ਰਣਜੀਤ ਸਿੰਘ ਨੂੰ ਬੇਇੱਜ਼ਤ ਕਰਕੇ ਅਸੈਂਬਲੀ ‘ਚੋਂ ਕੀਤਾ ਬਾਹਰ
ਅੰਮ੍ਰਿਤਸਰ : ਪਾਕਿਸਤਾਨ ਦੀ ਖ਼ੈਬਰ ਪਖਤੂਨਖਵਾ ਸੂਬਾਈ ਅਸੈਂਬਲੀ ‘ਚ ਘੱਟ ਗਿਣਤੀ ਮੈਂਬਰ ਰਵੀ ਕੁਮਾਰ ਵਲੋਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖ਼ਾਨ ‘ਚ ਹਿੰਦੂ ਮੰਦਰ ‘ਤੇ ਹੋਏ ਹਮਲੇ ਬਾਰੇ ਪੇਸ਼ ਨਿੰਦਾ ਮਤਾ ਨੂੰ ਸਦਨ ਨੇ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਹੈ। ਪਰ ਇਸ ਤੋਂ ਬਾਅਦ ਜਦੋਂ ਮੁਤਹਿਦਾ ਮਜ਼ਲਿਸ-ਏ-ਅਮਲ ਪਾਕਿਸਤਾਨ ਪਾਰਟੀ ਦੇ ਸਿੱਖ ਐਮ. ਪੀ. ਏ. ਰਣਜੀਤ ਸਿੰਘ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਪਾਕਿਸਤਾਨ ‘ਚ ਢਾਹੇ ਗਏ 8 ਹਿੰਦੂ ਮੰਦਰਾਂ ਸਮੇਤ ਉੱਥੇ ਲਗਾਤਾਰ ਹਿੰਦੂ ਦੇਵੀ ਦੇਵਤਿਆਂ ਦੀ ਕੀਤੀ ਜਾ ਰਹੀ ਬੇਅਦਬੀ ਤੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਦਾ ਮਾਮਲਾ ਅਸੈਂਬਲੀ ‘ਚ ਚੁੱਕਿਆ ਤਾਂ ਸਪੀਕਰ ਤੇ ਹੋਰ ਮੈਂਬਰਾਂ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਅਸੰਬਲੀ ‘ਚੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦੀ ਪਾਕਿ ਦੇ ਹਿੰਦੂ ਤੇ ਸਿੱਖ ਭਾਈਚਾਰੇ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਧਰ ਭੌਂਗ ਸ਼ਹਿਰ ਦੇ ਮੰਦਰ ‘ਤੇ ਹਮਲਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਕ 8 ਸਾਲਾ ਹਿੰਦੂ ਲੜਕੇ ਦੀ ਅਦਾਲਤ ਵਲੋਂ ਕੀਤੀ ਗਈ ਰਿਹਾਈ ਦੇ ਵਿਰੋਧ ‘ਚ ਮੰਦਰ ‘ਤੇ ਹਮਲਾ ਕੀਤਾ ਗਿਆ ਸੀ, ਉਸ ਲੜਕੇ ਨੂੰ ਕਥਿਤ ਤੌਰ ‘ਤੇ ਸਥਾਨਕ ਮਦਰਸੇ ਦੇ ਬਾਹਰ ਪਿਸ਼ਾਬ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚੀਫ਼ ਜਸਟਿਸ ਨੇ 8 ਸਾਲ ਦੇ ਬੱਚੇ ਦੀ ਗ੍ਰਿਫ਼ਤਾਰੀ ‘ਤੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ ਕਿ ਕੀ ਪੁਲਿਸ ਨਾਬਾਲਗਾਂ ਦੀ ਮਾਨਸਿਕ ਸਮਰੱਥਾ ਨੂੰ ਸਮਝਣ ‘ਚ ਅਸਮਰਥ ਹੈ? ਇਸ ਦੇ ਬਾਅਦ ਮਾਮਲੇ ਦੀ ਸੁਣਵਾਈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਮੰਦਰ ‘ਤੇ ਹਮਲਾ ਕਰਨ ਵਾਲੇ 150 ਤੋਂ ਵਧੇਰੇ ਵਿਅਕਤੀਆਂ ਖ਼ਿਲਾਫ਼ ਅੱਤਵਾਦ ਤੇ ਪਾਕਿਸਤਾਨ ਪੈਨਲ ਕੋਡ ਦੀਆਂ ਹੋਰ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …