Breaking News
Home / Special Story / ਸੱਥਰ ਵਿਛਾਉਂਦੇ ਸੜਕ ਹਾਦਸੇ

ਸੱਥਰ ਵਿਛਾਉਂਦੇ ਸੜਕ ਹਾਦਸੇ

ਅਮਰਜੀਤ ਸਿੰਘ ਵੜੈਚ
ਸੁਪਰੀਮ ਕੋਰਟ ਦੇ ਇਕ ਬੈਂਚ ਨੇ ਦੇਸ਼ ਵਿਚ ਮਾੜੀਆਂ ਸੜਕਾਂ ਕਾਰਨ ਹੁੰਦੇ ਹਾਦਸਿਆਂ ਵਿਚ ਮਾਰੇ ਜਾਂਦੇ ਲੋਕਾਂ ਦੀ ਵਧ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਭਾਰਤ ਵਿਚ ਅੱਤਵਾਦੀ ਹਮਲਿਆਂ ਵਿਚ ਮਰਨ ਵਾਲੇ ਬੇਕਸੂਰ ਲੋਕਾਂ ਤੋਂ ਕਿਤੇ ਵੱਧ ਲੋਕ ਸੜਕਾਂ ਦੀ ਮਾੜੀ ਹਾਲਤ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਜਾਨਾਂ ਗਵਾ ਰਹੇ ਹਨ।
ਪੰਜਾਬ ਦੇ ਅੰਕੜੇ
ਪੰਜਾਬ ਦੀ ਸਥਿਤੀ ਭਾਵੇਂ ਬਾਕੀ ਮੁਲਕ ਦੇ ਮੁਕਾਬਲੇ ਠੀਕ ਹੈ ਪਰ ਪੰਜਾਬ ਦੇ ਅੰਕੜੇ ਵੀ ਸੁੰਨ ਕਰਨ ਵਾਲੇ ਹਨ। ਪੰਜਾਬ ਵਿਚ ਹਰ ਰੋਜ਼ 12 ਵਿਅਕਤੀ ਸੜਕ ਹਾਦਸਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਪੰਜਾਬ ਦੀ ਅਬਾਦੀ ਭਾਰਤ ਦੀ ਅਬਾਦੀ ਦਾ 2.25 ਫੀਸਦੀ ਹੈ, ਪਰ ਸੜਕੀ ਹਾਦਸਿਆਂ ਵਿਚ ਦੇਸ਼ ਭਰ ਵਿਚ ਹੋਣ ਵਾਲੀਆਂ ਮੌਤਾਂ ਵਿਚ ਪੰਜਾਬ 3.5 ਫੀਸਦੀ ਨੁਕਸਾਨ ਭੋਗ ਰਿਹਾ ਹੈ। 2018 ਵਿਚ ਪੰਜਾਬ ਦੀਆਂ ਸੜਕਾਂ ‘ਤੇ ਅੱਠ ਹਜ਼ਾਰਾਂ ਤੋਂ ਵੱਧ ਹਾਦਸੇ ਹੋਏ ਅਤੇ ਇਨਾਂ ਵਿਚ 4700 ਤੋਂ ਵੱਧ ਪੰਜਾਬੀ ਸਦਾ ਦੀ ਨੀਂਦ ਸੌ ਗਏ। ਮਤਲਬ ਹਰ ਦੋ ਘੰਟਿਆਂ ਮਗਰੋਂ ਇਕ ਮੌਤ। ਜੁਲਾਈ 2018 ਵਿਚ ਸੜਕ ਸੁਰੱਖਿਆ ਪ੍ਰਬੰਧਾਂ ‘ਤੇ ਇਕ ਅਰਜ਼ੀ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਇਕ ਬੈਂਚ ਦੇ ਮਾਣਯੋਗ ਜੱਜ ਸਾਹਿਬਾਨ ਨੇ ਦੇਸ਼ ਵਿਚ ਮਾੜੀਆਂ ਸੜਕਾਂ ਕਾਰਨ ਹੁੰਦੇ ਹਾਦਸਿਆਂ ਵਿਚ ਮਾਰੇ ਜਾਂਦੇ ਵਿਅਕਤੀਆਂ ਦੀ ਵਧ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਭਾਰਤ ਵਿਚ ਅੱਤਵਾਦੀ ਹਮਲਿਆਂ ਵਿਚ ਮਰਨ ਵਾਲੇ ਬੇਕਸੂਰ ਵਿਅਕਤੀਆਂ ਤੋਂ ਕਿਤੇ ਵੱਧ ਵਿਅਕਤੀ ਸੜਕਾਂ ਦੀ ਮਾੜੀ ਹਾਲਤ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਜਾਨਾਂ ਗਵਾ ਰਹੇ ਹਨ। ਅਜ਼ਾਦੀ ਮਗਰੋਂ ਮੋਟਰ ਗੱਡੀਆਂ ਦੇ ਉਤਪਾਦਨ ਵਿਚ 156 ਗੁਣਾ ਵਾਧਾ ਹੋਇਆ ਹੈ, ਪਰ ਸੜਕਾਂ ਦਾ ਪਸਾਰ ਸਿਰਫ 39 ਗੁਣਾ। ਭਾਰਤ ਵਿਚ 1950 ਵਿਚ ਸਿਰਫ ਚਾਰ ਲੱਖ ਕਿਲੋਮੀਟਰ ਸੜਕਾਂ ਹੀ ਸਨ ਜੋ 2015 ਤੱਕ 55 ਲੱਖ ਕਿਲੋਮੀਟਰ ਹੋ ਗਈਆਂ। ਇਨਾਂ ਅੰਕੜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੋਟਰ ਗੱਡੀਆਂ ਦਾ ਪਸਾਰ ਸੜਕੀ ਨੈਟਵਰਕ ਦੇ ਮੁਕਾਬਲੇ ਕਈ ਗੁਣਾਂ ਵਧ ਹੋਇਆ ਹੈ, ਜਿਸ ਕਰਕੇ ਸੜਕਾਂ ਉਪਰ ਭੀੜ ਭੜੱਕਾ ਵਧਣ ਕਰਕੇ ਹਾਦਸੇ ਵਾਪਰ ਰਹੇ ਹਨ।
ਵਿਸ਼ਵ ਭਰ ਵਿਚ ਹਰ ਸਾਲ 10 ਲੱਖ ਤੋਂ ਵੱਧ ਲੋਕ ਸੜਕ ਦੁਰਘਟਨਾਵਾਂ ਵਿਚ ਜਾਨਾਂ ਗੁਆ ਰਹੇ ਹਨ ਅਤੇ ਪੰਜ ਕਰੋੜ ਤੋਂ ਵੱਧ ਲੋਕ ਜ਼ਖ਼ਮੀ ਹੋ ਜਾਂਦੇ ਹਨ। ਸੜਕ ਹਾਦਸਿਆਂ ਕਾਰਨ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਭਾਰਤ ਵਿਚ ਹੁੰਦੀਆਂ ਹਨ ਅਤੇ ਸਭ ਤੋਂ ਵੱਧ ਜ਼ਖ਼ਮੀ ਵੀ ਇੱਥੇ ਹੀ ਹੁੰਦੇ ਹਨ। ਇਨਾਂ ਹਾਦਸਿਆਂ ਕਾਰਨ ਭਾਰਤ ਨੂੰ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 3 ਲੱਖ ਕਰੋੜ ਤੋਂ ਵੀ ਵੱਧ ਦਾ ਹਰ ਸਾਲ ਨੁਕਸਾਨ ਝੱਲਣਾ ਪੈਂਦਾ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਦਾਅ ‘ਤੇ ਲਾ ਕੇ ਵੱਖ ਵੱਖ ਸਰਕਾਰਾਂ ਵਲੋਂ ਮੋਟਰ ਗੱਡੀਆਂ ਦੇ ਉਦਯੋਗਿਕ ਵਿਕਾਸ ਨੂੂੰ ਬਿਨਾ ਸੋਚੇ ਸਮਝੇ ਪਹਿਲ ਦੇਣ ਦਾ ਆਖਰ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਭਾਰਤ ਵਿਚ ਸੜਕ ਹਾਦਸਿਆਂ ਕਾਰਨ ਰੋਜ਼ 400 ਤੋਂ ਵੱਧ ਵਿਅਕਤੀ (ਸਮੇਤ 25 ਬੱਚੇ ਅਠਾਰਾਂ ਸਾਲਾਂ ਤੋਂ ਉਮਰ ਦੇ) ਮੌਤ ਦੇ ਜਬਾੜਿਆਂ ਵਿਚ ਪੀਸੇ ਜਾ ਰਹੇ ਹਨ ਅਤੇ ਇਸ ਹਿਸਾਬ ਨਾਲ ਹਰ ਵਾਰ ਮਿੰਟਾਂ ਤੋਂ ਪਹਿਲਾਂ ਇਕ ਭਾਰਤੀ ਨਾਗਰਿਕ ਸੜਕ ਹਾਦਸੇ ਵਿਚ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ।
ਹਾਦਸਿਆਂ ‘ਚ ਸਭ ਤੋਂ ਮੋਹਰੇ : ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਮੁਤਾਬਕ ਭਾਰਤ ਅਬਾਦੀ ਦੇ ਹਿਸਾਬ ਨਾਲ ਵਿਸ਼ਵ ਵਿਚ ਦੂਜੇ ਨੰਬਰ ‘ਤੇ ਚੀਨ ਪਹਿਲੇ ਨੰਬਰ ‘ਤੇ ਹੈ, ਪਰ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਅਤੇ ਚੀਨ ਦੂਜੇ ਨੰਬਰ ‘ਤੇ ਹੈ। ਦੁਨੀਆ ਵਿਚ ਹੋਣ ਵਾਲੇ ਸੜਕ ਹਾਦਸਿਆਂ ਵਿਚੋਂ 11 ਫੀਸਦੀ ਇਕੱਲੇ ਭਾਰਤ ਵਿਚ ਹੀ ਹੁੰਦੇ ਹਨ।
ਕਾਰਨ ਇਹ ਹੈ ਕਿ ਸਰਕਾਰਾਂ ਨੇ ਮੋਟਰ ਗੱਡੀਆਂ ਦੇ ਉਦਯੋਗ ਨੂੰ ਤਾਂ ਉਤਪਾਦਨ ਕਰਨ ਦੀ ਖੁੱਲ ਦੇ ਦਿੱਤੀ ਪਰ ਇਨਾਂ ਮੋਟਰ ਗੱਡੀਆਂ ਨੇ ਜਿਨਾਂ ਸੜਕਾਂ ਉਪਰ ਦੌੜਨਾ ਸੀ ਸਰਕਾਰਾਂ ਉਨਾਂ ਦੇ ਨਿਰਮਾਣ ਵਿਚ ਬੁਰੀ ਤਰਾਂ ਫੇਲ ਹੋ ਗਈਆਂ, ਜਿਸ ਕਰਕੇ ਭਾਰਤ ਵਿਖੇ ਹਰ ਵਰੇ ਤਕਰੀਬਨ ਡੇਢ ਲੱਖ ਤੋਂ ਵੱਧ ਭਾਰਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਰਾਸ਼ਟਰੀ ਸਮੱਸਿਆ ਦਾ ਇਸ ਤੋਂ ਵੀ ਭਿਆਨਕ ਪੱਖ ਇਹ ਹੈ ਕਿ ਇਨਾਂ ਹਾਦਸਿਆਂ ਵਿਚ ਮਰਨ ਵਾਲਿਆਂ ਵਿਚ 16 ਤੋਂ 46 ਸਾਲਾਂ ਦੇ ਵਿਅਕਤੀ ਹੀ ਜ਼ਿਆਦਾ ਹੁੰਦੇ ਹਨ ਅਤੇ ਇਨਾਂ ਵਿਚੋਂ ਵੀ 15 ਤੋਂ 30 ਸਾਲ ਦੇ ਮਰਨ ਵਾਲਿਆਂ ਦੀ ਗਿਣਤੀ 90 ਫੀਸਦੀ ਹੈ। ਦੇਸ਼ ਦਾ ਵੱਡਾ ਨੌਜਵਾਨ ਸਰਮਾਇਆ ਸੜਕਾਂ ‘ਤੇ ਦਨਦਨਾਉਂਦੀ ਮੌਤ ਦੀ ਭੇਟ ਚੜਦਾ ਜਾ ਰਿਹਾ ਹੈ।
ਸੜਕੀ ਨੈਟਵਰਕ : ਭਾਰਤ ਵਿਚ ਸੜਕਾਂ ਦੇ ਕੁੱਲ ਨੈਟਵਰਕ ਵਿਚ ਕੌਮੀ ਮਾਰਗ ਦੋ ਅਤੇ ਰਾਜ ਮਾਰਗ ਤਿੰਨ ਫੀਸਦੀ ਹਨ ਪਰ ਦੇਸ਼ ਵਿਚ ਹੋਣ ਵਾਲੇ ਸੜਕੀ ਹਾਦਸਿਆਂ ਵਿਚੋਂ 28 ਫੀਸਦੀ ਕੌਮੀ ਮਾਰਗਾਂ ਅਤੇ 24 ਫੀਸਦੀ ਰਾਜ ਮਾਰਗਾਂ ਉਪਰ ਵਾਪਰ ਰਹੇ ਹਨ ਭਾਵ ਦੇਸ਼ ਵਿਚ 5 ਫੀਸਦੀ ਸੜਕਾਂ (ਕੌਮੀ ਦੇ ਰਾਜ) ਉਪਰ ਦੇਸ਼ ਦੇ 52 ਫੀਸਦੀ ਸੜਕ ਹਾਦਸੇ ਵਾਪਰ ਰਹੇ ਹਨ। ਦੇਸ਼ ਦੀਆਂ ਬਾਕੀ 95 ਫੀਸਦੀ ਸੜਕਾਂ ਉਪਰ 48 ਫੀਸਦੀ ਹਾਦਸੇ ਹੁੰਦੇ ਹਨ, ਇਨਾਂ 95 ਫੀਸਦੀ ਸੜਕਾਂ ਵਿਚ ਪਿੰਡਾਂ ਦੀਆਂ ਲਿੰਕ ਸੜਕਾਂ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕਾਂ, ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ, ਬਾਰਡਰ ਰੋਡ ਆਰਗੇਨਾਈਜੇਸ਼ਨ ਦੀਆਂ ਸੜਕਾਂ ਆਦਿ ਸ਼ਾਮਲ ਹਨ।
ਹਰ ਸਾਲ ਔਸਤ ਹਾਦਸੇ : ਸਾਡੇ ਮੁਲਕ ਵਿਚ ਹਰ ਸਾਲ ਪੌਣੇ ਪੰਜ ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ, ਜਿਨਾਂ ਵਿਚ ਤਕਰੀਬਨ ਡੇਢ ਲੱਖ ਮੌਤਾਂ ਹੋ ਜਾਂਦੀਆਂ ਹਨ ਅਤੇ ਪੰਜ ਲੱਖ ਦੇ ਨੇੜੇ ਤੇੜੇ ਲੋਕ ਜ਼ਖ਼ਮੀ ਹੋ ਜਾਂਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਹੁੰਦੇ ਹਾਦਸਿਆਂ ਵਿਚ ਮਰਨ ਵਾਲਿਆਂ ਵਿਚ 85 ਫੀਸਦੀ ਮਰਦ ਅਤੇ 15 ਫੀਸਦੀ ਮਹਿਲਾਵਾਂ ਹੁੰਦੀਆਂ ਹਨ। ਸਭ ਤੋਂ ਵੱਧ 34 ਫੀਸਦੀ ਮੌਤਾਂ ਦੋ ਅਤੇ ਤਿੰਨ ਪਹੀਆ ਵਾਹਨਾਂ ਦੇ ਹਾਦਸਿਆਂ ਵਿਚ ਹੋ ਰਹੀਆਂ ਹਨ। ਇਸ ਤੋਂ ਇਲਾਵਾ 13 ਫੀਸਦੀ ਬੱਸਾਂ, ਟਰੱਕਾਂ (ਭਾਰੇ ਵਾਹਨ), 17 ਫੀਸਦੀ ਕਾਰਾਂ, ਜੀਪਾਂ (ਹਲਕੇ ਚਾਰ ਪਹੀਆ ਵਾਹਨ), ਨੌ ਫੀਸਦੀ ਪੈਦਲ ਯਾਤਰੀਆਂ, ਸੱਤ ਫੀਸਦੀ ਬੱਸਾਂ, ਟਰੱਕਾਂ (ਮਿੰਨੀ ਵਾਹਨ), ਚਾਰ ਫੀਸਦੀ ਸਾਈਕਲ ਚਾਲਕਾਂ ਅਤੇ 16 ਫੀਸਦੀ ਬਾਕੀ ਵਾਹਨਾਂ ਜਿਵੇਂ ਕਾਰਾਂ, ਟਰੈਕਟਰ, ਰਿਕਸ਼ਾ, ਗੱਡਾ, ਰੇਹੜੀ, ਘੜੁੱਕੇ ਆਦਿ ਦੇ ਹਾਦਸਿਆਂ ਵਿਚ ਜਾਨਾਂ ਵਿਅਰਥ ਜਾ ਰਹੀਆਂ ਹਨ।
ਉਪਰੋਕਤ ਤੱਥਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮੋਟਰ ਗੱਡੀਆਂ ਦਾ ਵਾਧਾ ਬੇਤਹਾਸ਼ਾ ਅਤੇ ਬਿਨਾ ਕਿਸੇ ਕੰਟਰੋਲ ਤੋਂ ਹੋਇਆ ਜਿਸ ਦਾ ਸਿੱਧਾ ਲਾਭ ਉਦਯੋਗ, ਵਪਾਰੀ ਜਗਤ ਅਤੇ ਸਰਕਾਰਾਂ ਦੀਆਂ ਜੇਬਾ ਵਿਚ ਗਿਆ, ਪਰ ਇਨਾਂ ਮੋਟਰ ਗੱਡੀਆਂ ਨੇ ਜਿਨਾਂ ਸੜਕਾਂ ਦਾ ਵਿਸਥਾਰ ਕਰਨ ਵਿਚ ਅਸਫਲ ਅਤੇ ਲਾਪਰਵਾਹ ਰਹੀਆਂ। ਸਰਕਾਰਾਂ ਦੀ ਇਸ ਬੱਜਰ ਗਲਤੀ ਦਾ ਵੱਡਾ ਜੁਰਮਾਨਾ ਨਾਗਰਿਕਾਂ ਨੂੰ ਜਾਨਾਂ ਗੁਆ ਕੇ ਤਾਰਨਾ ਪੈ ਰਿਹਾ ਹੈ। ਇਸ ਵਰਤਾਰੇ ਦਾ ਫਾਇਦਾ ਮੋਟਰ ਗੱਡੀ ਉਦਯੋਗ, ਵੱਡੀਆਂ ਵੱਡੀਆਂ ਵਰਕਸ਼ਾਪਾਂ, ਬੀਮਾ ਕੰਪਨੀਆਂ, ਨਿੱਜੀ ਹਸਪਤਾਲਾਂ, ਪੁਲਿਸ, ਹੋਟਲਾਂ, ਢਾਬਿਆਂ, ਟੋਲ ਪਲਾਜ਼ਾ, ਸੜਕ ਨਿਰਮਾਣ ਦੀਆਂ ਨਿੱਜੀ ਫਰਮਾਂ, ਸਪੇਅਰ ਪਾਰਟਸ ਵਪਾਰ ਵਾਲਿਆਂ ਆਦਿ ਨੂੰ ਹੋ ਰਿਹਾ ਹੈ।
ਹਾਦਸਿਆਂ ਦਾ ਸਮਾਂ ਤੇ ਕਾਰਨ : ਕੇਂਦਰ ਸਰਕਾਰ ਦੇ ਸੜਕ ਪਰਿਵਧਨ ਵਿਭਾਗ ਦੇ ਅੰਕੜਿਆਂ ਅਨੁਸਾਰ ਇਹ ਹਾਦਸੇ ਸਵੇਰੇ ਨੌਂ ਵਜੇ ਤੋਂ ਰਾਤੀਂ ਨੌਂ ਵਜੇ ਦੇ ਦਰਮਿਆਨ ਹੀ ਜ਼ਿਆਦਾ ਵਾਪਰਦੇ ਹਨ। ਰਾਤ ਸਮੇਂ ਸੜਕ ਦੁਰਘਟਨਾਵਾਂ ਘੱਟ ਵਾਪਰਦੀਆਂ ਹਨ ਕਿਉਂਕਿ ਰਾਤ ਨੂੰ ਆਵਾਜਾਈ ਘਟ ਜਾਂਦੀ ਹੈ। ਇਨਾਂ ਹਾਦਸਿਆਂ ਦੇ ਕਾਰਨਾਂ ਨੂੰ ਜੇਕਰ ਤਕਰੀਬ ਦੇਣੀ ਹੋਵੇ ਤਾਂ ਸਭ ਤੋਂ ਵੱਡਾ ਕਾਰਨ ਹੈ ਤੇਜ਼ ਰਫਤਾਰ ਨਾਲ ਡਰਾਈਵਿੰਗ ਕਰਨਾ ਅਤੇ ਦੂਜੇ ਨੰਬਰਾਂ ‘ਤੇ ਹਾਦਸਿਆਂ ਲਈ ਸ਼ਰਾਬ ਦਾ ਨੰਬਰ ਆਉਂਦਾ ਹੈ।
ਇਨਾਂ ਕਰਨਾਂ ਤੋਂ ਇਲਾਵਾ ਛੋਟੀ ਉਮਰੇ ਡਰਾਈਵਿੰਗ ਕਰਨਾ, ਵਾਹਨ ਚਲਾਉਂਦਿਆਂ ਫੋਨ ਕਰਨਾ, ਡੀਵੀਡੀ, ਰੇਡੀਓ ਚਲਾਉਣਾ, ਕੁਝ ਖਾਣਾ ਜਾਂ ਪੀਣਾ, ਵਾਹਨ ਵਿਚ ਬੱਚਿਆਂ, ਮੁਸਾਫਰਾਂ ਦਾ ਰੌਲਾ ਰੱਪਾ, ਪਾਲਤੂ ਜਾਨਵਰਾਂ ਨਾਲ ਸਫਰ ਕਰਨਾ, ਲਾਲ ਬੱਤੀ ਦੀ ਉਲੰਘਣਾ, ਸੜਕਾਂ ਦੀ ਕਮੀ, ਸੜਕਾਂ ਦੀ ਮਾੜੀ ਹਾਲਤ, ਮੋਟਰ ਗੱਡੀਆਂ ਵਿਚ ਤਕਨੀਕੀ ਨੁਕਸ, ਅਚਾਨਕ ਟਾਇਰ ਦਾ ਫਟ ਜਾਣਾ, ਵਾਹਨਾਂ ਦੀ ਸਹੀ ਦੇਖ ਰੇਖ ਨਾ ਕਰਨੀ, ਛੋਟੀ ਉਮਰ ਦੇ ਡਰਾਈਵਰ, ਬਿਨਾ ਹੈਲਮਟ ਅਤੇ ਬੈਲਟ ਤੋਂ ਸਫਰ ਕਰਨਾ, ਸ਼ੀਸ਼ੇ ਦੀ ਵਰਤੋਂ ਨਾ ਕਰਨਾ, ਮੁੜਨ ਤੋਂ ਪਹਿਲਾਂ ਇਸ਼ਾਰਾ ਨਾ ਦੇਣਾ, ਗਲਤ ਥਾਂ ‘ਤੇ ਪਾਰਕਿੰਗ ਕਰਨੀ, ਟਰੱਕਾਂ, ਟਰਾਲੀਆਂ ਦੇ ਵਿੜਾਂ ਤੋਂ ਬਾਹਰ ਲੱਦ ਭਰਨੀ, ਗੱਡਿਆਂ, ਟਾਂਗਿਆਂ, ਰੇਹੜੀਆਂ, ਸਾਈਕਲਾਂ, ਟਰਾਲੀਆਂ, ਘੜੁੱਕਿਆਂ ਆਦਿ ਦੇ ਪਿੱਛੇ ਰਿਫਲੈਕਟਰ ਨਾ ਹੋਣੇ, ਸੜਕਾਂ ਦਾ ਨਿਰਮਾਣ ਲੋਕਾਂ ਦੀ ਸਹੂਲਤ ਮੁਤਾਬਕ ਨਾ ਹੋਣਾ, ਸੜਕਾਂ ਦੇ ਨਿਰਮਾਣ ਸਮੇਂ ਨਿਰਮਾਣ ਵਾਲੀਆਂ ਥਾਵਾਂ ‘ਤੇ ਇਸ਼ਾਰੇ ਅਤੇ ਰੌਸ਼ਨੀ ਨਾ ਹੋਣੀ ਆਦਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ।
ਬਿਮਾਰੀ ਦੀ ਸਥਿਤੀ, ਵਡੇਰੀ ਉਮਰ ਵਿਚ (ਜਦੋਂ ਲੋੜੋਂ ਵੱਧ ਕਮਜ਼ੋਰ ਹੋਵੇ) ਵਾਹਨ ਚਲਾਉਣੇ, ਸੜਕ ਦੇ ਗਲਤ ਪਾਸਿਓਂ ਜਾਣਾ, ਆਉਣਾ, ਬਿਨਾ ਇਸ਼ਾਰੇ ਦੇ ਮੁੜਨਾ, ਅੱਗੇ ਜਾ ਰਹੇ ਵਾਹਨ ਦੇ ਬਿਲਕੁਲ ਨਾਲ ਨਾਲ ਪਿੱਛੇ ਚੱਲਣਾ, ਸੜਕਾਂ ‘ਤੇ ਕਰਤਬ ਕਰਨੇ, ਇਕ ਲਾਈਨ ‘ਚੋਂ ਦੂਜੀ ਲਾਈਨ ਵਿਚ ਗਲਤ ਢੰਗ ਨਾਲ ਵੜਨਾ, ਥਕਾਵਟ ਵਿਚ ਡਰਾਈਵਿੰਗ ਕਰਨੀ, ਰੇਸ ਲਾਉਣੀ, ਛੋਟੀ ਸੜਕ ਤੋਂ ਵੱਡੀ ਸੜਕ ‘ਤੇ ਜਾਣ ਸਮੇਂ ਰੁਕ ਕੇ ਦੋਹੀਂ ਪਾਸੇ ਨਾ ਦੇਖਣਾ, ਮੀਂਹ, ਹਨੇਰੀ ਬਰਫਬਾਰੀ ਆਦਿ ਵੀ ਸੜਕ ਦੁਰਘਟਨਾਵਾਂ ਦੇ ਕਾਰਨ ਬਣਦੇ ਹਨ।
ਸਰਕਾਰ ਹੀ ਨਹੀਂ ਲੋਕ ਵੀ ਜ਼ਿੰਮੇਵਾਰ : ਸੜਕੀ ਹਾਦਸਿਆਂ ਲਈ ਅਸੀਂ ਬਾਹਲਾ ਇਲਜ਼ਾਮ ਲੋਕਾਂ ਉਪਰ ਹੀ ਮੜਦੇ ਹਾਂ, ਜੋ ਕਿਸੇ ਹੱਦ ਤੱਕ ਠੀਕ ਵੀ ਹੈ, ਪਰ ਜਦੋਂ ਲੋਕ ਵੇਖਦੇ ਹਨ ਕਿ ਸਰਕਾਰੀ ਬੱਸਾਂ, ਸਰਕਾਰੀ ਕਾਰਾਂ, ਪੁਲਿਸ ਅਫਸਰ, ਕਰਮਚਾਰੀ, ਵੀਆਈਪੀ ਅਤੇ ਲਾਲ ਬੱਤੀ ਦੀ ਪਰਵਾਹ ਨਹੀਂ ਕਰਦੇ ਅਤੇ ਚੌਕ ਵਿਚ ਖੜਿਆ ਟਰੈਫਿਕ ਪੁਲਿਸ ਮੁਲਾਜ਼ਮ ਵੀ ਲਾਪਰਵਾਹੀ ਵਰਤਦਾ ਹੈ ਤਾਂ ਲੋਕ ਵੀ ਸਹਿ ਲੈਂਦੇ ਹਨ।
ਵਿਸ਼ਵ ਸਿਹਤ ਸੰਸਥਾ ਅਤੇ ‘ਰਾਸ਼ਟਰ ਸੰਘ’ ਦੀਆਂ ਇਸ ਵਕਤ ਦੀਆਂ ਵਿਸ਼ਵ ਵਿਆਪੀ ਚਿੰਤਾਵਾਂ ਵਿਚੋਂ ‘ਸੜਕ ਸੁਰੱਖਿਆ ਬੜੀ ਵੱਡੀ ਚਿੰਤਾ ਹੈ ਕਿਉਂਕਿ ਮੌਤਾਂ ਅਤੇ ਜ਼ਖ਼ਮੀਆਂ ਕਾਰਨ ਮਨੁੱਖਤਾ ਨੂੰ ਪਰਿਵਾਰਕ, ਭਾਵਨਾਤਮਿਕ, ਸਮਾਜਿਕ ਅਤੇ ਆਰਥਿਕ ਰੂਪ ਵਿਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਵਿਸ਼ਵ ਵਿਚ ਮਨੁੱਖ ਦੇ ਵਿਕਾਸ ਲਈ ਹੋ ਰਹੀਆਂ ਕਾਰਵਾਈਆਂ ਉਪਰ ਬਹੁਤ ਮਾੜਾ ਅਸਰ ਪੈ ਰਿਹਾ ਹੈ। ਰਾਸ਼ਟਰ ਸੰਘ ਅਤੇ ਵਿਸ਼ਵ ਸਿਹਤ ਨੇ ਰਲ ਕੇ 2015 ਵਿਚ ਬਰਾਜ਼ੀਲ ਵਿਚ ਇਕ ‘ਬਰਾਜ਼ੀਲ ਸਮਝੌਤਾ’ ਪਾਸ ਕੀਤਾ ਜਿਸ ‘ਤੇ ਭਾਰਤ ਨੇ ਵੀ ਦਸਤਖਤ ਕੀਤੇ ਹਨ।
ਇਸ ਸਮਝੌਤੇ ਅਨੁਸਾਰ ਮੈਂਬਰ ਦੇਸ਼ ਸਾਲ 2020 ਤੱਕ ਆਪੋ ਆਪਣੇ ਮੁਲਕ ਵਿਚ 50 ਫੀਸਦੀ ਤੱਕ ਸੜਕ ਹਾਦਸਿਆਂ ਵਿਚ ਕਮੀ ਕਰਨ ਲਈ ਜ਼ਰੂਰੀ ਕਾਰਵਾਈਆਂ ਕਰਨਗੇ। ਭਾਰਤ ਲਈ ਇਸ ਸਮਝੌਤੇ ਦੇ ਟੀਚੇ ਦੇ ਨੇੜੇ ਤੇੜੇ ਵੀ ਪਹੁੰਚਣਾ ਸੰਭਵ ਨਹੀਂ ਕਿਉਂਕਿ 2013 ਤੋਂ 2017 ਤੱਕ ਭਾਰਤ ਵਿਚ ਇਨਾਂ ਹਾਦਸਿਆਂ ਵਿਚ ਕੋਈ ਬਹੁਤੀ ਕਮੀ ਆਈ ਨਹੀਂ ਦਿਸ ਰਹੀ। ਦੁਨੀਆ ਵਿਚ ਸੜਕੀ ਦੁਰਘਟਨਾਵਾਂ ਵਿਚ ਮਰਨ ਵਾਲਿਆਂ ਵਿਚੋਂ 90 ਫੀਸਦੀ ਬਦਕਿਸਮਤ ਲੋਕ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿਚ ਹੀ ਸ਼ੁਮਾਰ ਹੁੰਦਾ ਹੈ।
ਨਾਗਰਿਕਾਂ ਨੂੰ ਦੋਹਰੀ ਮਾਰ : ਮੌਤ ਕਈ ਘਰਾਂ ਦੀ ਰੋਜ਼ੀ ਰੋਟੀ ਕਮਾਉਣ ਵਾਲੇ ਖੋਹ ਲੈਂਦੀ ਹੈ। ਲੋਕ ਅੰਗਹੀਣ ਅਤੇ ਜ਼ਖ਼ਮੀ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਪ ੁਲਿਸ ਅਤੇ ਕਾਨੂੰਨੀ ਵਾਅ ਵਰੋਲਿਆ ਵਿਚ ਫਸ ਕੇ ਬਰਬਾਦ ਹੋ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਹੁੰਦੀ ਅਨਾਥ ਬੱਚੇ, ਵਿਧਵਾਵਾਂ, ਬੇਸਹਾਰਾ ਮਾਪੇ ਅਤੇ ਹਾਦਸਿਆਂ ਵਿਚ ਬੱਚੇ ਇਕੱਲੇ ਵਿਅਕਤੀ ਜ਼ਿੰਦਗੀ ਦੇ ਥਫੇੜੇ ਖਾ ਖਾ ਕੇ ਨਰਕ ਵਰਗੀ ਹਾਲਤ ਵਿਚ ਪਹੁੰਚ ਜਾਂਦੇ ਹਨ। ਹਾਦਸਿਆਂ ਵਿਚ ਕਈ ਜ਼ਖ਼ਮੀ ਵਿਅਕਤੀ ਜ਼ਖਮਾਂ ਜਾਂ ਟੁੱਟੀਆਂ ਹੱਡੀਆਂ ਨਾ ਠੀਕ ਹੋਣ ਕਾਰਨ ਪੂਰੀ ਉਮਰ ਹੀ ਹਾਦਸੇ ਦੀ ਪੀੜਾ ਹੰਢਾਉਂਦੇ ਹਰ ਪਲ ਹੀ ਮੌਤ ਦੇ ਸਾਹਵੇਂ ਖੜੇ ਰਹਿੰਦੇ ਹਨ।
ਸਫਰ ਕਰਦਿਆਂ ਦੋ ਸ਼ਬਦ ਹਮੇਸ਼ਾ ਯਾਦ ਰੱਖੋ
ਸਤਿਕਾਰ ਅਤੇ ਸਬਰ : ਸੜਕ ‘ਤੇ ਸੁਰੱਖਿਅਤ ਸਫਰ ਕਰਨ ਲਈ ਦੂਜੇ ਵਿਅਕਤੀ ਦਾ ਸਤਿਕਾਰ ਕਰਨਾ ਅਤੇ ਆਪ ਸਬਰ ਨਾਲ ਡਰਾਈਵਿੰਗ ਕਰਨਾ ਸਿੱਖ ਲਵੋਗੇ ਤਾਂ ਆਪਾਂ ਸਾਰੇ ਹੀ ਸੁਰੱਖਿਅਤ ਹੋ ਜਾਵਾਂਗੇ।
ਬੁਨਿਆਦੀ ਨਿਯਮਾਂ ਪ੍ਰਤੀਲੋਕਾਂ ਦੀ ਅਣਗਹਿਲੀ
90 ਫੀਸਦੀ ਨਾਗਰਿਕਾਂ ਨੂੰ ਹਾਲੇ ਸੜਕੀ ਆਵਾਜਾਈ ਦੇ ਬੁਨਿਆਦੀ ਨਿਯਮਾਂ ਦੀ ਹੀ ਸਮਝ ਨਹੀਂ। ਸਮੇਂ ਦੀ ਫੌਰੀ ਲੋੜ ਇਹ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸੜਕਾਂ ਦਾ ਨੈਟਵਰਕ ਪਹਿਲ ਦੇ ਅਧਾਰ ‘ਤੇ ਕੌਮਾਂਤਰੀ ਮਾਪਦੰਡ ਅਨੁਸਾਰ ਵਧਾਇਆ ਜਾਵੇ, ਨਾਗਰਿਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦੇਣ ਲਈ ਰਾਸ਼ਟਰੀ ਅਤੇ ਲੰਮੇ ਸਮੇਂ ਦੇ ਪ੍ਰੋਗਰਾਮ ਲਾਗੂ ਕੀਤੇ ਜਾਣ, ਸਕੂਲੀ ਪੱਧਰ ‘ਤੇ ਹੀ ਸੜਕ ਸੁਰੱਖਿਆ ਦੇ ਨਿਯਮਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਵਾਹਨਾਂ ਦੇ ਬੇਰੋਕ ਉਤਪਾਦਨ ‘ਤੇ ਕਾਬੂ ਪਾਉਣ ਲਈ ਕਾਨੂੰਨ ਬਣਾਏ ਜਾਣ, ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਟਰੈਫਿਕ ਪੁਲਿਸ ਤੰਤਰ ਨੂੰ ਚੁਸਤ ਦਰੁਸਤ ਕੀਤੇ ਜਾਵੇ ਅਤੇ ਰਾਜਸੀ, ਰਿਸ਼ਤੇਦਾਰੀ, ਅਫਸਰਸ਼ਾਹੀ ਦਬਾਅ ਤੋਂ ਮੁਕਤ ਕਰਨ ਲਈ ਦਿਆਨਤਦਾਰੀ ਨਾਲ ਕਦਮ ਚੁੱਕੇ ਜਾਣ ਤਾਂ ਕਿ ਪੁਲਿਸ ਕਰਮਚਾਰੀ ਭਾਰਤੀ ਨਾਗਰਿਕਾਂ ਦੀ ਜਾਨ ਦੀ ਰਾਖੀ ਬਿਨਾ ਕਿਸੇ ਖੌਫ ਤੋਂ ਕਰ ਸਕਣ। ਸੜਕਾਂ ‘ਤੇ ਸੁਰੱਖਿਅਤ ਸਫਰ ਕਰਨ ਲਈ ਨਾਗਰਿਕਾਂ ਦਾ ਵੀ ਆਪਣਾ ਪਹਿਲਾ ਫਰਜ਼ ਹੈ ਕਿ ਨਿਯਮਾਂ ਦੀ ਪਾਲਣਾ ਆਪ ਵੀ ਕਰਨ ਅਤੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਨ ਤਾਂ ਕਿ ਹਰ ਨਾਗਰਿਕ ਸੁਰੱਖਿਅਤ ਸਫਰ ਕਰਕੇ ਆਪਣੇ ਪਰਿਵਾਰ ਨਾਲ ਜ਼ਿੰਦਗੀ ਦੇ ਰੰਗ ਮਾਣ ਸਕੇ ਅਤੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾ ਸਕੇ।
ਅੱਤਵਾਦ ਤੇ ਸੜਕ ਹਾਦਸਿਆਂ ਵਿਚ ਮੌਤਾਂ
ਸਾਲ ਅੱਤਵਾਦੀ ਹਮਲਿਆਂ ਸੜਕ ਹਾਦਸਿਆਂ
ਵਿਚ ਮੌਤਾਂ ਵਿਚ ਮੌਤਾਂ
2014 490 1,39671
2015 387 1,46,133
2016 467 1,50,785
2017 465 1,47,913
ਭਾਰਤ ਵਿਚ ਸੜਕ ਹਾਦਸੇ ਅਤੇ ਮੌਤਾਂ
ਸਾਲ ਕੁੱਲ ਹਾਦਸੇ ਕੁੱਲ ਮੌਤਾਂ
2013 4,48,476 1,37,000
2014 4,89,400 1,39, 671
2015 5,01,423 1,46,133
2016 4,80,656 1,50,785
2017 4,64,910 1,47,913

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …