Breaking News
Home / Special Story / ਕਿਸਾਨ ਸੰਸਦ ‘ਚ ਨਰਿੰਦਰ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਪਾਸ

ਕਿਸਾਨ ਸੰਸਦ ‘ਚ ਨਰਿੰਦਰ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਪਾਸ

ਕਿਸਾਨ ਬੀਬੀਆਂ ਵੱਲੋਂ ਵਿਸ਼ੇਸ਼ ਸੈਸ਼ਨ ਦੌਰਾਨ ‘ਕਾਰਪੋਰੇਟ ਖੇਤੀ ਛੱਡੋ-ਮੋਦੀ ਗੱਦੀ ਛੱਡੋ’ ਦਾ ਨਾਅਰਾ ਬੁਲੰਦ
ਨਵੀ ਦਿੱਲੀ/ਬਿਊਰੋ ਨਿਊਜ਼ : ਕਿਸਾਨ ਸੰਸਦ ਦੇ 13ਵੇਂ ਅਤੇ ਅਖ਼ੀਰਲੇ ਦਿਨ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ‘ਭਾਰਤ ਛੱਡੋ ਅੰਦੋਲਨ’ ਦੀ ਸੋਮਵਾਰ ਨੂੰ ਵਰ੍ਹੇਗੰਢ ਮੌਕੇ ਮਹਿਲਾਵਾਂ ਦੇ ਸਪੈਸ਼ਲ ਸੈਸ਼ਨ ਨੇ ਕਾਰਪੋਰੇਟ ਨੂੰ ਖੇਤੀ ਵਿੱਚੋਂ ਬਾਹਰ ਕਰਨ ਅਤੇ ਭਾਜਪਾ ਸਰਕਾਰ ਦੇ ਅਸਤੀਫ਼ੇ ਦਾ ਨਾਅਰਾ ਬੁਲੰਦ ਕੀਤਾ। ਕਿਸਾਨ ਸੰਸਦ ਮੁਤਾਬਕ ਮੋਦੀ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਿੱਚ ਨਾਕਾਮਯਾਬ ਰਹੀ ਹੈ। ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਲੋਕਾਂ ਦੀ ਇੱਛਾ ਦੇ ਵਿਰੁੱਧ ਜਾ ਕੇ ਕਿਸਾਨ ਵਿਰੋਧੀ, ਲੋਕ ਵਿਰੋਧੀ, ਕਾਰਪੋਰੇਟ ਪੱਖੀ ਅਤੇ ਲੋਕਾਂ ਨੂੰ ਵੰਡਣ ਲਈ ਫਿਰਕੂ ਨੀਤੀਆਂ ਲਾਗੂ ਕਰ ਰਹੀ ਹੈ। ਮਹਿਲਾ ਕਿਸਾਨ ਆਗੂਆਂ ਨੇ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਠ ਚੁੱਕਾ ਹੈ। ਸਦਨ ਦਾ ਇਹ ਮੱਤ ਸੀ ਕਿ ਮੋਦੀ ਸਰਕਾਰ ਕੋਲ ਸੱਤਾ ‘ਚ ਰਹਿਣ ਦਾ ਕੋਈ ਇਖਲਾਕੀ, ਨੈਤਿਕ ਅਤੇ ਸੰਵਿਧਾਨਿਕ ਹੱਕ ਨਹੀਂ ਬਚਿਆ ਹੈ। ਸਰਕਾਰ ਤੇਲ ਅਤੇ ਜ਼ਰੂਰੀ ਵਸਤਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹੀ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸੰਸਦ ਵਿੱਚ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਸਾਰੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਪਾਸ ਕਰਵਾ ਕੇ ਲੋਕਾਂ ਉਪਰ ਥੋਪ ਦਿੱਤੇ ਗਏ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ‘ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਇਸਦੇ ਨਤੀਜੇ ਵਜੋਂ ਬੋਲਣ ਦੀ ਆਜ਼ਾਦੀ ਘੱਟ ਰਹੀ ਹੈ ਜਿਸ ਨੂੰ ਵਾਪਸ ਹਾਸਲ ਕਰਨ ਵਿੱਚ ਮੌਜੂਦਾ ਕਿਸਾਨ ਅੰਦੋਲਨ ਦਾ ਅਹਿਮ ਰੋਲ ਰਿਹਾ ਹੈ। ਕਿਸਾਨ ਸੰਸਦ ‘ਚ ਦੀ ਸਾਰੀ ਕਾਰਵਾਈ ਮਹਿਲਾਵਾਂ ਨੇ ਚਲਾਈ।
ਵੱਖ-ਵੱਖ ਸੈਸ਼ਨਾਂ ‘ਚ ਸਪੀਕਰ, ਡਿਪਟੀ ਸਪੀਕਰ ਵਜੋਂ ਡਾ. ਰਣਵੀਰ ਕੌਰ ਭੰਗੂ, ਰਮਨ ਨੈਨ, ਊਸ਼ਾ ਰਾਣੀ, ਸੁਨੀਤਾ ਟਿਕੈਤ, ਪੀ. ਕ੍ਰਿਸ਼ਨਾ ਮਲ, ਸੁਦੇਸ਼, ਜਸਬੀਰ ਕੌਰ ਨੱਤ ਅਤੇ ਮੌਰੀਨ ਕਾਲੇਕਾ ਨੇ ਭੂਮਿਕਾ ਨਿਭਾਈ। ਮਹਿਲਾ ਕਿਸਾਨ ਸੰਸਦ ਨੂੰ ਨਾਮਵਰ ਬੁੱਧੀਜੀਵੀਆਂ ਡਾ.ਅਨੁਪਮਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ.ਨਵਸ਼ਰਨ ਕੌਰ ਦਿੱਲੀ ਨੇ ਸੰਬੋਧਨ ਕੀਤਾ। ਡਾ. ਨਵਸ਼ਰਨ ਨੇ ਤਿੰਨੋਂ ਖੇਤੀ ਕਾਨੂੰਨਾਂ ਅਤੇ ਦੇਸ਼ ‘ਚ ਵਿਸ਼ਾਲ ਪੱਧਰ ‘ਤੇ ਫੈਲੀ ਭੁੱਖਮਰੀ ਬਾਰੇ ਖਿਆਲ ਪ੍ਰਗਟਾਏ ਅਤੇ ਡਾ. ਅਨੁਪਮਾ ਨੇ ਖੁਰਾਕ ਸੁਰੱਿਖਆ ਕਾਨੂੰਨ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਸਦਨ ਵੱਲੋਂ ਟੋਕੀਓ ਉਲੰਪਿਕ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਤੇ ਦੇਸ਼ ਲਈ ਤਮਗੇ ਲੈ ਕੇ ਆਉਣ ਵਾਲੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਾ ਮਤਾ ਵੀ ਪਾਸ ਕੀਤਾ ਗਿਆ। ਇਸ ਦੌਰਾਨ ਕਰੀਬ 90 ਮਹਿਲਾ ਕਿਸਾਨ ਆਗੂਆਂ ਨੇ ਆਪਣੇ ਵਿਚਾਰ ਰੱਖੇ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅਖੀਰ ਵਿੱਚ ਸਦਨ ਸਾਹਮਣੇ ਬੇਭਰੋਸਗੀ ਦੇ ਮਤੇ ਲਈ ਸਮਰਥਨ ਮੰਗਿਆ ਜਿਸ ਨੂੰ ਸਾਰੇ ਮੈਂਬਰਾਂ ਨੇ ਇੱਕ ਸੁਰ ‘ਚ ਪਾਸ ਕਰ ਦਿੱਤਾ। ਘੱਟੋ-ਘੱਟ ਸਮਰਥਨ ਮੁੱਲ ਸਬੰਧੀ 5 ਜੁਲਾਈ ਨੂੰ ਪਾਸ ਕੀਤੇ ਗਏ ਮਤੇ ਵਿੱਚ ਵੀ ਹਾਊਸ ਨੇ ਸਰਬਸੰਮਤੀ ਨਾਲ ਕੁਝ ਨਵੇਂ ਸੁਝਾਅ ਪਾਸ ਕੀਤੇ। ਸਦਨ ਨੇ ਕਿਸਾਨ ਸੰਸਦ ਦੀ ਕਾਰਵਾਈ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ।
ਭਾਜਪਾ ਨੂੰ ਗੱਦੀ ਛੱਡ ਦੇਣੀ ਚਾਹੀਦੀ ਹੈ: ਟਿਕੈਤ
ਗਾਜ਼ੀਪੁਰ ਹੱਦ ‘ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹਰਿਆਣਾ ਦੇ ਸੂਬਾ ਪ੍ਰਧਾਨ ਰਤਨ ਮਾਨ ਅਤੇ ਮੁਜ਼ੱਫਰਨਗਰ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਪਹਿਲੀ ਕਿਸਾਨ ਮਹਾਪੰਚਾਇਤ ਨੂੰ ਸਫਲ ਬਣਾਉਣ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਯੂਪੀ ਤੇ ਉੱਤਰਾਖੰਡ ਮਿਸ਼ਨ ਦਾ ਪ੍ਰਭਾਵ ਵਧਾਉਣ ਲਈ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਪ੍ਰੈੱਸ ਕਾਨਫਰੰਸਾਂ, ਹਰਿਆਣਾ ਵਿੱਚ ਮਜ਼ਦੂਰ ਕਾਨਫਰੰਸਾਂ ਤੇ ਕਿਸਾਨ ਪੰਚਾਇਤਾਂ ਕਰਨ ਦਾ ਫੈਸਲਾ ਕੀਤਾ ਗਿਆ। ਰਾਕੇਸ਼ ਟਿਕੈਤ ਨੇ ਇੱਕ ਨਾਅਰਾ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਗੱਦੀ ਛੱਡ ਦੇਣੀ ਚਾਹੀਦੀ ਹੈ। ਟਿਕੈਤ ਨੇ ਕਿਹਾ ਕਿ ਜੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਭਾਜਪਾ ਗੱਦੀ ਛੱਡਣ ਲਈ ਮਜਬੂਰ ਹੋਵੇਗੀ।
ਕਿਸਾਨਾਂ ਲਈ ਪੁਲਿਸ ਅਧਿਕਾਰੀ ਨੇ ਭੱਦੀ ਸ਼ਬਦਾਵਲੀ ਦੀ ਕੀਤੀ ਵਰਤੋਂ
ਕਿਸਾਨ ਆਗੂਆਂ ਨੇ ਥਾਣਾ ਬਨੂੜ ਮੁਖੀ ਖ਼ਿਲਾਫ਼ ਕਾਰਵਾਈ ਮੰਗੀ
ਬਨੂੜ/ਬਿਊਰੋ ਨਿਊਜ਼ : ਥਾਣਾ ਬਨੂੜ ਦੇ ਐੱਸਐੱਚਓ ਬਲਵਿੰਦਰ ਸਿੰਘ ਵੱਲੋਂ ਕਿਸਾਨਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਹੈ। ਵੱਖ-ਵੱਖ ਕਿਸਾਨ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਅਤੇ ਪੁਲਿਸ ਅਧਿਕਾਰੀਆਂ ਤੋਂ ਸਬੰਧਤ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਜ ਦਰਜਨ ਤੋਂ ਵੱਧ ਕਿਸਾਨ ਬਨੂੜ ਦੇ ਖੇਡ ਸਟੇਡੀਅਮ ਵਿੱਚ ਆ ਰਹੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਖਿਲਾਫ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। ਕਿਸਾਨ ਸ਼ਾਂਤਮਈ ਢੰਗ ਨਾਲ ਸਟੇਡੀਅਮ ਦੇ ਬਾਹਰ ਸੜਕ ਦੇ ਡਿਵਾਈਡਰ ‘ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ ਕਿ ਥਾਣਾ ਮੁਖੀ ਨੇ ਉਨ੍ਹਾਂ ਨੂੰ ਸੜਕ ਦੇ ਦੂਜੇ ਪਾਸੇ ਜਾ ਕੇ ਮੁਜ਼ਾਹਰਾ ਕਰਨ ਲਈ ਕਥਿਤ ਤੌਰ ‘ਤੇ ਦਬਾਅ ਪਾਇਆ। ਇਸ ਦੌਰਾਨ ਥਾਣਾ ਮੁਖੀ ਦੀ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ ਨਾਲ ਬਹਿਸ ਹੋਈ ਤੇ ਮਗਰੋਂ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨਾਲ ਤਕਰਾਰ ਹੋਈ। ਇਸ ਸਮੇਂ ਥਾਣਾ ਮੁਖੀ ਨੇ ਕਿਸਾਨਾਂ ਲਈ ਕਥਿਤ ਤੌਰ ‘ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪੁਲਿਸ ਅਧਿਕਾਰੀ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਮੁੱਖ ਮੰਤਰੀ ਤੋਂ ਥਾਣਾ ਮੁਖੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਨੇ ਆਰੋਪ ਨਕਾਰੇ : ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਪਟਵਾਰੀ ਦੀ ਅਸਾਮੀ ਲਈ ਪੇਪਰ ਕਾਰਨ ਸੜਕ ‘ਤੇ ਭੀੜ ਸੀ ਤੇ ਕਿਸਾਨ ਸੜਕ ਜਾਮ ਕਰਨਾ ਚਾਹੁੰਦੇ ਸਨ। ਉਹ ਕਿਸਾਨਾਂ ਨੂੰ ਸੜਕ ਉੱਤੇ ਆਉਣ ਤੋਂ ਰੋਕ ਰਹੇ ਸਨ। ਉਨ੍ਹਾਂ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਬੋਲਣ ਦੇ ਆਰੋਪਾਂ ਨੂੰ ਨਕਾਰਿਆ।
ਕਿਸਾਨ ਜਥੇਬੰਦੀਆਂ ਨੇ ‘ਮੋਦੀ ਕਾਰਪੋਰੇਟਾਂ ਦਾ ਮੋਹ ਛੱਡੇ’ ਮੁਹਿੰਮ ਚਲਾਉਣ ਦਾ ਦਿੱਤਾ ਸੱਦਾ
ਦੇਸ਼ ਦੇ ਸਮੂਹ ਵਰਗ ਕਾਰਪੋਰੇਟਾਂ ਖਿਲਾਫ ਨਿੱਤਰਨ: ਕਿਸਾਨ ਆਗੂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਜਥੇਬੰਦੀਆਂ ਨੇ ਭਾਰਤ ਛੱਡੋ ਅੰਦੋਲਨ ਦੀ ਤਰਜ਼ ‘ਤੇ ‘ਮੋਦੀ ਕਾਰਪੋਰੇਟਾਂ ਦਾ ਮੋਹ ਛੱਡੇ’ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਦੇ ਟਿਕਾਣਿਆਂ, ਪੈਟਰੋਲ ਪੰਪਾਂ ਤੇ ਸਵਾ ਸੌ ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੂੰ ਵਪਾਰ ਕਰਨ ਦੀ ਖੁੱਲ੍ਹ ਦੇਣ ਤੋਂ ਬਾਅਦ ਗੋਰਿਆਂ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ ਸੀ, ਉਸੇ ਤਰ੍ਹਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ, ਭਾਰਤ ਦੇ ਲੋਕਾਂ ਨੂੰ ਦੇਸੀ-ਵਿਦੇਸ਼ੀ ਕੰਪਨੀ ਕੋਲ ਆਰਥਿਕ ਤੌਰ ‘ਤੇ ਗੁਲਾਮ ਬਣਾਉਣ ਦੇ ਰਾਹ ਪਈ ਹੋਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਨੂੰ ਖਦੇੜਨ ਲਈ ‘ਭਾਰਤ ਛੱਡੋ’ ਦਾ ਨਾਅਰਾ ਬੁਲੰਦ ਕਰਕੇ ਪੂਰੇ ਮੁਲਕ ਨੂੰ ਹਲੂਣਾ ਦਿੱਤਾ ਸੀ, ਉਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੀ ਨਾਅਰਾ ਬੁਲੰਦ ਕਰ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਵੀ ਕਾਰਪੋਰੇਟ ਘਰਾਣਿਆਂ ਦਾ ਮੋਹ ਤਿਆਗ ਕੇ ਮੁਲਕ ਨੂੰ ਆਰਥਿਕ ਤੌਰ ‘ਤੇ ਗੁਲਾਮ ਬਣਾਉਣ ਤੋਂ ਰੋਕਣ।
ਕਿਸਾਨੀ ਸੰਘਰਸ਼ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ
ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਾਰਪੋਰੇਟ ਘਰਾਣਿਆਂ ਨਾਲੋਂ ਮੋਹ ਤੋੜਨ ਲਈ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਜਿਸ ਲਈ ਦੇਸ਼ ਦੇ ਸਮੂਹ ਵਰਗ ਇਕਜੁੱਟ ਹੋ ਕੇ ਕਾਰਪੋਰੇਟਾਂ ਖਿਲਾਫ ਨਿੱਤਰਨ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਹੁਣ ਮਹਿਜ਼ ਕਿਸਾਨੀ ਲਈ ਹੀ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ, ਸਗੋਂ ਸਾਰੇ ਦੇਸ਼ ਲਈ ਫਿਕਰ ਵਾਲੀ ਗੱਲ ਹੈ।
ਪ੍ਰਿਅੰਕਾ ਗਾਂਧੀ ਨੇ ਕਿਸਾਨਾਂ ਨੂੰ ਦੱਸਿਆ ਇਸ ਮੁਲਕ ਦੀ ਰੂਹ
ਕਿਹਾ – ਯੋਗੀ ਸਰਕਾਰ ਇਸ਼ਤਿਹਾਰਾਂ ਨਾਲ ਕਿਸਾਨਾਂ ਦੀ ਹਾਲਤ ਨਹੀਂ ਛਿਪਾ ਸਕਦੀ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਹ ਪੂਰੇ ਪੰਨੇ ਦੇ ਇਸ਼ਤਿਹਾਰ ਦੇ ਕੇ ਕਿਸਾਨਾਂ ਦੀ ਤਰਸਯੋਗ ਹਾਲਤ ਨੂੰ ਨਹੀਂ ਛਿਪਾ ਸਕਦੀ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਯੋਗੀ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਬਾਰੇ ਕੀ ਕੀਤਾ। ਕਾਂਗਰਸ ਦੀ ਜਨਰਲ ਸਕੱਤਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਾਨਪੁਰ ਦਿਹਾਤ ਤਹਿਤ ਆਉਂਦੇ ਪਿੰਡ ਪਿਚੌਰਾ ‘ਚ ਹੜ੍ਹਾਂ ਕਾਰਨ ਫਸਲ ਬਰਬਾਦ ਹੋਣ ‘ਤੇ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ,”ਕਿਸਾਨ ਇਸ ਮੁਲਕ ਦੀ ਰੂਹ ਹਨ। ਯੂਪੀ ਸਰਕਾਰ ਪੂਰੇ ਪੰਨੇ ਦੇ ਇਸ਼ਤਿਹਾਰ ਦੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਛਿਪਾ ਨਹੀਂ ਸਕਦੀ ਹੈ। ਮੈਨੂੰ ਦੱਸੋ ਕਿ ਆਵਾਰਾ ਪਸ਼ੂਆਂ, ਫਸਲ ਦੇ ਨੁਕਸਾਨ ਲਈ ਮੁਆਵਜ਼ੇ, ਮਹਿੰਗਾਈ ਅਤੇ ਬਿਜਲੀ ਦੀਆਂ ਕੀਮਤਾਂ ਬਾਰੇ ਤੁਸੀਂ ਕੀ ਕੁਝ ਕੀਤਾ ਹੈ?” ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਕਈ ਹੋਰ ਵਿਰੋਧੀ ਧਿਰਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਕਿਸਾਨੀ ਮੋਰਚਿਆਂ ‘ਤੇ ਵੀ ਤੀਆਂ ਦੀ ਗੂੰਜ
ਬਰਨਾਲਾ : ਬਰਨਾਲਾ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਲੱਗੇ ਕਿਸਾਨੀ ਮੋਰਚੇ ਵਿੱਚ ਕਿਸਾਨ ਬੀਬੀਆਂ ਨੇ ਸੰਗਰਾਮੀ ਰੰਗ ਵਿੱਚ ਤੀਆਂ ਮਨਾਈਆਂ। ਉਨ੍ਹਾਂ ਇਨਕਲਾਬੀ ਬੋਲੀਆਂ ਪਾ ਕੇ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਗਿੱਧੇ ‘ਚ ਧਮਾਲਾਂ ਪਾਉਂਦੀਆਂ ਬੀਬੀਆਂ ਨੇ ‘ਵਾਪਸ ਨਹੀਂ ਮੁੜਨਾ, ਬਿੱਲ ਵਾਪਸ ਕਰਵਾਉਣੇ’, ‘ਬੋਲੋ ਵੀਰੋ ਵੇ ਬਾਪੂ ਕੱਲ੍ਹਾ ਨਾਅਰੇ ਮਾਰਦਾ’, ‘ਹੋਊ ਸਰਕਾਰਾਂ ਨੂੰ ਪਾਲਾ, ਲੋਕਾਂ ਨੂੰ ਡਰ ਕੋਈ ਨਾ’, ‘ਕੱਠੇ ਹੋ ਕੇ ਮਾਰੋ ਹੰਭਲਾ, ਬਿੱਲ ਵਾਪਸ ਕਰਵਾਉਣੇ’ ਆਦਿ ਬੋਲੀਆਂ ਪਾਈਆਂ। ਇਸ ਪ੍ਰੋਗਰਾਮ ਵਿੱਚ ਕਰਮਗੜ੍ਹ, ਖੁੱਡੀ ਕਲਾਂ ਅਤੇ ਠੀਕਰੀਵਾਲਾ ਦੀਆਂ ਮਹਿਲਾ ਟੀਮਾਂ ਨੇ ਹਿੱਸਾ ਲਿਆ। ਕਨਵੀਨਰ ਬਲਵੰਤ ਸਿੰਘ ਉਪਲੀ ਨੇ ਬੀਬੀਆਂ ਦਾ ਧੰਨਵਾਦ ਕੀਤਾ।
ਸੰਗਰੂਰ : ਪਿੰਡ ਬਡਰੁੱਖਾਂ ਵਿੱਚ ਤੀਆਂ ਦੇ ਮੇਲੇ ਦੌਰਾਨ ਕੁੜੀਆਂ ਅਤੇ ਮਹਿਲਾਵਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪੁਤਲਾ ਫ਼ੂਕਦਿਆਂ ਮੁਜ਼ਾਹਰਾ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ‘ਤੇ ‘ਸੰਗਰਾਮੀ ਤੀਆਂ’ ਮਨਾਈਆਂ ਗਈਆਂ। ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਅਤੇ ਬਚਿੱਤਰ ਕੌਰ ਮੋਗਾ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਔਰਤਾਂ ਦੀਆਂ ਟੀਮਾਂ ਬਣਾ ਕੇ ਸਟੇਜ ਤੋਂ ਇਨਕਲਾਬੀ ਬੋਲੀਆਂ ਦਾ ਆਗਾਜ਼ ਕੀਤਾ ਗਿਆ।
ਖੇਤੀ ਕਾਨੂੰਨਾਂ ਖਿਲਾਫ ਬੁੱਧੀਜੀਵੀਆਂ ਨੇ ਆਵਾਜ਼ ਕੀਤੀ ਬੁਲੰਦ
ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇ ਮੱਦਦ
ਅੰਮ੍ਰਿਤਸਰ : ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ ਅਤੇ ਸਾਫ਼ਮਾ ਵੱਲੋਂ 26ਵੇਂ ਹਿੰਦ-ਪਾਕਿ ਦੋਸਤੀ ਮੇਲੇ ਮੌਕੇ ਅੰਮ੍ਰਿਤਸਰ ‘ਚ ਕਰਵਾਏ ਗਏ ਸੈਮੀਨਾਰ ਵਿੱਚ ਪਾਸ ਕੀਤੇ ਗਏ ਮਤਿਆਂ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਭਾਰਤ ਪਾਕਿਸਤਾਨ ਦੀਆਂ ਸਰਕਾਰਾਂ ਦੁਵੱਲਾ ਵਪਾਰ ਖੋਲ੍ਹਣ ਅਤੇ ਸਿੱਖ ਸੰਗਤ ਦੀ ਮੰਗ ਦੇ ਮੱਦੇਨਜ਼ਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਪੈਗਾਸਿਸ ਸਪਾਈਵੇਅਰ ਦੀ ਨਿਰਪੱਖ ਜਾਂਚ ਕਰਵਾਏ। ਕਿਸਾਨ ਅੰਦੋਲਨ ਨੂੰ ਸਮਰਪਿਤ ਇਸ ਸੈਮੀਨਾਰ ਦੀ ਸ਼ੁਰੂਆਤ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਕੇਂਦਰ ਦੇ ਪੂੰਜੀਪਤੀਆਂ ਪੱਖੀ ਬਣਾਏ ਗਏ ਕਾਨੂੰਨ ਗਰੀਬਾਂ, ਕਿਸਾਨਾਂ ਤੇ ਕਾਰੋਬਾਰੀਆਂ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਲੋਕ ਪੱਖੀ ਜਥੇਬੰਦੀਆਂ ਨੂੰ ਦੇਸ਼ ਬਚਾਉਣ ਲਈ ਸੰਘਰਸ਼ਸ਼ੀਲ ਹੋਣ ਦਾ ਸੱਦਾ ਦਿੱਤਾ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿਸਾਨੀ ਅੰਦੋਲਨ ਨੇ ਕੇਂਦਰ ਤੇ ਪੂੰਜੀਪਤੀ ਅਦਾਰਿਆਂ ਨੂੰ ਵੱਡੀ ਚੁਣੌਤੀ ਦਿੱਤੀ ਹੈ ਤੇ ਅੰਦੋਲਨ ਨੇ ਦੇਸ਼ ਅੰਦਰ ਰਾਜਸੀ ਚੇਤਨਾ ਵੀ ਲਿਆਂਦੀ ਹੈ, ਜਿਹੜੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਯਤਨਾਂ ਨੂੰ ਕਾਬੂ ਕਰੇਗੀ। ਪ੍ਰੋ. ਕੁਲਦੀਪ ਸਿੰਘ ਨੇ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਜਾਰੀ ਰੱਖਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਸਬੰਧ ਸੁਧਰਨ ਨਹੀਂ ਦੇਣਾ ਚਾਹੁੰਦੀਆਂ, ਇਸ ਲਈ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਆਪਣੇ-ਆਪਣੇ ਦੇਸ਼ ਵਿੱਚ ਆਵਾਜ਼ ਬੁਲੰਦ ਕਰਨੀ ਪਵੇਗੀ। ‘ਪ੍ਰੀਤਲੜੀ’ ਦੀ ਸੰਪਾਦਕ ਪੂਨਮ ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਭਾਸ਼ਾ ਅਤੇ ਸਭਿਆਚਾਰ ਰਾਹੀਂ ਜੁੜੇ ਰਹਿਣ ਲਈ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ।
ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਲੋਕ ਪੱਖੀ ਜਥੇਬੰਦੀਆਂ ਨਾਲ ਮਿਲ ਕੇ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਭਾਈਚਾਰੇ ਲਈ ਯਤਨ ਕਰਦੀ ਰਹੇਗੀ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਸਰਕਾਰੀਆ ਨੇ ਪਾਸ ਕੀਤੇ ਮਤੇ ਪੜ੍ਹੇ। ਗੁਰੂ ਰਾਮਦਾਸ ਨਰਸਿੰਗ ਕਾਲਜ ਦੀ ਐੱਮਡੀ ਹਰਜਿੰਦਰ ਕੌਰ ਕੰਗ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਸੰਯੁਕਤ ਕਿਸਾਨ ਮੋਰਚੇ ਦੇ ਅੰਦਰੂਨੀ ਮਾਮਲਿਆਂ ਲਈ ਦੋ ਕਮੇਟੀਆਂ ਕਾਇਮ
ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ‘ਚ ਮੋਰਚੇ ਦੀ ਹੋਈ ਬੈਠਕ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦਾ ਹਰਿਆਣਾ ਸੂਬੇ ਤੋਂ ਹਿੱਸਾ ਬਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਤੇ ਲਾਏ ਆਰੋਪਾਂ, ਪੰਜਾਬ ਤੋਂ ਚਾਰ ਹੋਰ ਗੁੱਟਾਂ ਦੇ ਮੋਰਚੇ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਸਮੇਤ ਕਿਸਾਨ ਮੋਰਚੇ ਦੇ ਅੰਦਰੂਨੀ ਮਾਮਲਿਆਂ ਲਈ ਪੰਜ-ਪੰਜ ਮੈਂਬਰਾਂ ਦੀਆਂ ਦੋ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਕਮੇਟੀਆਂ ਵਿੱਚੋਂ ਇਕ ਕਮੇਟੀ ਹਰਿਆਣਾ ਦੀਆਂ ਹੋਰਨਾਂ ਯੂਨੀਅਨਾਂ/ਖਾਪਾਂ ਨਾਲ ਤਾਲਮੇਲ ਮਜ਼ਬੂਤ ਕਰੇਗੀ ਤੇ ਇੱਕ ਕਮੇਟੀ ਕੌਮੀ ਪੱਧਰ ਦੇ ਮਾਮਲੇ ਦੇਖੇਗੀ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਮੋਰਚੇ ਦੀ ਹੋਈ ਇਕ ਬੈਠਕ ਵਿੱਚ ਗੁਰਨਾਮ ਸਿੰਘ ਚਡੂਨੀ ਦਾ ਮਾਮਲਾ ਵਿਚਾਰਿਆ ਗਿਆ। ਬੂਟਾ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਮਾਮਲਿਆਂ ਦੀ ਕਮੇਟੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਾਂਗ ਇਸ ਸੂਬੇ ਦੀਆਂ ਯੂਨੀਅਨਾਂ/ਖਾਪਾਂ ਵਿਚਾਲੇ ਤਾਲਮੇਲ ਬਿਠਾਉਣ ਦਾ ਕੰਮ ਕਰੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਤੋਂ ‘ਪੱਗੜੀ ਸੰਭਾਲ ਲਹਿਰ’ ਦੇ ਸਤਨਾਮ ਸਿੰਘ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਫੈਡਰੇਸ਼ਨ ਗੁਰਦਾਸਪੁਰ ਦੇ ਇੰਦਰਪਾਲ ਸਿੰਘ, ਕਿਸਾਨ ਯੂਨੀਅਨ ਮਾਝਾ ਦੇ ਗੁਰਮੁਖ ਸਿੰਘ ਅਤੇ ਸੁਖਜੀਤ ਸਿੰਘ ਆਦਿ ਮੋਰਚੇ ਦੀ ਬੈਠਕ ਵਿੱਚ ਜਾ ਬੈਠੇ ਸਨ। ਇਹ ਗੁੱਟ ਮੋਰਚੇ ਦਾ ਹਿੱਸਾ ਨਹੀਂ ਹਨ ਜਿਸ ਕਰਕੇ ਮੀਟਿੰਗ ‘ਚੋਂ ਉਨ੍ਹਾਂ ਨੂੰ ਬਾਹਰ ਜਾਣ ਲਈ ਆਖ ਦਿੱਤਾ ਗਿਆ ਸੀ। ਇਸ ਤੋਂ ਬਾਅਦ ਚਡੂਨੀ ਨੇ ਪੰਜਾਬ ਦੀਆਂ 32 ਯੂਨੀਅਨਾਂ ‘ਤੇ ਆਰੋਪ ਲਾਏ ਸਨ। ਸੂਤਰਾਂ ਮੁਤਾਬਕ ਹਰਿਆਣਾ ਵਾਲੀ ਕਮੇਟੀ ਟਿਕਰੀ, ਸਿੰਘੂ ਮੋਰਚਿਆਂ ‘ਤੇ ਬੈਠੀਆਂ ਖਾਪਾਂ ਤੇ ਯੂਨੀਅਨਾਂ, ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਚਡੂਨੀ ਦੇ ‘ਪੰਜਾਬ ਮਿਸ਼ਨ’ ਬਾਰੇ ਕੀਤੇ ਸਖ਼ਤ ਇਤਰਾਜ਼ਾਂ, ਨਵੀਆਂ ਜਥੇਬੰਦੀਆਂ ਨੂੰ ਮੋਰਚੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਜਾਂ ਸਿਆਸੀ ਸਬੰਧਾਂ ਦੀ ਜਾਂਚ ਕਰਕੇ ਅੱਗੋਂ ਸ਼ਾਮਲ ਕਰਨ ਜਾਂ ਨਾ ਕਰਨ ਬਾਰੇ ਸੁਝਾਅ ਦੇਵੇਗੀ। ਇਸ ਕਮੇਟੀ ‘ਚ ਅਭਿਮੰਨਿਊ, ਜਰਨੈਲ ਸਿੰਘ ਰਤੀਆ, ਜੋਗਿੰਦਰ ਨੈਨ, ਗੁਰਨਾਮ ਸਿੰਘ ਜੱਬਰ ਤੇ ਜਸਬੀਰ ਭੱਟੀ ਸ਼ਾਮਲ ਹਨ।
ਕੌਮੀ ਪੱਧਰ ਦੇ ਮਾਮਲੇ ਦੇਖਣ ਲਈ ਬਣਾਈ ਕਮੇਟੀ ‘ਚ ਇੰਦਰਜੀਤ ਸਿੰਘ, ਦਿੱਲੀ ਤੋਂ ਵਰਿੰਦਰ ਸਿੰਘ, ਰਾਜੀਵ ਰਾਜੂ, ਆਤਮਜੀਤ ਤੇ ਬਲਬੀਰ ਸਿੰਘ ਰਾਜੇਵਾਲ ਸ਼ਾਮਲ ਹਨ। ਇਹ ਕਮੇਟੀ ਚੜੂਨੀ ਨਾਲ ਜੁੜੇ ਕੌਮੀ ਪੱਧਰ ਦੇ ਮਾਮਲੇ ਤੇ ਮੋਰਚੇ ਦੀ ਅਗਲੀ ਰਣਨੀਤੀ ਸਮੇਤ ਬਾਕੀ ਮਾਮਲੇ ਵਿਚਾਰੇਗੀ।
ਵਿਵਾਦਤ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬੁਲਾਇਆ ਜਾ ਸਕਦਾ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਮਾਛੀਵਾੜਾ ਨੇੜਲੇ ਪਿੰਡ ਜੋਧਵਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਮੌਨਸੂਨ ਸੈਸ਼ਨ ਸਤੰਬਰ ਮਹੀਨੇ ਬੁਲਾਇਆ ਜਾ ਸਕਦਾ ਹੈ। ਇਸ ਸਬੰਧੀ ਪੰਜਾਬ ਸਰਕਾਰ ਨੂੰ ਪਹਿਲਾਂ ਰਾਜਪਾਲ ਤੋਂ ਪ੍ਰਵਾਨਗੀ ਲੈਣੀ ਪਵੇਗੀ।
15 ਅਗਸਤ ਨੂੰ ਅੰਦੋਲਨ ਵਾਲੀਆਂ ਥਾਵਾਂ ‘ਤੇ ਲਹਿਰਾਇਆ ਜਾਵੇ ਤਿਰੰਗਾ : ਟਿਕੈਤ
ਕਿਸਾਨ ਅੰਦੋਲਨ ਦੇ ਹਮਾਇਤੀਆਂ ਦੀ ਹੌਸਲਾ-ਅਫ਼ਜ਼ਾਈ ਕਰਨ ਚੰਡੀਗੜ੍ਹ ਪਹੁੰਚੇ ਰਾਕੇਸ਼ ਟਿਕੈਤ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਵਾਦਤ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਪ੍ਰਦਰਸ਼ਨਕਾਰੀਆਂ ਦੀ ਹੌਸਲਾ ਅਫਜ਼ਾਈ ਲਈ ਬੁੱਧਵਾਰ ਦੇਰ ਰਾਤ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਚੰਡੀਗੜ੍ਹ ਪਹੁੰਚੇ। ਉਨ੍ਹਾਂ ਪਹਿਲਾਂ ਮਟਕਾ ਚੌਕ ਵਿੱਚ ਪੱਕਾ ਮੋਰਚਾ ਲਾਈ ਬੈਠੇ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ। ਉਸ ਉਪਰੰਤ ਸੈਕਟਰ-37/38 ਦੀਆਂ ਲਾਈਟਾਂ ‘ਤੇ ਮਹਿਲਾ ਕਿਸਾਨ ਆਗੂਆਂ ਵੱਲੋਂ ਮਨਾਏ ਜਾ ਰਹੇ ਤੀਆਂ ਦੇ ਤਿਉਹਾਰ ਵਿੱਚ ਹਿੱਸਾ ਲਿਆ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਲੱਗੀ ਰਹੀ।
ਟਿਕੈਤ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਿਹੜੇ ਲੋਕ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਅੰਦੋਲਨ ਵਿੱਚ ਹਿੱਸਾ ਨਹੀਂ ਲੈ ਸਕਦੇ ਹਨ, ਉਹ ਚੰਡੀਗੜ੍ਹ ਦੇ ਮੁੱਖ ਚੌਕਾਂ ਵਿੱਚ ਸ਼ਾਂਤਮਈ ਢੰਗ ਨਾਲ ਚੱਲ ਰਹੇ ਅੰਦੋਲਨ ਨੂੰ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਸੰਘਰਸ਼ ਅੱਜ ਜਨ ਅੰਦੋਲਨ ਦਾ ਰੂਪ ਧਾਰ ਚੁੱਕਿਆ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਵਿੱਚ ਪੁਲਿਸ ਅਤੇ ਫੌਜ ਦੇ ਜਵਾਨਾਂ ਦੀ ਡਿਊਟੀ ਬਹੁਤ ਸਖ਼ਤ ਹੈ, ਪਰ ਲੋੜ ਨਾਲੋਂ ਘੱਟ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਸਟੇਬਲ ਰੈਂਕ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਅਧਿਆਪਕਾਂ ਦੀਆਂ ਤਨਖਾਹਾਂ ਦੇ ਬਰਾਬਰ ਕਰਵਾਉਣ ਲਈ ਵੀ ਕਿਸਾਨ ਲੜਾਈ ਲੜੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਗੂਗਲ ਮੈਪ ਵਿੱਚ ਮਟਕਾ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ ਰੱਖੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਲੋਕ ਵਿਰੋਧੀ ਸਰਕਾਰ ਵਿਰੁੱਧ ਅੰਦੋਲਨ ਲੰਬਾ ਚੱਲੇਗਾ ਅਤੇ ਮਟਕਾ ਚੌਕ ਵਿੱਚ ਬਾਬਾ ਲਾਭ ਸਿੰਘ ਦਾ ਬੁੱਤ ਵੀ ਲਗਾਇਆ ਜਾਵੇਗਾ। ਅੰਦੋਲਨ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਇਕੱਠ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ ਲੋਕ ਸੁਖਨਾ ਝੀਲ ਜਾਂ ਹੋਰ ਘੁੰਮਣ ਵਾਲੀਆਂ ਥਾਵਾਂ ‘ਤੇ ਜਾਣ ਦੀ ਥਾਂ ਚੌਕਾਂ ਵਿੱਚ ਚੱਲ ਰਹੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ। ਟਿਕੈਤ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 15 ਅਗਸਤ ਨੂੰ ਅੰਦੋਲਨ ਵਾਲੀਆਂ ਥਾਵਾਂ ‘ਤੇ ਤਿਰੰਗਾ ਝੰਡਾ ਲਹਿਰਾਇਆ ਜਾਵੇ। ਇਸ ਦੇ ਨਾਲ ਹੀ ਵਾਹਨਾਂ ‘ਤੇ ਤਿਰੰਗਾ ਝੰਡਾ ਅਤੇ ਕਿਸਾਨੀ ਦਾ ਝੰਡਾ ਲਗਾ ਕੇ ਆਵਾਜ਼ ਬੁਲੰਦ ਕੀਤੀ ਜਾਵੇ।
ਖੇਤੀ ਕਾਨੂੰਨ ਪੱਛੜੀਆਂ ਸ਼੍ਰੇਣੀਆਂ ਲਈ ਵੀ ਘਾਤਕ : ਭਗਵੰਤ ਮਾਨ
ਕਿਹਾ : ਪੰਜਾਬ ਦਾ 90 ਫ਼ੀਸਦੀ ਪੱਛੜਾ ਵਰਗ ਵੀ ਖੇਤੀਬਾੜੀ ‘ਤੇ ਨਿਰਭਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ‘ਚ ਪੇਸ਼ ਹੋਏ ਪੱਛੜੀਆਂ ਸ਼੍ਰੇਣੀਆਂ (ਬੀ.ਸੀ) ਬਾਰੇ ਸੰਵਿਧਾਨਕ ਸੋਧ ਬਿੱਲ-2021 ਦੀ ਹਮਾਇਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਦੱਬੇ-ਕੁਚਲੇ ਵਰਗਾਂ ਸਮੇਤ ਪੱਛੜੀਆਂ ਸ਼੍ਰੇਣੀਆਂ ਦੇ ਵਿਕਾਸ ਦੀ ਮੁੱਦਈ ਰਹੀ ਹੈ। ਜਦੋਂ ਵੀ ਭਾਰਤ ਦੀ ਸਰਕਾਰ ਦੱਬੇ ਕੁਚਲੇ ਵਰਗਾਂ ਦੇ ਹੱਕਾਂ ‘ਚ ਅਜਿਹਾ ਕਾਨੂੰਨ ਲੈ ਕੇ ਆਵੇਗੀ ਤਾਂ ਉਹ ਸਮਰਥਨ ਕਰਨਗੇ। ਭਗਵੰਤ ਮਾਨ ਨੇ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਮੰਗਲਵਾਰ ਨੂੰ 11ਵੀਂ ਵਾਰ ‘ਕੰਮ ਰੋਕੂ ਮਤਾ’ ਪੇਸ਼ ਕੀਤਾ। ਮਾਨ ਨੇ ਦੱਸਿਆ ਕਿ ‘ਆਪ’ ਨੇ ਪੱਛੜੀਆਂ ਸ਼੍ਰੇਣੀਆਂ ਬਾਰੇ ਸੰਵਿਧਾਨਕ ਸੋਧ ਬਿੱਲ ਦੀ ਹਮਾਇਤ ਕੀਤੀ ਹੈ, ਪਰ ਨਾਲ ਹੀ ਕੇਂਦਰ ਸਰਕਾਰ ਨੂੰ ਸਪੱਸ਼ਟ ਕੀਤਾ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਭਾਰਤ ਦਾ ਖਾਸ ਕਰਕੇ ਪੰਜਾਬ ਦਾ 90 ਫ਼ੀਸਦੀ ਪੱਛੜਾ ਵਰਗ ਖੇਤੀਬਾੜੀ ਉੱਤੇ ਨਿਰਭਰ ਹੈ। ਇਸ ਤਰ੍ਹਾਂ ਜੇ ਕੇਂਦਰ ਸਰਕਾਰ ਵੱਲੋਂ ‘ਅੰਨਦਾਤਾ’ ਉੱਤੇ ਜਬਰੀ ਥੋਪੇ ਜਾ ਰਹੇ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਾਂਗ ਓਬੀਸੀ ਦੀ ਹੋਂਦ ਵੀ ਖ਼ਤਰੇ ‘ਚ ਹੈ। ਇਸ ਲਈ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਖੇਤੀ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਵੇ। ਭਗਵੰਤ ਮਾਨ ਨੇ ਪੰਜਾਬ ਦੇ ਨਾਭਾ ਦੀ ਖੇਤੀ ਸਨਅਤ ਦੀ ਮਿਸਾਲ ਦਿੱਤੀ ਕਿ ਜੇ ਕਿਸਾਨ ਦੀ ਹੋਂਦ ਹੀ ਨਾ ਬਚੀ ਤਾਂ ਖੇਤੀਬਾੜੀ ਲਈ ਸੰਦ, ਟਰੈਕਟਰ ਅਤੇ ਕੰਬਾਈਨਾਂ ਬਣਾਉਣ ਵਾਲਾ ਰਾਮਗੜ੍ਹੀਆ ਭਾਈਚਾਰਾ ਆਪਣੀ ਹੋਂਦ ਕਿਵੇਂ ਬਚਾਅ ਸਕੇਗਾ ਤੇ ਇਨ੍ਹਾਂ ਸਨਅਤਾਂ ‘ਚ ਕੰਮ ਕਰਦੇ ਹਜ਼ਾਰਾਂ ਮਜ਼ਦੂਰਾਂ ਦਾ ਰੁਜ਼ਗਾਰ ਕਿਵੇਂ ਬਚੇਗਾ? ਇਸ ਕਰਕੇ ਸਾਰੀਆਂ ਪੱਛੜੀਆਂ ਸ਼੍ਰੇਣੀਆਂ ਵੀ ਕਿਸਾਨ ਅੰਦੋਲਨ ‘ਚ ਹਿੱਸਾ ਲੈ ਰਹੀਆਂ ਹਨ।
ਹਰਸਿਮਰਤ ਨੇ ਸੰਸਦ ‘ਚ ਦਿਖਾਈਆਂ ਸ਼ਹੀਦ ਕਿਸਾਨਾਂ ਦੀਆਂ ਤਸਵੀਰਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਵਿਖਾਈਆਂ ਤੇ ਦਾਅਵਾ ਕੀਤਾ ਕਿ 2024 ਵਿੱਚ ਐੱਨਡੀਏ ਸਰਕਾਰ ਸੱਤਾ ਤੋਂ ਲਾਂਭੇ ਹੋ ਜਾਵੇਗੀ ਤੇ ਕਿਸਾਨ ਪੱਖੀ ਸਰਕਾਰ ਸੱਤਾ ਵਿੱਚ ਆਵੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਵਿਖਾਈਆਂ ਤੇ ਬੈਨਰ ਲਹਿਰਾਏ, ਜਿਨ੍ਹਾਂ ‘ਤੇ ‘ਕੇਂਦਰ ਸਰਕਾਰ ਕਰ ਲੇ ਪਹਿਚਾਨ, ਯੇਹ ਹੈ ਹਮਾਰਾ ਸ਼ਹੀਦ ਕਿਸਾਨ’ ਲਿਖਿਆ ਹੋਇਆ ਸੀ। ਬਾਅਦ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ 127ਵੇਂ ਸੋਧ ਬਿੱਲ ‘ਤੇ ਗੱਲ ਕਰਦਿਆਂ ਇਹ ਮਾਮਲਾ ਚੁੱਕਿਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਸ਼ਹੀਦ ਕਿਸਾਨਾਂ ਦੀ ਹੋਂਦ ‘ਤੇ ਸਵਾਲ ਚੁੱਕਣ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲਿਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੇ ਜਾਣ ਕਾਰਨ ਹਰਸਿਮਰਤ ਬਾਦਲ ਸੰਸਦ ਵਿੱਚ ਇਹ ਤਸਵੀਰਾਂ ਲੈ ਕੇ ਪੁੱਜੇ ਸਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚ ਕਰੇ ਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।
ਸੰਯੁਕਤ ਕਿਸਾਨ ਮੋਰਚੇ ਨੇ ਵੀ ਮਨਾਈਆਂ ਤੀਆਂ
ਕਿਸਾਨ ਬੀਬੀਆਂ ਨੇ ਕਾਰਪੋਰੇਟ ਵਿਰੋਧੀ ਬੋਲੀਆਂ ਪਾਈਆਂ

 

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …