟਿਵ ਦੀ ਆਗੂ ਵਜੋਂ ਰਸਮੀ ਤੌਰ ‘ਤੇ ਅਸਤੀਫ਼ਾ ਦੇ ਦਿੱਤਾ। ਫਿਲਹਾਲ ਪਾਰਟੀ ਵਲੋਂ ਜਦੋਂ ਤੱਕ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਨਹੀਂ ਕਰ ਲਈ ਜਾਂਦੀ, ਥੈਰੇਸਾ ਮੇਅ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੀ ਰਹੇਗੀ।
ਕੰਸਰਵੇਟਿਵ ਪਾਰਟੀ ਵਲੋਂ ਅਗਲਾ ਨੇਤਾ ਚੁਣਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜੁਲਾਈ ਦੇ ਅਖੀਰ ਤੱਕ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਜਾਵੇਗਾ। ਪ੍ਰਧਾਨ ਮੰਤਰੀ ਵਜੋਂ ਮੇਅ ਨੇ ਤਿੰਨ ਸਾਲ ਤੱਕ ਬਰਤਾਨੀਆ ਦਾ ਕਾਰਜਭਾਰ ਸੰਭਾਲਿਆ, ਜਦਕਿ 6 ਸਾਲ ਉਹ ਗ੍ਰਹਿ ਮੰਤਰੀ ਰਹਿ ਚੁੱਕੀ ਹੈ। ਪ੍ਰਧਾਨ ਮੰਤਰੀ ਮੇਅ ਦੀ ਸਭ ਤੋਂ ਵੱਡੀ ਚੁਣੌਤੀ ਬ੍ਰੈਗਜ਼ਿਟ ਸੀ, ਜਿਸ ਵਿਚ ਉਹ ਬੁਰੀ ਤਰ੍ਹਾਂ ਅਸਫਲ ਰਹੀ ਹੈ। ਬ੍ਰੈਗਜ਼ਿਟ ਸਮਝੌਤਿਆਂ ਦੇ ਉਸ ਵਲੋਂ ਸੰਸਦ ਵਿਚ ਪੇਸ਼ ਕੀਤੇ ਪ੍ਰਸਤਾਵਾਂ ਨੂੰ ઠਜਿਥੇ ਉਨ੍ਹਾਂ ਦੇ ਵਿਰੋਧੀਆਂ ਨੇ ਰੱਦ ਕੀਤਾ, ਉਥੇ ਕੰਸਰਵੇਟਿਵ ਪਾਰਟੀ ਦੇ ਸੰਸਦੀ ਮੈਂਬਰਾਂ ਨੇ ਵੀ ਵਿਰੋਧ ਕੀਤਾ। 29 ਮਾਰਚ, 2019 ਨੂੰ ਯੂਰਪੀ ਸੰਘ ਤੋਂ ਵੱਖ ਹੋਣ ਦੀ ਅਧਿਕਾਰਤ ਤਰੀਕ ਨੂੰ ਵਧਾ ਕੇ ਪਹਿਲਾਂ 12 ਅਪ੍ਰੈਲ ਕੀਤਾ ਗਿਆ ਸੀ ਤੇ ਹੁਣ ਬ੍ਰੈਗਜ਼ਿਟ ਲਈ 31 ਅਕਤੂਬਰ ਦਾ ਦਿਨ ਨਿਰਧਾਰਤ ਕੀਤਾ ਗਿਆ ਹੈ। ਦੂਜੇ ਪਾਸੇ ਕੰਸਰਵੇਟਿਵ ਦੇ ਸੰਸਦ ਮੈਂਬਰਾਂ ਵਲੋਂ ਆਪਣਾ ਨੇਤਾ ਚੁਣਨ ਲਈ ਦਾਅਵੇਦਾਰੀਆਂ ਪੇਸ਼ ਕੀਤੀਆਂ ਗਈਆਂ ਹਨ। ਨਵੇਂ ਨੇਤਾ ਦੀ ਚੋਣ ਲਈ 11 ਕੰਸਰਵੇਟਿਵ ਸੰਸਦ ਮੈਂਬਰ ਮੈਦਾਨ ਵਿਚ ਹਨ। ਸੰਸਦ ਮੈਂਬਰਾਂ ਵਲੋਂ 13, 18, 19 ਤੇ 20 ਜੂਨ ਨੂੰ ਗੁਪਤ ਬੈਲੇਟ ਰਾਹੀਂ ਵੋਟਾਂ ਪਾਈਆਂ ਜਾਣਗੀਆਂ। ਆਖਰੀ 2 ਉਮੀਦਵਾਰਾਂ ਵਿਚੋਂ ਇਕ ਨੇਤਾ ਦੀ ਚੋਣ ਕਰਨ ਲਈ 22 ਜੂਨ ਨੂੰ ਪੂਰੀ ਕੰਸਰਵੇਟਿਵ ਪਾਰਟੀ ਦੇ ਮੈਂਬਰ ਵੋਟ ਪਾਉਣਗੇ, ਜਿਸ ਤੋਂ ਚਾਰ ਹਫ਼ਤੇ ਬਾਅਦ ਜੇਤੂ ਦਾ ਨਾਮ ਐਲਾਨਿਆ ਜਾਵੇਗਾ। ਆਸ ਹੈ ਕਿ 22 ਜੁਲਾਈ ਨੂੰ ਕੰਸਰਵੇਟਿਵ ਪਾਰਟੀ ਨੂੰ ਨਵਾਂ ਨੇਤਾ ਤੇ ਬਰਤਾਨੀਆ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਜਾਵੇਗਾ।
Check Also
ਰੂਸ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਲਗਾਵਾਂਗੇ ਪਾਬੰਦੀਆਂ : ਟਰੰਪ
ਯੂਕਰੇਨ ਜੰਗ ’ਤੇ ਟਰੰਪ ਦੀ ਪੂਤਿਨ ਨੂੰ ਚਿਤਾਵਨੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …