ਅਫਗਾਨਿਸਤਾਨ ‘ਚ ਪਾਕਿ ਦੇ ਦਖਲ ਤੇ ਪੰਜਸ਼ੀਰ ‘ਚ ਹਵਾਈ ਹਮਲੇ ਵਿਰੁੱਧ ਲੋਕ ਸੜਕਾਂ ‘ਤੇ ਆਏ
ਕਾਬੁਲ: ਪਾਕਿ ਖਿਲਾਫ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ‘ਤੇ ਪੰਜਸ਼ੀਰ ਸੂਬੇ ਵਿਚ ਹਵਾਈ ਹਮਲੇ ਦਾ ਦੋਸ਼ ਲਗਾਉਂਦੇ ਹੋਏ ਕਾਬੁਲ ਸਮੇਤ ਕਈ ਸ਼ਹਿਰਾਂ ਵਿਚ ਵੱਡੀ ਗਿਣਤੀ ਲੋਕ ਸੜਕਾਂ ‘ਤੇ ਉਤਰੇ ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ‘ਚ ਮਹਿਲਾਵਾਂ ਵੀ ਸ਼ਾਮਲ ਸਨ। ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਅੱਗੇ ਵਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਤਾਲਿਬਾਨ ਨੇ ਹਵਾ ਵਿਚ ਗੋਲੀਆਂ ਚਲਾਈਆਂ, ਪਰ ਪ੍ਰਦਰਸ਼ਨਕਾਰੀ ਆਪਣੇ ਰਸਤੇ ਤੋਂ ਨਹੀਂ ਹਟੇ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਦੂਤਘਰ ਦੇ ਮੁਲਾਜ਼ਮਾਂ ਨੂੰ ਦੇਸ਼ ਛੱਡ ਕੇ ਜਾਣ ਲਈ ਕਿਹਾ। ਤਾਲਿਬਾਨ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਉਸ ਨੇ ਪੰਜਸ਼ੀਰ ਸੂਬੇ ‘ਤੇ ਕਬਜ਼ਾ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਾਬੁਲ ‘ਚ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਪੰਜਸ਼ੀਰ ਸੂਬੇ ਵਿਚ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਨੇ ਹਮਲੇ ਕੀਤੇ ਹਨ। ਪ੍ਰਦਰਸ਼ਨ ਵਿਚ ਅੱਗੇ ਚੱਲ ਰਹੀਆਂ ਮਹਿਲਾਵਾਂ ਨੂੰ ਖਦੇੜਨ ਲਈ ਤਾਲਿਬਾਨ ਦੇ ਲੜਾਕਿਆਂ ਨੇ ਫਾਇਰਿੰਗ ਵੀ ਕੀਤੀ। ਪਾਕਿਸਤਾਨ ਮੁਰਦਾਬਾਦ, ਆਜ਼ਾਦੀ ਤੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਗਾਉਂਦੇ ਹੋਏ ਅੱਗੇ ਵਧਦੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਕਿਸੇ ਦੀ ਕੇਦ ਨਹੀਂ ਚਾਹੁੰਦੇ।
ਤਾਲਿਬਾਨ ਨੇ ਮੁੱਲ੍ਹਾ ਹਸਨ ਹੱਥ ਦਿੱਤੀ ਸਰਕਾਰ ਦੀ ਕਮਾਨ
ਤਾਲਿਬਾਨ ਦੇ ਚੋਟੀ ਦੇ ਆਗੂ ਮੁੱਲ੍ਹਾ ਹਿਬਾਤੁੱਲ੍ਹਾ ਅਖ਼ੂਨਜ਼ਾਦਾ ਨੇ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਨੂੰ ਤਾਲਿਬਾਨ ਸਰਕਾਰ ਦੀ ਅਗਵਾਈ ਲਈ ਚੁਣਿਆ ਹੈ। ਮੁੱਲ੍ਹਾ ਹਸਨ ਤਾਲਿਬਾਨ ਦੇ ਸੰਸਥਾਪਕ ਮਰਹੂਮ ਮੁੱਲ੍ਹਾ ਉਮਰ ਦਾ ਸਹਿਯੋਗੀ ਰਿਹਾ ਹੈ। ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਜੋ ਕਿ ਤਾਲਿਬਾਨ ਦੀ ਸਿਆਸੀ ਸ਼ਾਖਾ ਦਾ ਚੇਅਰਮੈਨ ਹੈ, ਨੂੰ ਨਵੀਂ ਤਾਲਿਬਾਨ ਸਰਕਾਰ ਦਾ ਉਪ ਮੁਖੀ ਚੁਣਿਆ ਗਿਆ ਹੈ। ਹੱਕਾਨੀ ਨੈੱਟਵਰਕ ਦੇ ਸੰਸਥਾਪਕ ਦੇ ਪੁੱਤਰ ਸਰਾਜੂਦੀਨ ਹੱਕਾਨੀ ਨੂੰ ਨਵਾਂ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹੱਕਾਨੀ ਨੈੱਟਵਰਕ ਨੂੰ ਅਮਰੀਕਾ ਨੇ ਅੱਤਵਾਦੀ ਜਥੇਬੰਦੀ ਐਲਾਨਿਆ ਹੋਇਆ ਹੈ। ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਇਕ ਮੀਡੀਆ ਕਾਨਫਰੰਸ ਕਰਦਿਆਂ ਦੱਸਿਆ ਕਿ ਮੁੱਲ੍ਹਾ ਉਮਰ ਦੇ ਪੁੱਤਰ ਮੁੱਲ੍ਹਾ ਮੁਹੰਮਦ ਯਾਕੂਬ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਕੈਬਨਿਟ ਵਿੱਚ ਕਿਸੇ ਵੀ ਗ਼ੈਰ-ਤਾਲਿਬਾਨ ਆਗੂ ਨੂੰ ਥਾਂ ਨਹੀਂ : ਤਾਲਿਬਾਨ ਕੈਬਨਿਟ ਵਿਚ ਕੋਈ ਵੀ ਗ਼ੈਰ-ਤਾਲਿਬਾਨ ਆਗੂ ਨਹੀਂ ਹੈ ਜਦਕਿ ਕੌਮਾਂਤਰੀ ਭਾਈਚਾਰਾ ਇਸ ਦੀ ਮੰਗ ਕਰ ਰਿਹਾ ਸੀ। ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲੀ ਸਰਕਾਰ ਬਣਾਉਣ ਦੀ ਮੰਗ ਕੀਤੀ ਗਈ ਸੀ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਇਹ ਨਿਯੁਕਤੀਆਂ ਅੰਤ੍ਰਿਮ ਹਨ। ਹਾਲਾਂਕਿ ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਕਿੰਨੇ ਚਿਰ ਲਈ ਹਨ। ਚੋਣਾਂ ਕਰਵਾਉਣ ਬਾਰੇ ਵੀ ਕੋਈ ਸੰਕੇਤ ਨਹੀਂ ਦਿੱਤਾ ਗਿਆ।
ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਬਜ਼ਾ
ਨਵੀਂ ਦਿੱਲੀ : ਅਫਗਾਨਿਸਤਾਨ ‘ਚ ਤਾਲਿਬਾਨ ਅੱਤਵਾਦੀਆਂ ਨੇ ਵਿਦਰੋਹੀਆਂ ਦੇ ਗੜ੍ਹ ਪੰਜਸ਼ੀਰ ਘਾਟੀ ‘ਤੇ ਪੂਰਨ ਅਧਿਕਾਰ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ, ਤਾਲਿਬਾਨੀਆਂ ਨੇ ਪੰਜਸ਼ੀਰ ਸੂਬੇ ਦੀ ਰਾਜਧਾਨੀ ਬਜ਼ਾਰਕ ‘ਚ ਗਵਰਨਰ ਦੇ ਦਫ਼ਤਰ ਦੇ ਬਾਹਰ ਆਪਣੇ ਸੰਗਠਨ ਦਾ ਝੰਡਾ ਲਹਿਰਾਉਂਦੇ ਹੋਏ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਉਧਰ, ਨੈਸ਼ਨਲ ਰਜਿਸਟੈਂਸ ਫ਼ਰੰਟ ਆਫ਼ ਅਫ਼ਗਾਨਿਸਤਾਨ ਨੇ ਤਾਲਿਬਾਨ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪੰਜਸ਼ੀਰ ਘਾਟੀ ‘ਚ ਤਾਲਿਬਾਨ ਅਤੇ ਐਨ. ਆਰ. ਐਫ. ‘ਚ ਯੁੱਧ ਅਜੇ ਵੀ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਕਈ ਦਿਨਾਂ ਦੀ ਘੇਰਾਬੰਦੀ ਤੋਂ ਬਾਅਦ ਤਾਲਿਬਾਨ ਅੱਤਵਾਦੀਆਂ ਨੇ ਜ਼ੋਰਦਾਰ ਹਮਲੇ ਨਾਲ ਪੰਜਸ਼ੀਰ ਨੂੰ ਆਪਣੇ ਅਧਿਕਾਰ ‘ਚ ਲੈ ਲਿਆ। ਤਾਲਿਬਾਨ ਨੇ ਅਸਲਾ ਬਾਰੂਦ ਨਾਲ ਲੈਸ ਪੰਜਸ਼ੀਰ ਦੇ ਸਟੇਡੀਅਮ ਅਤੇ ਉਥੇ ਖੜ੍ਹੇ ਹੈਲੀਕਾਪਟਰਾਂ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇਸ ਹਮਲੇ ‘ਚ ਤਾਜਿਕ ਮੂਲ ਦੇ ਬਾਗ਼ੀ ਨੇਤਾ ਅਹਿਮਦ ਮਸੂਦ ਨੂੰ ਇਕ ਵੱਡਾ ਝਟਕਾ ਲੱਗਾ ਹੈ ਅਤੇ ਉਸ ਦੇ ਬੁਲਾਰੇ ਫ਼ਹੀਮ ਦਸ਼ਤੀ ਅਤੇ ਚੋਟੀ ਦੇ ਕਮਾਂਡਰ ਜਨਰਲ ਅਬਦੁਲ ਵਦੂਦ ਝੋਰ ਮਾਰੇ ਗਏ ਹਨ।
ਤਾਲਿਬਾਨ ਸਰਕਾਰ ਦੇ 14 ਵਜ਼ੀਰ ਕਾਲੀ ਸੂਚੀ ਵਿਚ
ਕਾਬੁਲ : ਅਫਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲ੍ਹਾ ਹਸਨ ਅਖੁੰਦ ਤੇ ਉਨ੍ਹਾਂ ਦੇ ਦੋਵੇਂ ਉਪ ਪ੍ਰਧਾਨ ਮੰਤਰੀਆਂ ਸਣੇ ਕਾਬੁਲ ਵਿਚ ਬਣੀ ਤਾਲਿਬਾਨ ਦੀ ਅੰਤ੍ਰਿਮ ਸਰਕਾਰ ਦੇ ਘੱਟੋ-ਘੱਟ 14 ਮੈਂਬਰਾਂ ਦੇ ਨਾਂ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿਚ ਸ਼ਾਮਲ ਹੋਣ ਕਰਕੇ ਕੌਮਾਂਤਰੀ ਭਾਈਚਾਰੇ ਦੀ ਚਿੰਤਾ ਵਧ ਗਈ ਹੈ। ਇਸੇ ਦੌਰਾਨ ਦੇਸ਼ ‘ਚ ਤਾਲਿਬਾਨ ਵਿਰੋਧੀ ਬਲਾਂ ਨੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਐਲਾਨੀ ਗਈ ਨਵੀਂ ਸਰਕਾਰ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਸਰਕਾਰ ਨੂੰ ਮਾਨਤਾ ਨਾ ਦਿੱਤੀ ਜਾਵੇ।
Check Also
ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਡੋਨਾਲਡ ਟਰੰਪ – ਟਰੰਪ ਨੇ ਮਸਕ ਦੇ ਕਦਮ ਨੂੰ ਦੱਸਿਆ ਮੂਰਖਤਾ ਪੂਰਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਵਲੋਂ ‘ਅਮਰੀਕਾ ਪਾਰਟੀ’ …