Breaking News
Home / Special Story / ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਪੰਜਾਬ ‘ਚ 1 ਜੂਨ ਨੂੰ ਪੈਣਗੀਆਂ ਵੋਟਾਂ, ਚੋਣ ਜ਼ਾਬਤਾ ਲਾਗੂ
ਨਵੀਂ ਦਿੱਲੀ : ਭਾਰਤ ਵਿਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਨਾਲ ਦੁਨੀਆ ਦੇ ਸਭ ਤੋਂ ਵੱਡੇ ਚੋਣ ਅਮਲ ਦਾ ਆਗਾਜ਼ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਦੇਸ਼ ਭਰ ‘ਚ ਵੋਟਾਂ 19 ਅਪਰੈਲ ਤੋਂ ਸੱਤ ਗੇੜਾਂ ‘ਚ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਚੋਣਾਂ ਦੇ ਬਾਕੀ ਗੇੜ 26 ਅਪਰੈਲ, 7, 13, 20, 25 ਮਈ ਅਤੇ ਪਹਿਲੀ ਜੂਨ ਹਨ। ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ ਚਾਰ ਸੀਟਾਂ ਅਤੇ ਯੂਟੀ ਚੰਡੀਗੜ੍ਹ ‘ਚ ਇਕੋ ਗੇੜ ‘ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਹਰਿਆਣਾ ਦੀ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਨਾਲ 10 ਲੋਕ ਸਭਾ ਸੀਟਾਂ ਅਤੇ ਦਿੱਲੀ ਦੀਆਂ ਸੱਤ ਸੀਟਾਂ ਲਈ ਵੋਟਿੰਗ 25 ਮਈ ਨੂੰ ਹੋਵੇਗੀ। ਲੱਦਾਖ ਦੀ ਇਕ ਸੀਟ ‘ਤੇ 20 ਮਈ ਅਤੇ ਜੰਮੂ ਕਸ਼ਮੀਰ ਦੀਆਂ ਪੰਜ ਸੀਟਾਂ ‘ਤੇ ਪੰਜ ਗੇੜਾਂ 26 ਮਈ ਤੋਂ 20 ਮਈ ਦੌਰਾਨ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ ਨੇ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਮਗਰੋਂ ਕਰਾਉਣ ਦਾ ਐਲਾਨ ਕੀਤਾ ਹੈ।
ਲੋਕ ਸਭਾ ਚੋਣਾਂ ਦੇ ਐਲਾਨ ਨਾਲ ਭਾਰਤ ‘ਚ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦੀ ਚੋਣਾਂ ‘ਚ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ‘ਚ ਹਨ ਜਦਕਿ ਵਿਰੋਧੀ ਧਿਰ ‘ਇੰਡੀਆ’ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਦੀਆਂ ਨੀਹਾਂ ਹਿਲਾਉਣ ਦੀ ਤਾਕ ‘ਚ ਹੈ।
ਚਾਰ ਸੂਬਿਆਂ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ‘ਚ 19 ਅਪਰੈਲ ਅਤੇ ਆਂਧਰਾ ਪ੍ਰਦੇਸ਼ ‘ਚ 13 ਮਈ ਤੇ ਉੜੀਸਾ ‘ਚ ਚਾਰ ਗੇੜਾਂ 13, 20, 25 ਮਈ ਅਤੇ ਪਹਿਲੀ ਜੂਨ ਨੂੰ ਵਿਧਾਨ ਸਭਾਵਾਂ ਲਈ ਵੋਟਿੰਗ ਹੋਵੇਗੀ। ਦੋ ਨਵੇਂ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀਆਂ 6 ਵਿਧਾਨ ਸਭਾ ਸੀਟਾਂ ਸਣੇ 26 ਅਸੈਂਬਲੀ ਹਲਕਿਆਂ ਲਈ ਵੀ ਜ਼ਿਮਨੀ ਚੋਣ ਹੋਵੇਗੀ।
ਹਿਮਾਚਲ ‘ਚ ਕਾਂਗਰਸ ਦੇ ਛੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਨਾਲ ਇਹ ਸੀਟਾਂ ਖਾਲੀ ਹੋਈਆਂ ਹਨ। ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ‘ਚ ਸਾਰੇ ਸੱਤ ਗੇੜਾਂ ਦੌਰਾਨ ਪੋਲਿੰਗ ਹੋਵੇਗੀ। ਪਹਿਲੇ ਗੇੜ ‘ਚ 19 ਅਪਰੈਲ ਨੂੰ 102 ਹਲਕਿਆਂ ‘ਚ ਵੋਟਿੰਗ ਹੋਵੇਗੀ ਅਤੇ ਇਸ ਨਾਲ 10 ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਚੋਣ ਅਮਲ ਮੁਕੰਮਲ ਹੋ ਜਾਵੇਗਾ। ਦੂਜੇ ਗੇੜ ‘ਚ 89 ਸੀਟਾਂ, ਤੀਜੇ ਗੇੜ ‘ਚ 94, ਚੌਥੇ ਗੇੜ ‘ਚ 96, ਪੰਜਵੇਂ ਗੇੜ ‘ਚ 49, ਛੇਵੇਂ ਅਤੇ ਸੱਤਵੇਂ ਗੇੜ ‘ਚ 57-57 ਸੀਟਾਂ ‘ਤੇ ਵੋਟਾਂ ਪੈਣਗੀਆਂ।
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ ਜਿਨ੍ਹਾਂ ‘ਚੋਂ 47.1 ਕਰੋੜ ਮਹਿਲਾ ਵੋਟਰ ਹਨ। ਉਨ੍ਹਾਂ ਕਿਹਾ ਕਿ 12 ਸੂਬਿਆਂ ‘ਚ ਪੁਰਸ਼ਾਂ ਨਾਲੋਂ ਮਹਿਲਾ ਵੋਟਰਾਂ ਦੀ ਗਿਣਤੀ ਵਧ ਹੈ। ਵੋਟਾਂ ਲਈ 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਜਾਣਗੇ ਅਤੇ 55 ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਦੀ ਵਰਤੋਂ ਹੋਵੇਗੀ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਚੋਣ ਕਮਿਸ਼ਨ ਚਾਰ ‘ਐੱਮ’ ਮਸਲ ਪਾਵਰ, ਮਨੀ ਪਾਵਰ, ਮਿਸਇਨਫਾਰਮੇਸ਼ਨ ਅਤੇ ਮਾਡਲ ਕੋਡ ਆਫ਼ ਕੰਡਕਟ ਦੀ ਉਲੰਘਣਾ ਦੇ ਟਾਕਰੇ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਬੱਚਿਆਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਇੰਜ ਹੋਇਆ ਤਾਂ ਚੋਣ ਕਮਿਸ਼ਨ ਸਖ਼ਤ ਕਾਰਵਾਈ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਸ਼ਤਿਹਾਰੀ ਖ਼ਬਰਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੇਸ਼ ‘ਚ 88.4 ਲੱਖ ਦਿਵਿਆਂਗ ਵੋਟਰ ਹਨ ਜਿਨ੍ਹਾਂ ਲਈ ਪੋਲਿੰਗ ਬੂਥਾਂ ‘ਤੇ ਰੈਂਪ ਬਣਾਏ ਜਾਣਗੇ ਅਤੇ ਵ੍ਹੀਲਚੇਅਰ ਵੀ ਮੁਹੱਈਆ ਕਰਵਾਈ ਜਾਵੇਗੀ।
ਐੱਨਡੀਏ ਚੋਣਾਂ ਲਈ ਤਿਆਰ : ਨਰਿੰਦਰ ਮੋਦੀ
ਨਵੀਂ ਦਿੱਲੀ: ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਐੱਨਡੀਏ ਦੇ ਆਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੋਣ ਦਾ ਦਾਅਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ‘ਦਿਸ਼ਾਹੀਣ’ ਅਤੇ ‘ਮੁੱਦਾ ਰਹਿਤ’ ਦੱਸਿਆ ਅਤੇ ਉਨ੍ਹਾਂ ਭਾਜਪਾ ਦੇ ਸੱਤਾ ‘ਚ ਬਣੇ ਰਹਿਣ ਦਾ ਭਰੋਸਾ ਜਤਾਇਆ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਕੁਝ ਦੇਰ ਬਾਅਦ ਪ੍ਰਧਾਨ ਮੰਤਰੀ ਨੇ ‘ਐਕਸ’ ‘ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 10 ਸਾਲ ਉਸ ‘ਡੂੰਘੀ ਖੱਡ’ ਨੂੰ ਭਰਨ ‘ਚ ਬੀਤੇ ਹਨ ਜੋ ਪਿਛਲੀਆਂ ਸਰਕਾਰਾਂ ਨੇ ਬਣਾਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਤੀਜੇ ਕਾਰਜਕਾਲ ‘ਚ ਗਰੀਬੀ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਹੋਰ ਤੇਜ਼ ਹੋਵੇਗੀ ਅਤੇ ਸਮਾਜਿਕ ਨਿਆਂ ਲਈ ਕੋਸ਼ਿਸ਼ਾਂ ਹੋਰ ਵਧਣਗੀਆਂ। ਉਨ੍ਹਾਂ ਕਿਹਾ ਕਿ ਸੁਸ਼ਾਸਨ ਅਤੇ ਜਨਸੇਵਾ ਦੇ ਆਪਣੇ ਟਰੈਕ ਰਿਕਾਰਡ ਦੇ ਆਧਾਰ ‘ਤੇ ਐੱਨਡੀਏ ਲੋਕਾਂ ਵਿਚਕਾਰ ਜਾਵੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 140 ਕਰੋੜ ਪਰਿਵਾਰਾਂ ਅਤੇ 96 ਕਰੋੜ ਤੋਂ ਵਧ ਵੋਟਰਾਂ ਦਾ ਭਰਪੂਰ ਪਿਆਰ ਅਤੇ ਆਸ਼ੀਰਵਾਦ ਲਗਾਤਾਰ ਤੀਜੀ ਵਾਰ ਜ਼ਰੂਰ ਮਿਲੇਗਾ।
ਕੇਜਰੀਵਾਲ ਨੇ ‘ਤਾਨਾਸ਼ਾਹੀ’ ਖਿਲਾਫ ਵੋਟਾਂ ਪਾਉਣ ਦੀ ਕੀਤੀ ਅਪੀਲ
ਨਵੀਂ ਦਿੱਲੀ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਲੋਕਾਂ ਨੂੰ ਆਮ ਆਦਮੀ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ‘ਐਕਸ’ ਉਤੇ ਕਿਹਾ,”ਦੇਸ਼ ਵਿੱਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਹ ਲੋਕਤੰਤਰ ਦਾ ਵੱਡਾ ਤਿਉਹਾਰ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਾਰ ਤਾਨਾਸ਼ਾਹੀ ਅਤੇ ਗੁੰਡਾਗਰਦੀ ਖਿਲਾਫ ਵੋਟ ਦਿਓ। ਆਮ ਆਦਮੀ ਪਾਰਟੀ ਲੋਕਾਂ ਦੇ ਅਸਲ ਮੁੱਦਿਆਂ ‘ਤੇ ਕੰਮ ਕਰਦੀ ਹੈ ਅਤੇ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ। ਜਿੱਥੇ ਵੀ ‘ਆਪ’ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਝਾੜੂ ਨੂੰ ਵੋਟ ਪਾ ਕੇ ਸਾਡੇ ਹੱਥ ਮਜ਼ਬੂਤ ਕਰੋ।”
ਪੱਛਮੀ ਬੰਗਾਲ ‘ਚ ਸੱਤ ਗੇੜਾਂ ਵਿੱਚ ਵੋਟਾਂ ਸੰਘੀ ਢਾਂਚੇ ਦਾ ਅਪਮਾਨ : ਟੀਐੱਮਸੀ
ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੇ ਸੂਬੇ ਦੀਆਂ 42 ਸੀਟਾਂ ‘ਤੇ ਸੱਤ ਗੇੜਾਂ ‘ਚ ਲੋਕ ਸਭਾ ਚੋਣਾਂ ਕਰਾਉਣ ਸਮੇਂ ਪੱਛਮੀ ਬੰਗਾਲ ਸਰਕਾਰ ਦੇ ਵਿਚਾਰਾਂ ਨੂੰ ਧਿਆਨ ‘ਚ ਨਹੀਂ ਰੱਖਿਆ। ਟੀਐੱਮਸੀ ਦੇ ਰਾਜ ਸਭਾ ਮੈਂਬਰ ਸੁਖੇਂਦੂ ਸ਼ੇਖਰ ਰੇਅ ਨੇ ਦਾਅਵਾ ਕੀਤਾ ਕਿ ਇਹ ਦੇਸ਼ ਦੇ ਸੰਘੀ ਢਾਂਚੇ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਹ ਸਮਝ ਨਹੀਂ ਆਈ ਕਿ ਪੱਛਮੀ ਬੰਗਾਲ ‘ਚ ਸੱਤ ਗੇੜਾਂ ‘ਚ ਚੋਣਾਂ ਕਰਾਉਣ ਪਿੱਛੇ ਕੀ ਕਾਰਨ ਹਨ। ਪੱਛਮੀ ਬੰਗਾਲ ‘ਚ 42 ਸੀਟਾਂ ‘ਤੇ 19 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਸਾਰੇ ਸੱਤ ਗੇੜਾਂ ‘ਚ ਵੋਟਾਂ ਪੈਣੀਆਂ ਹਨ।
ਲੋਕਤੰਤਰ ਤੇ ਸੰਵਿਧਾਨ ਬਚਾਉਣ ਦਾ ਮੌਕਾ : ਖੜਗੇ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਕਾਂਗਰਸ ਨੇ ਕਿਹਾ ਹੈ ਕਿ ਇਹ ਤਾਨਾਸ਼ਾਹ ਤੋਂ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦਾ ਸ਼ਾਇਦ ਆਖਰੀ ਮੌਕਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦੇ ਲੋਕ ਨਫ਼ਰਤ, ਬੇਰੁਜ਼ਗਾਰੀ ਅਤੇ ਮਹਿੰਗਾਈ ਖਿਲਾਫ ਰਲ ਕੇ ਲੜਨਗੇ। ਉਨ੍ਹਾਂ ‘ਐਕਸ’ ‘ਤੇ ਕਾਂਗਰਸ ਦੇ ਚੋਣ ਨਿਸ਼ਾਨ ਦਾ ਜ਼ਿਕਰ ਕਰਦਿਆਂ ਕਿਹਾ,”ਲੋਕ ਸਭਾ ਚੋਣਾਂ ਦੇਸ਼ ਲਈ ਨਿਆਂ ਦਾ ਦਰਵਾਜ਼ਾ ਖੋਲ੍ਹਣਗੀਆਂ। ਹਾਥ ਬਦਲੇਗਾ ਹਾਲਾਤ।” ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਇਹ ਚੋਣਾਂ ਵਿਰੋਧੀਆਂ ਨੂੰ ਜੇਲ੍ਹਾਂ ‘ਚ ਡੱਕਣ, ਉਨ੍ਹਾਂ ‘ਤੇ ਛਾਪੇ ਮਾਰਨ, ਕੌਮੀ ਵਿਰੋਧੀ ਧਿਰ ਦੇ ਫੰਡਾਂ ਨੂੰ ਜਾਮ ਕਰਨ ਅਤੇ ਚੋਣ ਬਾਂਡ ਦੇ ‘ਘੁਟਾਲੇ ਦੇ ਪਰਛਾਵੇਂ’ ਹੇਠ ਹੋ ਰਹੀਆਂ ਹਨ।

 

 

Check Also

ਬਾਰ੍ਹਵੀਂ ‘ਚ ਮੁੰਡੇ ਅਤੇ ਅੱਠਵੀਂ ਵਿੱਚ ਕੁੜੀਆਂ ਅੱਵਲ

ਲੁਧਿਆਣਾ ਦਾ ਏਕਮਪ੍ਰੀਤ ਸਿੰਘ ਬਾਰ੍ਹਵੀਂ ਅਤੇ ਭਾਈ ਰੂਪਾ (ਬਠਿੰਡਾ) ਦੀ ਹਰਨੂਰਪ੍ਰੀਤ ਕੌਰ ਅੱਠਵੀਂ ‘ਚ ਸੂਬੇ …