Breaking News
Home / ਦੁਨੀਆ / ਨਿਊਜਰਸੀ ਸਰਕਾਰ ਵਲੋਂ 14 ਅਪ੍ਰੈਲ ਨੂੰ ਸਿੱਖ ਦਿਵਸ ਅਤੇ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ

ਨਿਊਜਰਸੀ ਸਰਕਾਰ ਵਲੋਂ 14 ਅਪ੍ਰੈਲ ਨੂੰ ਸਿੱਖ ਦਿਵਸ ਅਤੇ ਅਪ੍ਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ

ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ : ਅਮਰੀਕਾ ਦੇ ਨਿਊਜਰਸੀ ਸੂਬੇ ਦੀ ਸਰਕਾਰ ਵੱਲੋਂ 14 ਅਪਰੈਲ ਨੂੰ ਸਿੱਖ ਦਿਵਸ ਤੇ ਅਪਰੈਲ ਮਹੀਨੇ ਨੂੰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਮਾਨਤਾ ਇਸ ਸਬੰਧੀ ਕਾਨੂੰਨ ਪਾਸ ਕਰਕੇ ਦਿੱਤੀ ਗਈ ਹੈ। ਇਹ ਖ਼ੁਲਾਸਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕੀਤਾ ਹੈ। ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 25 ਮਾਰਚ ਨੂੰ ਨਿਊਜਰਸੀ ਦੀ ਸਰਕਾਰ ਨੇ ਸਦਨ ਵਿਚ ਇਸ ਸਬੰਧੀ ਬਿੱਲ ਰੱਖਿਆ ਸੀ, ਜਿਸ ਨੂੰ ਗਵਰਨਰ ਫਿਲ ਮਰਫੀ ਨੇ ਦਸਤਖ਼ਤ ਕਰ ਕੇ ਇਸ ਨੂੰ ਮਾਨਤਾ ਦਿੱਤੀ ਹੈ। ਇਸ ਤਹਿਤ ਹਰ ਸਾਲ ਅਪਰੈਲ ਮਹੀਨੇ ਦੁਨੀਆ ਦੇ ਪੰਜਵੇਂ ਵੱਡੇ ਸਿੱਖ ਧਰਮ ਤੇ ਸਿੱਖ ਕੌਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਇਆ ਕਰੇਗੀ। ਸਕੂਲਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਬੱਚਿਆਂ ਤੇ ਨੌਜਵਾਨਾਂ ਵਿਚ ਸਿੱਖ ਕੌਮ ਬਾਰੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬਿੱਲ ਨੂੰ ਪ੍ਰਵਾਨਗੀ ਮਿਲਣ ਮਗਰੋਂ ਅਮਰੀਕਾ ਦੇ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਨਿਊਜਰਸੀ ਨੇੜਲੇ ਰਾਜਾਂ ਨਿਊਯਾਰਕ, ਡੈਲਾਵੇਅਰ, ਕਨੈਕਟੀਕਟ, ਪੈਨਸਲਵੀਨੀਆ, ਕੈਲੇਫੋਰਨੀਆ, ਮੈਰੀਲੈਂਡ, ਵਰਜੀਨੀਆ ਤੇ ਵਾਸ਼ਿੰਗਟਨ ਡੀਸੀ ਵਿਚ ਸਿੱਖਾਂ ਨੇ ਖ਼ੁਸ਼ੀ ਮਨਾਈ ਹੈ। ਸੋਸ਼ਲ ਮੀਡੀਆ ‘ਤੇ ਵੀ ਇਸ ਬਾਰੇ ਵਧਾਈਆਂ ਮਿਲ ਰਹੀਆਂ ਹਨ। ਸਿੱਖ ਆਗੂ ਨੇ ਦੱਸਿਆ ਕਿ ਅਮਰੀਕਾ ਵਿਚ ਰਹਿੰਦੇ ਸਿੱਖ ਇਸ ਫ਼ੈਸਲੇ ਨੂੰ ਇਤਿਹਾਸਕ ਮੰਨ ਰਹੇ ਹਨ। ਸਟੇਟ ਸੈਨੇਟਰ ਮੁਖੀ ਸਟੀਵ ਸਵੀਨੀ, ਡਿਪਟੀ ਸਪੀਕਰ ਜੋਹਨ ਤੇ ਹੋਰਨਾਂ ਨੇ ਸਿੱਖ ਭਾਈਚਾਰੇ ਨੂੰ ਇਸ ਕਾਨੂੰਨ ਦੇ ਪਾਸ ਹੋਣ ‘ਤੇ ਵਧਾਈ ਦਿੱਤੀ ਹੈ। ਹਾਊਸ ਦੇ ਲੀਡਰ ਲੁਇਸ ਗਰੀਨਵਰਡ, ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ, ਨਿਊਜਰਸੀ ਚੈਂਬਰ ਆਫ ਕਾਮਰਸ ਅਤੇ ਏਜੀਪੀਸੀ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਨੇ ਵੀ ਵਧਾਈ ਦਿੱਤੀ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …