Breaking News
Home / Special Story / ‘ਇੰਡੀਆ’ ਗੱਠਜੋੜ ਵੱਲੋਂ ਲੋਕਤੰਤਰ ਬਚਾਉਣ ਤੇ ਨਿਰਪੱਖ ਚੋਣਾਂ ‘ਤੇ ਜ਼ੋਰ

‘ਇੰਡੀਆ’ ਗੱਠਜੋੜ ਵੱਲੋਂ ਲੋਕਤੰਤਰ ਬਚਾਉਣ ਤੇ ਨਿਰਪੱਖ ਚੋਣਾਂ ‘ਤੇ ਜ਼ੋਰ

ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ‘ਲੋਕਤੰਤਰ ਬਚਾਓ’ ਦਾ ਸੁਨੇਹਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਨੇ ਇਕਜੁੱਟਤਾ ਦਾ ਪ੍ਰਦਰਸ਼ਨ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਪੱਖ ‘ਚ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਮੰਗੀ। ਇਸ ਦੌਰਾਨ ਕਾਂਗਰਸ ਦੇ ਖ਼ਾਤੇ ਫਰੀਜ਼ ਕਰਨ ਅਤੇ ਆਮਦਨ ਕਰ ਵਿਭਾਗ ਵੱਲੋਂ ਭੇਜੇ ਗਏ ਨੋਟਿਸਾਂ ਦਾ ਮੁੱਦਾ ਵੀ ਉੱਠਿਆ ਅਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ‘ਤੇ ਆਰੋਪ ਲਾਇਆ ਗਿਆ ਕਿ ਉਹ ਵਿਰੋਧੀ ਧਿਰ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ। ਨਵੀਂ ਦਿੱਲੀ ‘ਚ ਰਾਮਲੀਲਾ ਮੈਦਾਨ ‘ਚ ‘ਲੋਕਤੰਤਰ ਬਚਾਓ’ ਰੈਲੀ ਕਰਕੇ ਵਿਰੋਧੀ ਧਿਰਾਂ ਦੇ ਆਗੂਆਂ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਾ ਹਰਾਇਆ ਗਿਆ ਤਾਂ ਦੇਸ਼ ‘ਚੋਂ ਲੋਕਤੰਤਰ ਖ਼ਤਮ ਹੋ ਜਾਵੇਗਾ ਅਤੇ ਸੰਵਿਧਾਨ ਖ਼ਤਰੇ ‘ਚ ਪੈ ਜਾਵੇਗਾ। ਉਨ੍ਹਾਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਏ ਜਾਣ ‘ਤੇ ਵੀ ਜ਼ੋਰ ਦਿੱਤਾ। ਭਾਜਪਾ ਵੱਲੋਂ ਦਿੱਤੇ ਗਏ ‘400 ਪਾਰ’ ਦੇ ਨਾਅਰੇ ‘ਤੇ ਸਵਾਲ ਖੜ੍ਹੇ ਕਰਦਿਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ‘ਚ ‘ਮੈਚ ਫਿਕਸਿੰਗ’ ਦੀ ਕੋਸ਼ਿਸ਼ ਕਰ ਰਹੇ ਹਨ। ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਆਰਜੇਡੀ ਆਗੂ ਤੇਜਸਵੀ ਯਾਦਵ, ਐੱਨਸੀਪੀ (ਸ਼ਰਦਚੰਦਰ ਪਵਾਰ) ਸੁਪਰੀਮੋ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ, ਸਾਗਰਿਕਾ ਘੋਸ਼, ਡੀਐੱਮਕੇ ਦੇ ਤਿਰੁਚੀ ਸ਼ਿਵਾ, ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ. ਰਾਜਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਅਤੇ ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ ਹਾਜ਼ਰ ਸਨ।
ਮੰਚ ‘ਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅਤੇ ਜੇਲ੍ਹ ‘ਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਵੀ ਹਾਜ਼ਰ ਸਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰੈਲੀ ਦੌਰਾਨ ਆਪਣੇ ਸੰਬੋਧਨ ‘ਚ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ‘ਚ ‘ਮੈਚ ਫਿਕਸਿੰਗ’ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਭਾਰੀ ਬਹੁਮਤ ਨਾਲ ਚੋਣਾਂ ਜਿੱਤ ਕੇ ਸੰਵਿਧਾਨ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ‘ਮੈਚ ਫਿਕਸਿੰਗ’ ਨੂੰ ਰੋਕਣ ਲਈ ਪੂਰੀ ਤਾਕਤ ਨਾਲ ਵੋਟਿੰਗ ਕਰਨ ਕਿਉਂਕਿ ਇਹ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਲਈ ਚੋਣਾਂ ਹਨ। ਰਾਹੁਲ ਨੇ ਕਿਹਾ, ”ਕਾਂਗਰਸ ਸਭ ਤੋਂ ਵੱਡੀ ਵਿਰੋਧੀ ਧਿਰ ਹੈ। ਚੋਣਾਂ ਦੌਰਾਨ ਹੀ ਸਭ ਤੋਂ ਵੱਡੀ ਵਿਰੋਧੀ ਧਿਰ ਦੇ ਖ਼ਾਤੇ ਫਰੀਜ਼ ਕਰ ਦਿੱਤੇ ਗਏ।” ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਉਪਰ ਤਾਨਾਸ਼ਾਹੀ ‘ਤੇ ਭਰੋਸਾ ਰੱਖਣ ਦਾ ਆਰੋਪ ਲਾਇਆ ਅਤੇ ਦਾਅਵਾ ਕੀਤਾ ਕਿ ਜਦੋਂ ਤੱਕ ਮੋਦੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਸੱਤਾ ਤੋਂ ਲਾਂਭੇ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਦੇਸ਼ ‘ਚ ਸੁੱਖ ਅਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਵਿਧਾਨ ਬਚਾਉਣ ਅਤੇ ਲੋਕ ਸਭਾ ਚੋਣਾਂ ‘ਚ ਜਿੱਤ ਲਈ ਵਿਰੋਧੀ ਧਿਰਾਂ ਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਕੁਝ ਹੋਰ ਆਗੂਆਂ ਨਾਲ ਇਕ ਪ੍ਰੋਗਰਾਮ ‘ਚ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ, ”ਮੈਨੂੰ ਜੇ ਪੀ ਨੱਢਾ ਨੇ ਪੁੱਛਿਆ ਕਿ ਤੁਹਾਡਾ ਚੋਣ ਪ੍ਰਚਾਰ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ, ਸੂਚੀ ਕਦੋਂ ਜਾਰੀ ਕਰ ਰਹੇ ਹੋ। ਮੈਂ ਕਿਹਾ ਕਿ ਚੋਣਾਂ ਨਿਰਪੱਖ ਨਹੀਂ ਹੋ ਰਹੀਆਂ ਕਿਉਂਕਿ ਸਾਡੇ ਖ਼ਾਤੇ ‘ਚੋਂ ਪੈਸੇ ਚੋਰੀ ਹੋ ਗਏ ਹਨ।” ਖੜਗੇ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ ਬੈਂਕ ਖ਼ਾਤਿਆਂ ਨੂੰ ਫਰੀਜ਼ ਕੀਤਾ ਗਿਆ ਹੈ ਤਾਂ ਜੋ ਉਹ ਚੋਣਾਂ ਨਾ ਲੜ ਸਕੇ। ‘ਸੰਵਿਧਾਨ ਹੈ ਤਾਂ ਰਾਖਵਾਂਕਰਨ ਹੈ। ਸੰਵਿਧਾਨ ਹੈ ਤਾਂ ਬੁਨਿਆਦੀ ਹੱਕ ਮਿਲਣਗੇ। ਸੰਵਿਧਾਨ ਨਹੀਂ ਹੈ ਤਾਂ ਕੁਝ ਨਹੀਂ ਮਿਲੇਗਾ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਰਐੱਸਐੱਸ-ਭਾਜਪਾ ਇਕ ‘ਜ਼ਹਿਰ’ ਵਾਂਗ ਹਨ ਜਿਨ੍ਹਾਂ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਸਾਰੀਆਂ ਵਿਰੋਧੀ ਧਿਰਾਂ ਨੂੰ ਸੱਦਾ ਦਿੱਤਾ ਕਿ ਉਹ ਹੁਕਮਰਾਨ ਧਿਰ ਨੂੰ ਹਰਾਉਣ ਲਈ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਆਪਸ ‘ਚ ਲੜਦੇ ਰਹੇ ਤਾਂ ਭਾਜਪਾ ਨੂੰ ਹਰਾਇਆ ਨਹੀਂ ਜਾ ਸਕਦਾ। ਮੋਦੀ ‘ਤੇ ਵਰ੍ਹਦਿਆਂ ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ‘ਚ ਪੱਧਰਾ ਮੈਦਾਨ ਨਹੀਂ ਹੈ ਅਤੇ ਉਹ ਵਿਰੋਧੀ ਧਿਰ ਨੂੰ ਕ੍ਰਿਕਟ ਖੇਡਣ ਲਈ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਵਿਚਾਰਧਾਰਾ ਨੂੰ ਹਟਾਏ ਬਿਨ੍ਹਾਂ ਦੇਸ਼ ਖੁਸ਼ਹਾਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਿਰੋਧੀ ਧਿਰਾਂ ਅਤੇ ਉਸ ਦੇ ਆਗੂਆਂ ਨੂੰ ਡਰਾਉਣ ਲਈ ਅਦਾਰਿਆਂ ਦੀ ਦੁਰਵਰਤੋਂ ਕਰ ਰਹੇ ਹਨ।
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਿਰੋਧੀ ਧਿਰ ਦੀ ‘ਲੋਕਤੰਤਰ ਬਚਾਓ ਮਹਾਰੈਲੀ’ ਦੇ ਮੰਚ ਤੋਂ ‘ਇੰਡੀਆ’ ਗੱਠਜੋੜ ਵੱਲੋਂ ਪੰਜ ਨੁਕਾਤੀ ਮੰਗਾਂ ਰੱਖੀਆਂ। ਉਨ੍ਹਾਂ ਕਿਹਾ,”ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ‘ਚ ਬਰਾਬਰ ਦੇ ਮੌਕੇ ਯਕੀਨੀ ਬਣਾਉਣੇ ਚਾਹੀਦੇ ਹਨ। ਕਮਿਸ਼ਨ ਨੂੰ ਚੋਣਾਂ ‘ਚ ਹੇਰਾਫੇਰੀ ਕਰਨ ਦੇ ਉਦੇਸ਼ ਨਾਲ ਵਿਰੋਧੀ ਧਿਰਾਂ ਖਿਲਾਫ ਜਾਂਚ ਏਜੰਸੀਆਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਰੋਕਣੀ ਚਾਹੀਦੀ ਹੈ। ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਚੋਣਾਂ ਦੌਰਾਨ ਵਿਰੋਧੀ ਧਿਰਾਂ ਦਾ ਆਰਥਿਕ ਤੌਰ ‘ਤੇ ਗਲਾ ਘੁੱਟਣ ਦੀ ਜਬਰੀ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ।” ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾ ‘ਚ ਬੈਠੇ ਹੋਰ ਲੋਕਾਂ ਨੂੰ ਭਗਵਾਨ ਰਾਮ ਦਾ ਇਹ ਸੁਨੇਹਾ ਯਾਦ ਰੱਖਣਾ ਚਾਹੀਦਾ ਹੈ ਕਿ ਸੱਤਾ ਹਮੇਸ਼ਾ ਨਹੀਂ ਰਹਿੰਦੀ ਹੈ ਅਤੇ ਹੰਕਾਰ ਚੂਰ-ਚੂਰ ਹੋ ਜਾਂਦਾ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ਨੂੰ ‘ਬ੍ਰਹਿਮੰਡ ਦੀ ਸਭ ਤੋਂ ਝੂਠੀ ਪਾਰਟੀ’ ਕਰਾਰ ਦਿੰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪੂਰੀ ਦੁਨੀਆ ‘ਚ ਭਾਜਪਾ ਦੀ ਬਦਨਾਮੀ ਹੋ ਰਹੀ ਹੈ। ਐੱਨਸੀਪੀ (ਐੱਸਸੀਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਖਿਲਾਫ ਜਿਸ ਢੰਗ ਨਾਲ ਕਾਰਵਾਈ ਹੋ ਰਹੀ ਹੈ, ਉਹ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ‘ਤੇ ਸਿਆਸੀ ਹਮਲਾ ਹੈ। ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕੇਂਦਰ ਸਰਕਾਰ ‘ਤੇ ‘ਅਣਐਲਾਨੀ ਐਮਰਜੈਂਸੀ’ ਲਾਗੂ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ‘ਮੋਦੀ ਦੀ ਗਾਰੰਟੀ’ ‘ਚਾਇਨੀਜ਼ ਮਾਲ’ ਵਾਲੀ ਗਾਰੰਟੀ ਹੈ ਜੋ ਸਿਰਫ਼ ਚੋਣਾਂ ਤੱਕ ਰਹੇਗੀ। ਸੀਪੀਐੱਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਾਅਵਾ ਕੀਤਾ ਕਿ ਦੇਸ਼ ‘ਚ ‘ਕਲਯੁੱਗ ਦਾ ਅੰਮ੍ਰਿਤਕਾਲ’ ਚੱਲ ਰਿਹਾ ਹੈ ਅਤੇ ਹੁਣ ‘ਬੁਰੇ ਲੋਕਾਂ ਦੇ ਹੱਥ ‘ਚੋਂ ਅੰਮ੍ਰਿਤ ਕਲਸ਼’ ਵਾਪਸ ਲਿਆਉਣਾ ਹੋਵੇਗਾ ਤਾਂ ਜੋ ਇਸ ਦੀ ਵਰਤੋਂ ਲੋਕਾਂ ਦੇ ਹਿੱਤ ‘ਚ ਹੋ ਸਕੇ।
ਵਿਰੋਧੀ ਧਿਰਾਂ ਵਿੱਚ ਏਕਾ ਨਹੀਂ ਹੋਣ ਦੇਣਾ ਚਾਹੁੰਦੀ ਭਾਜਪਾ: ਭਗਵੰਤ ਮਾਨ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਮ ਲੀਲਾ ਮੈਦਾਨ ‘ਚ ਹੋਈ ਰੈਲੀ ਦੌਰਾਨ ਕਿਹਾ ਕਿ ਹੁਕਮਰਾਨ ਭਾਜਪਾ ਦੇਸ਼ ਨੂੰ ਕਈ ਟੁਕੜਿਆਂ ‘ਚ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਭਾਜਪਾ ਦੇ ‘ਨਵੇਂ ਜੁਮਲਿਆਂ’ ਦੇ ਜਾਲ ‘ਚ ਨਾ ਫਸਣ। ਭਗਵੰਤ ਮਾਨ ਨੇ ਕਿਹਾ,”ਭਾਜਪਾ ਵਿਰੋਧੀ ਧਿਰਾਂ ‘ਚ ਏਕਾ ਨਹੀਂ ਦੇਖਣਾ ਚਾਹੁੰਦੀ ਹੈ। ਉਹ ਨਹੀਂ ਚਾਹੁੰਦੇ ਕਿ ਵਿਰੋਧੀ ਧਿਰ ਇਕੱਠੀ ਬੈਠੇ ਪਰ ਸਾਨੂੰ ਇਕਜੁੱਟ ਹੋਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਦੇਸ਼ 140 ਕਰੋੜ ਲੋਕਾਂ ਦਾ ਹੈ ਅਤੇ ਇਹ ਕਿਸੇ ਦੀ ਜੱਦੀ ਜਾਗੀਰ ਨਹੀਂ ਹੈ। ‘ਦੇਸ਼ ਨੂੰ ਕਈ ਸੁਤੰਤਰਤਾ ਸੈਨਾਨੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਆਜ਼ਾਦੀ ਦਿਵਾਈ ਹੈ। ਉਹ ਦੇਸ਼ ਨੂੰ ਕਈ ਟੁਕੜਿਆਂ ‘ਚ ਵੰਡਣਾ ਚਾਹੁੰਦੇ ਹਨ। ਇਸੇ ਕਾਰਨ ਸੀਏਏ ਲਿਆਂਦਾ ਗਿਆ ਹੈ।’ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੁਮਲਿਆਂ ਦੀ ਨਵੀਆਂ ਫੈਕਟਰੀਆਂ ਆਉਣਗੀਆਂ ਅਤੇ ਉਹ ਇਸ ਤੋਂ ਪ੍ਰਭਾਵਿਤ ਨਾ ਹੋਣ। ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਉਨ੍ਹਾਂ ਕਿਹਾ ਕਿ ਉਹ ਕੋਈ ਵਿਅਕਤੀ ਨਹੀਂ ਸਗੋਂ ਵਿਚਾਰਧਾਰਾ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੇਜਰੀਵਾਲ ਨੂੰ ਗ੍ਰਿਫ਼ਤਾਰ ਤਾਂ ਕਰ ਸਕਦੀ ਹੈ ਪਰ ਉਨ੍ਹਾਂ ਦੀ ਸੋਚ ਨੂੰ ਕਦੇ ਡੱਕ ਨਹੀਂ ਸਕਦੀ ਹੈ।
ਹੁਣ ਜ਼ੁਲਮ ਨਹੀਂ ਸਹਾਂਗੇ: ਸੁਨੀਤਾ ਕੇਜਰੀਵਾਲ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਐਤਵਾਰ ਨੂੰ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਦੀ ‘ਲੋਕਤੰਤਰ ਬਚਾਓ’ ਰੈਲੀ ਦੌਰਾਨ ਪਤੀ ਵੱਲੋਂ ਈਡੀ ਦੀ ਹਿਰਾਸਤ ‘ਚੋਂ ਜਾਰੀ ਸੁਨੇਹੇ ਨੂੰ ਪੜ੍ਹਦਿਆਂ ਕਿਹਾ ਕਿ ਹੁਣ ਜ਼ੁਲਮ ਨਹੀਂ ਚੱਲੇਗਾ ਅਤੇ ਅਰਵਿੰਦ ਕੇਜਰੀਵਾਲ ਨੂੰ ਲੰਮੇ ਸਮੇਂ ਤੱਕ ਸਲਾਖਾਂ ਪਿੱਛੇ ਨਹੀਂ ਰੱਖਿਆ ਜਾ ਸਕਦਾ ਹੈ। ਸੁਨੀਤਾ ਨੇ ਕਿਸੇ ਸਿਆਸੀ ਰੈਲੀ ‘ਚ ਆਪਣੇ ਪਹਿਲੇ ਭਾਸ਼ਨ ਦੌਰਾਨ ਲੋਕਾਂ ਨੂੰ ਇਹ ਵੀ ਸਵਾਲ ਕੀਤਾ ਕਿ ਕੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ‘ਭਾਜਪਾ ਮੁੱਖ ਮੰਤਰੀ ਕੇਜਰੀਵਾਲ ਦਾ ਅਸਤੀਫ਼ਾ ਮੰਗ ਰਹੀ ਹੈ। ਕੀ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ? ਕੀ ਉਨ੍ਹਾਂ ਦੀ ਗ੍ਰਿਫ਼ਤਾਰੀ ਜਾਇਜ਼ ਹੈ? ਉਹ ਇਕ ਸ਼ੇਰ ਹਨ। ਉਹ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਲਾਖਾਂ ਪਿੱਛੇ ਨਹੀਂ ਰੱਖ ਸਕਣਗੇ।’ ਸੁਨੀਤਾ ਨੇ ਪਤੀ ਨੂੰ ਆਸ਼ੀਰਵਾਦ ਦੇਣ ਲਈ ਲੋਕਾਂ ਦਾ ਧੰਨਵਾਦ ਦਿੱਤਾ। ਕੇਜਰੀਵਾਲ ਦੇ ਸੁਨੇਹੇ ‘ਚ ‘ਇੰਡੀਆ’ ਗੱਠਜੋੜ ਵੱਲੋਂ ਛੇ ਗਾਰੰਟੀਆਂ, ਬਿਨ੍ਹਾਂ ਰੁਕਾਵਟ ਦੇ ਬਿਜਲੀ ਸਪਲਾਈ, ਗਰੀਬਾਂ ਲਈ ਮੁਫ਼ਤ ਬਿਜਲੀ, ਸਰਕਾਰੀ ਸਕੂਲ, ਮੁਹੱਲਾ ਕਲੀਨਿਕ ਅਤੇ ਮਲਟੀਸਪੈਸ਼ਲਿਟੀ ਹਸਪਤਾਲ, ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ ਅਤੇ ਦਿੱਲੀ ਲਈ ਪੂਰਨ ਰਾਜ ਦਾ ਦਰਜਾ ਸ਼ਾਮਲ ਹਨ।

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …