Breaking News
Home / ਦੁਨੀਆ / ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ‘ਤੇ ਕਬਜ਼ਾ

ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ‘ਤੇ ਕਬਜ਼ਾ

ਦੇਸ਼ ਦਾ ਸਾਰਾ ਉਤਰੀ ਪੂਰਬੀ ਭਾਗ ਤਾਲਿਬਾਨ ਦੇ ਕਬਜ਼ੇ ਹੇਠ
ਕਾਬੁਲ/ਬਿਊਰੋ ਨਿਊਜ਼ : ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਸੈਨਾ ਦੇ ਸਥਾਨਕ ਦਫ਼ਤਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਦੇਸ਼ ਦਾ ਸਾਰਾ ਉੱਤਰ-ਪੂਰਬੀ ਭਾਗ ਤਾਲਿਬਾਨ ਦੇ ਕਬਜ਼ੇ ਹੇਠ ਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਨਾਲ ਅਫ਼ਗਾਨਿਸਤਾਨ ਦਾ ਦੋ-ਤਿਹਾਈ ਹਿੱਸਾ ਤਾਲਿਬਾਨ ਦੇ ਕਬਜ਼ੇ ਹੇਠ ਚਲਾ ਗਿਆ ਹੈ। ਅਮਰੀਕੀ ਸੈਨਿਕਾਂ ਦੀ ਪੂਰਨ ਵਾਪਸੀ ਦੌਰਾਨ ਤਾਲਿਬਾਨ ਦਾ ਇਹ ਕਬਜ਼ਾ ਹੋਇਆ ਹੈ।
ਉੱਤਰ-ਪੂਰਬੀ ਵਿੱਚ ਬਦਖ਼ਸ਼ਾਂ ਤੇ ਬਗਲਾਨ ਸੂਬੇ ਦੀ ਰਾਜਧਾਨੀ ਤੋਂ ਲੈ ਕੇ ਪੱਛਮ ਵਿੱਚ ਫਰਾਹ ਸੂਬੇ ਤੱਕ ਹਿੱਸਾ ਤਾਲਿਬਾਨ ਦੇ ਕਬਜ਼ੇ ਹੇਠ ਚਲਾ ਗਿਆ ਹੈ। ਕੁੰਦੂਜ ਸੂਬੇ ਦਾ ਅਹਿਮ ਟਿਕਾਣਾ ਵੀ ਦੇਸ਼ ਦੇ ਹੱਥੋਂ ਨਿਕਲ ਗਿਆ ਹੈ। ਇਹ ਕਬਜ਼ਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰ ਬਲਖ ਸੂਬੇ ‘ਚ ਗਏ ਹਨ ਤਾਂ ਕਿ ਉੱਤਰ ਵਿੱਚ ਸਥਿਤ ਸਭ ਤੋਂ ਵੱਡੇ ਸੂਬੇ ਨੇੜੇ ਪੁੱਜੇ ਤਾਬਿਲਾਨੀਆਂ ਨੂੰ ਪਿੱਛੇ ਧੱਕਣ ਲਈ ਸਥਾਨਕ ਲੜਾਕੂਆਂ ਦੀ ਮਦਦ ਲਈ ਜਾ ਸਕੇ।
ਫਰਾਹ ਸੂਬੇ ਦੇ ਸੰਸਦ ਮੈਂਬਰ ਹਮਾਯੂੰ ਸ਼ਹੀਦਜ਼ਾਦਾ ਨੇ ਪੁਸ਼ਟੀ ਕੀਤੀ ਕਿ ਫਰਾਹ ਨਾਂ ਨਾਲ ਹੀ ਜਾਣੀ ਜਾਂਦੀ ਸੂਬੇ ਦੀ ਰਾਜਧਾਨੀ ਤਾਲਿਬਾਨ ਦੇ ਕਬਜ਼ੇ ਹੇਠ ਚਲੀ ਗਈ ਹੈ। ਬਦਖ਼ਸ਼ਾਂ ਦੇ ਸੰਸਦ ਮੈਂਬਰ ਹੁਜਾਤੁੱਲ੍ਹਾ ਖੋਰਾਦਮੰਦ ਨੇ ਕਿਹਾ ਕਿ ਤਾਲਿਬਾਨ ਨੇ ਸੂਬੇ ਦੀ ਰਾਜਧਾਨੀ ਫੈਜ਼ਾਬਾਦ ‘ਤੇ ਕਬਜ਼ਾ ਕਰ ਲਿਆ ਹੈ।
ਕਾਬੁਲ ‘ਤੇ ਵੀ ਤਾਲਿਬਾਨ ਕਰ ਸਕਦਾ ਹੈ ਕਬਜ਼ਾ: ਅਮਰੀਕਾ
ਕਾਬੁਲ : ਤਾਲਿਬਾਨ ਦੇ ਲੜਾਕੂ ਅਗਲੇ 90 ਦਿਨਾਂ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰ ਸਕਦੇ ਹਨ। ਇਹ ਖਦਸ਼ਾ ਅਮਰੀਕੀ ਖ਼ੁਫੀਆ ਵਿਭਾਗ ਨੇ ਜਤਾਇਆ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਨੂੰ ਖਦੇੜਣ ਵਾਲੀਆਂ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਤੋਂ ਵਾਪਸੀ ਸ਼ੁਰੂ ਕਰ ਦਿੱਤੀ ਹੈ ਜਿਸ ਮਗਰੋਂ ਤਾਲਿਬਾਨ ਨੇ ਆਪਣੀਆਂ ਖਾੜਕੂ ਗਤੀਵਿਧੀਆਂ ਤੇਜ਼ ਕਰਦਿਆਂ ਅਫਗਾਨਿਸਤਾਨ ਦੇ 65 ਫੀਸਦ ਹਿੱਸੇ ‘ਤੇ ਮੁੜ ਕਬਜ਼ਾ ਕਰ ਲਿਆ । ਅਮਰੀਕਾ ਦੇ ਖੁਫੀਆ ਵਿਭਾਗ ਦੇ ਅਧਿਕਾਰੀ ਨੇ ਨਾਂ ਗੁਪਤ ਰੱਖਦਿਆਂ ਕਿਹਾ ਕਿ ਜੇਕਰ ਅਫਗਾਨ ਫੌਜਾਂ ਨੇ ਤਾਲਿਬਾਨ ਖਿਲਾਫ ਮਿਲਟਰੀ ਕਾਰਵਾਈ ‘ਚ ਤੇਜ਼ੀ ਲਿਆਂਦੀ ਤਾਂ ਤਾਲਿਬਾਨ ਲੜਾਕੂ ਆਪਣੇ ਮਨਸੂਬਿਆਂ ‘ਚ ਸਫਲ ਨਹੀਂ ਹੋ ਸਕਣਗੇ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …