Breaking News
Home / ਦੁਨੀਆ / ਭਾਰਤ ਤੇ ਅਮਰੀਕਾ ‘ਚ ਰੱਖਿਆ ਸਹਿਯੋਗ ਵਧਾਉਣ ‘ਤੇ ਬਣੀ ਸਹਿਮਤੀ

ਭਾਰਤ ਤੇ ਅਮਰੀਕਾ ‘ਚ ਰੱਖਿਆ ਸਹਿਯੋਗ ਵਧਾਉਣ ‘ਤੇ ਬਣੀ ਸਹਿਮਤੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਵਿਚਾਲੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਈ ਵਫ਼ਦ ਪੱਧਰ ਦੀ ਮੀਟਿੰਗ ‘ਚ ਦੋਵਾਂ ਦੇਸ਼ਾਂ ਦੇ ਫ਼ੌਜੀ ਸਬੰਧਾਂ ਦਾ ਦਾਇਰਾ ਵਧਾਉਣ ਲਈ ਚਰਚਾ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦਰਮਿਆਨ ਰੱਖਿਆ ਸਹਿਯੋਗ, ਫ਼ੌਜ ਤੋਂ ਫੌਜ ਦਾ ਸਬੰਧ, ਰੱਖਿਆ ਦੇ ਉੱਭਰਦੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਚਰਚਾ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁਲਾਕਾਤ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ‘ਚ ਕਿਹਾ ਕਿ ਅਸੀਂ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਪੂਰੀ ਸਮਰੱਥਾ ਨਾਲ ਸਾਕਾਰ ਕਰਨ ਪ੍ਰਤੀ ਵਚਨਬੱਧ ਹਾਂ। ਰੱਖਿਆ ਮੰਤਰੀ ਨੇ ਅੱਗੇ ਇਹ ਵੀ ਕਿਹਾ ਕਿ ਉਨ੍ਹਾਂ ਅਮਰੀਕੀ ਰੱਖਿਆ ਉਦਯੋਗ ਨੂੰ ਭਾਰਤ ‘ਚ ਇਸ ਖੇਤਰ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਵਧੇ ਹੋਏ ਦਾਇਰੇ ਤਹਿਤ ਇੱਥੇ (ਭਾਰਤ ‘ਚ) ਆਉਣ ਦਾ ਸੱਦਾ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਭਾਰਤੀ ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਸ਼ੀਸ਼ ਗੁਪਤਾ ਦੀ ਪਿਛਲੇ ਹਫ਼ਤੇ ਹੋਈ ਮੌਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕੀਤੀ। ਆਸਟਿਨ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਸਾਨੂੰ ਉਨ੍ਹਾਂ ਖ਼ਤਰਿਆਂ ਦੀ ਯਾਦ ਕਰਵਾਉਂਦੀ ਹੈ ਜੋ ਸਾਡੇ ਬਹਾਦਰ ਫ਼ੌਜੀ ਸਾਡੇ ਲੋਕਤੰਤਰ ਦੀ ਰਾਖੀ ਲਈ ਹਰ ਦਿਨ ਉਠਾਉਂਦੇ ਹਨ। ਅਮਰੀਕੀ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਅੰਤਰਰਾਸ਼ਟਰੀ ਗਤੀਸ਼ੀਲਤਾ ‘ਚ ਬਦਲਾਅ ਕਰਨ ‘ਚ ਅਹਿਮ ਭਾਈਵਾਲ ਹੈ। ਆਸਟਿਨ ਨੇ ਭਾਰਤ-ਪ੍ਰਸ਼ਾਂਤ ਖਿੱਤੇ ਲਈ ਭਾਰਤ ਲਈ ਰੱਖਿਆ ਸਾਂਝੇਦਾਰੀ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦੁਹਰਾਇਆ। ਰਾਜਨਾਥ ਸਿੰਘ ਅਤੇ ਆਸਟਿਨ ਨੇ ਮੁਲਾਕਾਤ ਦੌਰਾਨ ਅੱਤਵਾਦ ਸਮੇਂ ਕਈ ਦੁਵੱਲੇ ਅਤੇ ਬਹੁਧਿਰੀ ਸਮਝੌਤਿਆਂ ਦੀ ਸਮੀਖਿਆ ਵੀ ਕੀਤੀ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …