Breaking News
Home / ਦੁਨੀਆ / ਈਦ ਮੌਕੇ ਪਾਕਿ ਨੇ ਭਾਰਤ ਕੋਲੋਂ ਨਹੀਂ ਲਈ ਮਠਿਆਈ

ਈਦ ਮੌਕੇ ਪਾਕਿ ਨੇ ਭਾਰਤ ਕੋਲੋਂ ਨਹੀਂ ਲਈ ਮਠਿਆਈ

ਭਾਰਤੀਆਂ ਨਾਲ ਸਮਾਜਿਕ ਸਬੰਧ ਵੀ ਤੋੜੇ
ਅਟਾਰੀ, ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਈਦ ਦੇ ਪਵਿੱਤਰ ਦਿਹਾੜੇ ‘ਤੇ ਪਾਕਿਸਤਾਨ ਨੇ ਅਟਾਰੀ ਵਾਹਘਾ ਸਾਂਝੀ ਜਾਂਚ ਚੌਕੀ ‘ਤੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਲੋਂ ਖ਼ਾਸ ਦਿਨਾਂ ‘ਤੇ ਮਠਿਆਈ ਦੇਣ ਦੀ ਨਿਭਾਈ ਜਾਂਦੀ ਰਸਮ ਜਿਸ ਵਿਚ ਬੀ. ਐਸ.ਐਫ਼. ਵਲੋਂ ਮਠਿਆਈ ਦਿੱਤੀ ਜਾਂਦੀ ਹੈ, ਨੂੰ ਲੈਣ ਤੋਂ ਨਾਂਹ ਕਰਦਿਆਂ ਕਸ਼ਮੀਰ ਮਸਲੇ ‘ਤੇ ਵਧੀ ਕੁੜੱਤਣ ਨੂੰ ਹੋਰ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ‘ਤੇ ਪਾਕਿ-ਭਾਰਤ ਵਿਚਾਲੇ ਮਠਿਆਈ ਦਾ ਆਦਾਨ-ਪ੍ਰਦਾਨ ਨਹੀਂ ਹੋ ਸਕਿਆ। ਭਾਰਤ-ਪਾਕਿ ਦੀਆਂ ਸਰਹੱਦੀ ਸੁਰੱਖਿਆ ਫ਼ੋਰਸਾਂ ਵਲੋਂ ਦੋਵਾਂ ਦੇਸ਼ਾਂ ਦੇ ਅਜ਼ਾਦੀ ਦਿਹਾੜਿਆਂ, 26 ਜਨਵਰੀ ਅਤੇ ਈਦ ਸਣੇ ਹੋਰ ਦਿਹਾੜਿਆਂ ‘ਤੇ ਇਕ-ਦੂਸਰੇ ਨੂੰ ਮਠਿਆਈ ਅਤੇ ਫ਼ਲਾਂ ਦੇ ਟੋਕਰੇ ਭੇਟ ਕਰਨ ਦੀ ਰਸਮ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਪਿਛਲੇ ਦਿਨੀਂ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਐਲਾਨਣ ਪਿਛੋਂ ਪਾਕਿਸਤਾਨ ਵਲੋਂ ਭਾਰਤ ਨਾਲ ਕੂਟਨੀਤਕ ਸਬੰਧ ਖ਼ਤਮ ਕਰਨ, ਸਮਝੌਤਾ ਐਕਸਪ੍ਰੈੱਸ ਅਤੇ ਬੱਸ ਸੇਵਾ ਸਣੇ ਵਪਾਰ ਨੂੰ ਰੋਕਣ ਦੇ ਐਲਾਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧੀ ਕੁੜੱਤਣ ਅਤੇ ਖਟਾਸ ਭਰੇ ਸਬੰਧਾਂ ਵਿਚਾਲੇ ਇਕ ਕਦਮ ਹੋਰ ਵਧਦਿਆਂ ਪਾਕਿਸਤਾਨ ਵਲੋਂ ਈਦ ਦੇ ਦਿਹਾੜੇ ‘ਤੇ ਬੀ.ਐਸ.ਐਫ਼. ਵਲੋਂ ਦਿੱਤੀ ਜਾਂਦੀ ਮਠਿਆਈ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ, ਜਿਸ ਦੀ ਪੁਸ਼ਟੀ ਪੰਜਾਬ ਫਰੰਟੀਅਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਜਲੰਧਰ ਸਥਿਤ ਡੀ.ਆਈ.ਜੀ. ਵਲੋਂ ਕੀਤੀ ਗਈ।
ਇਸ ਤੋਂ ਪਹਿਲਾਂ ਵੀ ਕਾਰਗਿਲ ਜੰਗ, ਸੰਸਦ ‘ਤੇ ਹਮਲੇ ਅਤੇ ਸਮੇਂ-ਸਮੇਂ ਦੋਵਾਂ ਦੇਸ਼ਾਂ ਵਿਚਾਲੇ ਬਣੇ ਖਟਾਸ ਭਰੇ ਸਬੰਧਾਂ ਕਾਰਨ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਜਾਂਦੀ ਰਹੀ ਹੈ। ਜਾਣਕਾਰੀ ਅਨੁਸਾਰ ਈਦ ਦੀ ਖ਼ੁਸ਼ੀ ਸਾਂਝੀ ਕਰਦਿਆਂ ਬੀ.ਐਸ.ਐਫ਼.ਗਾਰਡ ਦੇ ਕਮਾਂਡਰ ਐਚ.ਸੀ.ਨਰੇਂਦਰ ਵਲੋਂ ਹੁਸੈਨੀਵਾਲਾ ਕੌਮੀ ਸਰਹੱਦ ‘ਤੇ ਪਾਕਿਸਤਾਨੀ ਰੇਂਜਰਾਂ ਨੂੰ ਵਧਾਈ ਦਿੰਦੇ ਹੋਏ ਜਦੋਂ ਮਠਿਆਈ ਸੌਂਪੀ ਗਈ ਤਾਂ ਪਾਕਿਸਤਾਨੀ ਰੇਂਜਰਜ਼ ਗਾਰਡ ਕਮਾਂਡਰ ਐਚ.ਸੀ. ਜਾਫ਼ਰ ਨੇ ਮਠਿਆਈ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਪਾਕਿਸਤਾਨ ਨੇ ਜਿਥੇ ਪਹਿਲਾਂ ਵਪਾਰਕ ਸਬੰਧ ਤੋੜੇ, ਉਥੇ ਹੁਣ ਸਮਾਜਿਕ ਸਬੰਧ ਵੀ ਤੋੜ ਲਏ ਹਨ। ਪਾਕਿਸਤਾਨ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਅਮਨ ਚਾਹੁਣ ਵਾਲੇ ਸ਼ਾਂਤੀ ਦੂਤਾਂ ਨੇ ਇਸ ਗੱਲ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …