ਅਗਲੀ ਸੁਣਵਾਈ 6 ਮਾਰਚ ਨੂੰ; ਐੱਨਏਬੀ ਦੇ ਪੰਜ ਗਵਾਹਾਂ ਨੂੰ ਪੇਸ਼ ਹੋਣ ਦੇ ਹੁਕਮ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਇਹਤਸਾਬੀ ਕੋਰਟ ਨੇ ਜੇਲ੍ਹ ਵਿਚ ਬੰਦ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਬੇਗ਼ਮ ਬੁਸ਼ਰਾ ਬੀਬੀ ਖਿਲਾਫ਼ 190 ਮਿਲੀਅਨ (19 ਕਰੋੜ) ਪੌਂਡ ਅਲ ਕਾਦਿਰ ਭ੍ਰਿਸ਼ਟਾਚਾਰ ਕੇਸ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ।
ਜੱਜ ਨਾਸਿਰ ਜਾਵੇਦ ਨੇ ਕੇਸ ਦੀ ਸੁਣਵਾਈ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ੍ਹ ਵਿਚ ਕੀਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਬਾਨੀ ਵੱਖ ਵੱਖ ਕੇਸਾਂ ਤਹਿਤ ਇਸੇ ਜੇਲ੍ਹ ਵਿਚ ਕੈਦ ਹੈ।
ਜੱਜ ਵੱਲੋਂ ਚਾਰਜਸ਼ੀਟ ਪੜ੍ਹੇ ਜਾਣ ਮੌਕੇ ਖ਼ਾਨ ਤੇ ਬੁਸ਼ਰਾ ਕੋਰਟਰੂਮ ਵਿਚ ਮੌਜੂਦ ਸਨ।
ਕੌਮੀ ਇਹਤਸਾਬ ਬਿਊਰੋ (ਐੱਨਏਬੀ) ਨੇ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਦੇ ਨਾਂ ਉੱਤੇ ਹਜ਼ਾਰਾਂ ਕਨਾਲ ਜ਼ਮੀਨ ਕਥਿਤ ਹਾਸਲ ਕਰਨ ਨਾਲ ਜੁੜੇ ਕੇਸ ਵਿਚ ਜਾਂਚ ਵਿੱਢੀ ਸੀ। ਟਰੱਸਟ ਦੇ ਨਾਂ ਲਈ ਜ਼ਮੀਨ ਕਰਕੇ ਸਰਕਾਰੀ ਖ਼ਜ਼ਾਨੇ ਨੂੰ 19 ਕਰੋੜ ਪੌਂਡ ਦਾ ਚੂਨਾ ਲੱਗਣ ਦਾ ਦਾਅਵਾ ਕੀਤਾ ਗਿਆ ਸੀ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਇਸ ਕੇਸ ਵਿਚ 58 ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜੱਜ ਨੇ ਦੋਸ਼ ਆਇਦ ਕੀਤੇ ਜਾਣ ਮੌਕੇ ਖ਼ਾਨ ਨੂੰ ਜਦੋਂ ਪੁੱਛਿਆ ਕਿ ਕੀ ਉਹ ਅਪਰਾਧੀ ਹੈ ਜਾਂ ਨਹੀਂ।
ਖ਼ਾਨ ਨੇ ਜਵਾਬ ਦਿੱਤਾ, ”ਜਦੋਂ ਮੈਨੂੰ ਪਤਾ ਹੈ ਕਿ ਇਸ ਉੱਤੇ ਕੀ ਲਿਖਿਆ ਹੈ ਤਾਂ ਫਿਰ ਮੈਂ ਚਾਰਜਸ਼ੀਟ ਨੂੰ ਕਿਉਂ ਪੜ੍ਹਾਂ?” ਉਂਜ ਖ਼ਾਨ ਤੇ ਉਨ੍ਹਾਂ ਦੀ ਬੇਗ਼ਮ ਦੋਵਾਂ ਨੇ ਆਪਣੇ ਖਿਲਾਫ਼ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ। ਕੇਸ ਦੀ ਅਗਲੀ ਸੁਣਵਾਈ 6 ਮਾਰਚ ਨੂੰ ਹੋਵੇਗੀ ਤੇ ਕੋਰਟ ਨੇ ਐੱਨਏਬੀ ਦੇ ਪੰਜ ਗਵਾਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਇਹਤਸਾਬੀ ਕੋਰਟ ਵੱਲੋਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਵਿਚ ਖ਼ਾਨ ਜੋੜੇ ਨੂੰ 14 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਬੁਸ਼ਰਾ (49) ਖ਼ਾਨ ਦੀ ਇਸਲਾਮਾਬਾਦ ਸਥਿਤ ਬਾਨੀ ਗਾਲਾ ਰਿਹਾਇਸ਼ ਵਿਚ ਕੈਦ ਹੈ। ਅਲ-ਕਾਦਿਰ ਟਰੱਸਟ ਕੇਸ 190 ਮਿਲੀਅਨ ਪੌਂਡ ਦੀ ਸੈਟਲਮੈਂਟ ਨਾਲ ਸਬੰਧਤ ਹੈ।
Check Also
ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਡੋਨਾਲਡ ਟਰੰਪ – ਟਰੰਪ ਨੇ ਮਸਕ ਦੇ ਕਦਮ ਨੂੰ ਦੱਸਿਆ ਮੂਰਖਤਾ ਪੂਰਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਵਲੋਂ ‘ਅਮਰੀਕਾ ਪਾਰਟੀ’ …