ਤਰਲ ਰੁੱਖ
(ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ)
ਦਿੱਲੀ ਮਹਾਂਨਗਰ ਵਿੱਚ ਆਮ ਜੀਵਨ ਇੱਕ ਰੋਜ਼ਾਨਾ ਜਦੋ-ਜਹਿਦ ਬਣ ਚੁੱਕਾ ਸੀ। ਧੂੰਏਂ ਨਾਲ ਭਰੇ ਅਸਮਾਨ ਵਾਲਾ ਇਹ ਸ਼ਹਿਰ ਕੰਕਰੀਟ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਦਾ ਜਮਘਟ ਸੀ। ਕਦੇ ਸਮਾਂ ਸੀ ਜਦ ਇਹ ਸ਼ਹਿਰ ਹਰੇ ਭਰੇ ਬਾਗ-ਬਗੀਚਿਆਂ ਦੀ ਖੁਬਸੂਰਤੀ ਨਾਲ ਸਰਸ਼ਾਰ ਸੀ। ਪਰ ਹੁਣ ਰੁੱਖਾਂ ਤੇ ਹਰਿਆਵਲ ਦੀ ਅਣਹੌਂਦ ਨੇ ਤਾਂ ਸ਼ਹਿਰ ਦਾ ਰੰਗ ਰੂਪ ਹੀ ਬਦਲ ਦਿੱਤਾ ਸੀ। ਸੱਭ ਪਾਸੇ ਕੰਕਰੀਣ ਦਾ ਸਲੇਟੀ ਰੰਗ ਤੇ ਪੀਲੇ-ਭੂਰੇ ਧੂੰਏ ਰੰਗਾ ਆਸਮਾਨ ਲੋਕਾਂ ਦੀ ਜਾਨ ਦਾ ਜੋਖ਼ਮ ਬਣ ਚੁੱਕਾ ਸੀ।
ਜਿਵੇਂ ਹੀ ਸੂਰਜ ਦੀਆਂ ਕਿਰਨਾਂ ਅੰਬਰ ਵਿਚ ਫੈਲੀ ਪ੍ਰਦੂਸ਼ਣ ਦੀ ਮੋਟੀ ਮੈਲੀ ਚਾਦਰ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਰੋਜ਼ਮਰ੍ਹਾ ਦੇ ਕੰਮਾਂ ਵਿਚ ਡੁੱਬੇ ਸ਼ਹਿਰ ਵਾਸੀਆਂ ਲਈ ਕੁਦਰਤ ਦੀ ਹੌਂਦ ਪ੍ਰਾਚੀਨ ਕਾਲ ਦੀ ਯਾਦ ਬਣ ਚੁੱਕੀ ਸੀ। ਇਸ ਸ਼ਹਿਰ ਦੇ ਬੱਚਿਆਂ ਨੇ ਆਪਣੇ ਜੀਵਨ ਕਾਲ ਦੌਰਾਨ ਕਦੇ ਵੀ ਕੋਈ ਅਸਲੀ ਰੁੱਖ ਨਹੀਂ ਸੀ ਦੇਖਿਆ। ਕੁਦਰਤ ਬਾਰੇ ਉਨ੍ਹਾਂ ਦਾ ਅਨੁਭਵ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਮੌਜੂਦ ਰੁੱਖਾਂ ਦੇ ਫਿੱਕੇ ਚਿੱਤਰਾਂ ਦਾ ਹੀ ਸੀ। ਪਰ ਕਈ ਬਜੁਰਗ ਅਜੇ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਸਨ ਜਦੋਂ ਸੜਕਾਂ ਕਿਨਾਰੇ ਲੱਗੇ ਉੱਚੇ ਲੰਮੇ ਅਮਲਤਾਸ, ਗੁਲਮੋਹਰ ਤੇ ਬਰਗਦ ਦੇ ਰੁੱਖ ਅਤੇ ਫੁੱਲਾਂ ਲੱਦੇ ਮੌਲਸਰੀ ਤੇ ਚੰਪਾ ਦੇ ਬੂਟੇ ਚੌਗਿਰਦੇ ਨੂੰ ਖੂਬਸੂਰਤੀ ਅਤੇ ਮਹਿਕ ਨਾਲ ਭਰ ਦਿੰਦੇ ਸਨ।
ਹਰੇ ਭਰੇ ਵਾਤਾਵਰਣ ਦੀ ਘਾਟ ਨੇ ਸ਼ਹਿਰ ਵਾਸੀਆਂ ਦੀ ਸਿਹਤ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ। ਉਨ੍ਹਾਂ ਵਿਚੋਂ ਬਹੁਤੇ ਸਾਹ ਦੀਆਂ ਬਿਮਾਰੀਆਂ ਦਾ ਸ਼ਿਕਾਰ ਸਨ। ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਇੰਨੀ ਵਧੇਰੇ ਸੀ ਕਿ ਲੋਕਾਂ ਨੂੰ ਸਾਹ ਲੈਣ ਲਈ ਮਾਸਕ ਦੀ ਵਰਤੋਂ ਕਰਨੀ ਪੈ ਰਹੀ ਸੀ। ਹਸਪਤਾਲ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨਾਲ ਭਰੇ ਪਏ ਸਨ ਅਤੇ ਬੱਚੇ ਘਾਹ ਦੇ ਮੈਦਾਨਾਂ ਦੀ ਥਾਂ ਕੰਕਰੀਟ ਦੀਆਂ ਉੱਚੀਆਂ ਕੰਧਾਂ ਨਾਲ ਘਿਰੇ ਸੀਮਿੰਟ ਦੇ ਬਣੇ ਮੈਦਾਨਾਂ ਵਿੱਚ ਖੇਡਦੇ ਸਨ।
ਇਸ ਕੰਕਰੀਟ ਦੇ ਜੰਗਲ ਦੇ ਵਿਚ, ਮਾਇਆ ਨਾਮੀ ਦੀ ਇੱਕ ਮੁਟਿਆਰ, ਇੱਕ ਵੱਖਰੀ ਦੁਨੀਆਂ ਦਾ ਸੁਪਨਾ ਦੇਖ ਰਹੀ ਸੀ। ਕੁਦਰਤ ਦੀ ਖ਼ੂਬਸੂਰਤੀ ਬਾਰੇ ਉਸ ਨੇ ਆਪਣੇ ਦਾਦਾ-ਦਾਦੀ ਤੋਂ ਕਹਾਣੀਆਂ ਸੁਣੀਆਂ ਸਨ ਅਤੇ ਉਨ੍ਹਾਂ ਕਹਾਣੀਆਂ ਨੇ ਉਸ ਦੇ ਦਿਲ ਵਿਚ ਆਸ ਦਾ ਇਕ ਬੀਜ ਬੀਜ ਦਿੱਤਾ ਸੀ। ਬੇਸ਼ਕ ਉਹ ਸ਼ਹਿਰ ਵਿਖੇ ਇੱਕ ਇਮਾਰਤਸ਼ਾਜ ਵਜੋਂ ਕੰਮ ਕਰ ਰਹੀ ਸੀ, ਪਰ ਉਸ ਦੀ ਮੂਲ ਰੁਚੀ ਦਿੱਲੀ ਵਿੱਚ ਹਰਿਆਲੀ ਨੂੰ ਵਾਪਸ ਲਿਆਉਣ ਦਾ ਤਰੀਕਾ ਲੱਭਣ ਦੀ ਸੀ।
ਮਾਇਆ ਨੇ ਖੜ੍ਹਵੇਂ (vertical) ਬਗੀਚਿਆਂ ਦੀ ਕਲਪਨਾ ਕਰ, ਆਪਣੇ ਇਮਾਰਤਸ਼ਾਜ਼ੀ ਹੁਨਰ ਦੀ ਵਰਤੋਂ ਕਰਦੇ ਹੋਏ ਇਮਾਰਤਾਂ ਦੀਆਂ ਕੰਧਾਂ ਦੇ ਬਾਹਰਲੇ ਪਾਸਿਆਂ ਉੱਤੇ ਵੇਲਾਂ ਲਗਾ ਸਕਣ ਵਾਲੇ ਡਿਜ਼ਾਈਨ ਤਿਆਰ ਕੀਤੇ। ਉਸਨੇ ਹਵਾ ਨੂੰ ਸ਼ੁੱਧ ਕਰਨ ਵਾਲੀਆ ਅਜਿਹੀਆ ਵੇਲਾਂ ਤੇ ਪੌਦਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜੋ ਦੀਵਾਰਾਂ ਦੇ ਨਾਲ ਚਿਪਕ ਕੇ ਸ਼ਹਿਰ ਦੇ ਪ੍ਰਦੂਸ਼ਿਤ ਵਾਤਾਵਰਣ ਵਿੱਚ ਵੱਧ-ਫੁੱਲ ਸਕਣ। ਉਸ ਦਾ ਯਕੀਨ ਸੀ ਕਿ ਕੰਕਰੀਟ ਦੇ ਜੰਗਲ ਵਿਚ ਇੱਕ ਹਰੇ ਨਖ਼ਲਿਸਤਾਨ ਦੀ ਹੌਂਦ, ਪ੍ਰਦੂਸ਼ਣ ਦੀ ਮਾਰ ਝੱਲ ਰਹੇ ਲੋਕਾਂ ਨੂੰ ਸੁੱਖ ਭਰੀ ਜ਼ਿੰਦਗੀ ਜੀਊਣ ਵਿਚ ਮਦਦ ਕਰ ਸਕਦੀ ਹੈ।
ਮਾਇਆ ਦੀਆ ਕੋਸ਼ਿਸਾਂ ਦੀ ਖ਼ਬਰ ਹੌਲੇ ਹੌਲੇ ਫੈਲਣ ਲੱਗ ਪਈ ਸੀ। ਤਦ ਹੀ ਉਸ ਨੂੰ ਆਪਣੇ ਵਰਗੀ ਸੋਚ ਵਾਲੇ ਕਈ ਹੋਰ ਵਿਅਕਤੀ ਵੀ ਮਿਲ ਗਏ ਜੋ ਉਸ ਦੇ ਮਕਸਦ ਦੀ ਪੂਰਤੀ ਲਈ ਸਹਿਯੋਗ ਦੇਣ ਵਾਸਤੇ ਤਤਪਰ ਸਨ। ਉਨ੍ਹਾਂ ਸੱਭ ਨੇ ਮਿਲ ਕੇ ”ਹਰਿਆਵਲ ਦਸਤਾ” ਨਾਮੀ ਸੰਸਥਾ ਦਾ ਗਠਨ ਕੀਤਾ। ਇਹ ਇੱਕ ਅਜਿਹੀ ਟੋਲੀ ਸੀ, ਜੋ ਦਿੱਲੀ ਵਿਖੇ ਕੁਦਰਤ ਦੀ ਵਾਪਸੀ ਲਈ ਦ੍ਰਿੜ ਸੀ। ਉਨ੍ਹਾਂ ਨੇ ਇਮਾਰਤਾਂ ਦੀਆਂ ਛੱਤਾਂ ਉੱਤੇ ਛੋਟੇ ਬਗੀਚਿਆਂ ਦੀ ਸਥਾਪਨਾ ਕਰਵਾਉਣੀ ਸ਼ੁਰੂ ਕੀਤੀ ਤਾਂ ਜੋ ਇਨ੍ਹਾਂ ਬਗੀਚਿਆਂ ਵਿਚਲੇ ਪੌਦੇ ਹਵਾ ਨੂੰ ਸਾਫ ਕਰ ਕੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਭਰੇ ਮਾਹੌਲ ਤੋਂ ਨਿਜਾਤ ਦੁਆ ਸਕਣ।
ਜਿਵੇਂ-ਜਿਵੇਂ ਸ਼ਹਿਰ ਵਿਚ ਹਰੀਆਂ ਭਰੀਆਂ ਥਾਵਾਂ ਦੀ ਗਿਣਤੀ ਵਧਣ ਲੱਗੀ, ਅਜਿਹੀਆਂ ਥਾਵਾਂ ਨੇੜਲੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਗਿਆ, ਤੇ ਲੋਕਾਂ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਰਾਹਤ ਦੀ ਕਿਰਨ ਮਹਿਸੂਸ ਹੋਣ ਲੱਗੀ। ਉਹ ਬੱਚਿਆਂ ਜਿਨ੍ਹਾਂ ਨੇ ਪਹਿਲਾਂ ਕਦੇ ਰੁੱਖ ਨਹੀਂ ਸਨ ਦੇਖੇ, ਉਹ ਹਰੇ ਭਰੇ ਪੱਤਿਆਂ ਅਤੇ ਰੰਗ-ਬਰੰਗੇ ਫੁੱਲਾਂ ਨਾਲ ਸਜੇ ਪੌਦਿਆਂ ਨੂੰ ਦੇਖ ਕੇ ਹੈਰਾਨ ਹੋ ਗਏ ਸਨ। ਬਾਲਗਾਂ ਨੂੰ ਹਰਿਆਵਲ ਦੀ ਹੋਂਦ ਵਿਚ ਸ਼ਾਂਤੀ ਤੇ ਸੁੰਦਰਤਾ ਮਹਿਸੂਸ ਹੋਈ।
ਪਰ ਅਜੇ ਇਹ ਸੱਭ ਕੁਝ ਵਧੇਰੇ ਅਸਰਦਾਰ ਨਜ਼ਰ ਨਹੀਂ ਸੀ ਆ ਰਿਹਾ, ਕਿਉਂ ਕਿ ਛੱਤਾਂ ਉੱਤੇ ਲੱਗੇ ਬਗੀਚੇ ਜ਼ਮੀਨੀ ਪੱਧਰ ਉੱਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਅਸਫਲ ਰਹੇ ਸਨ। ਆਪਣੇ ਮੌਜੂਦਾ ਯਤਨਾਂ ਦੇ ਨਤੀਜਿਆਂ ਤੋਂ ਅਸੰਤੁਸ਼ਟ, ”ਹਰਿਆਵਲ ਦਸਤੇ” ਨੇ ਮਸਲੇ ਦੇ ਹੱਲ ਲਈ ਹੋਰ ਢੰਗ ਭਾਲਣ ਦੀ ਖੋਜ ਜਾਰੀ ਰੱਖੀ।
ਦਿੱਲੀ ਵਿੱਚ ਜ਼ਮੀਨੀ ਪੱਧਰ ਉੱਤੇ ਸਾਫ਼ ਹਵਾ ਦੀ ਘਾਟ ਹਰ ਕਿਸੇ ਲਈ ਜੋਖ਼ਮ ਦਾ ਮੁੱਦਾ ਸੀ। ਸੁਭਾਗ ਵੱਸ ਸਰਬੀਆ ਦੇ ਪ੍ਰਸਿੱਧ ਵਿਗਿਆਨੀ, ਡਾ. ਇਵਾਨ ਪੈਟਰੋਵਿਕ ਦੀ ਦੁਰਲੱਭ ਖੋਜ ਤੋਂ ਉਮੀਦ ਦੀ ਇੱਕ ਕਿਰਨ ਦਾ ਜਨਮ ਹੋਇਆ। ਡਾ. ਇਵਾਨ ਇੱਕ ਖਾਸ ਖੋਜ ਪ੍ਰੋਜੈਕਟ ਸੰਬੰਧੀ ਕੰਮ ਕਰਨ ਲਈ ਇਸ ਸ਼ਹਿਰ ਵਿਖੇ ਆਇਆ ਸੀ। ਇਥੋਂ ਦੇ ਹਾਲਾਤ ਦੇਖ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਸ ਦੀ ਖੋਜ ਇਸ ਸ਼ਹਿਰ ਤੇ ਇਸ ਦੇ ਵਾਸੀਆਂ ਦਾ ਜੀਵਨ ਬਦਲਣ ਦੇ ਸਮਰਥ ਹੈ। ਡਾ. ਇਵਾਨ ਇੱਕ ਵਿਲੱਖਣ ਖੋਜੀ ਸੀ ਜਿਸ ਨੇ ਵਾਤਾਵਰਨ ਦੇ ਮਸਲਿਆਂ ਬਾਰੇ ਨਵੇਂ ਹੱਲ ਲੱਭਣ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਸੀ। ਉਸ ਨੇ ਸੂਖਮ ਐਲਗੀ ਦੁਆਰਾ ਪ੍ਰਦੂਸ਼ਣਕਾਰੀ ਕਣਾਂ ਨੂੰ ਜਜ਼ਬ ਕਰਨ ਅਤੇ ਆਕਸੀਜਨ ਛੱਡਣ ਦੀ ਕ੍ਰਿਆ ਦੀ ਜਾਂਚ ਵਿਚ ਲਗਭਗ ਦੋ ਦਹਾਕੇ ਬਿਤਾਏ ਸਨ। ਆਪਣੇ ਖੋਜ ਕਾਰਜਾਂ ਦੀ ਬਦੌਲਤ ਉਸ ਨੇ ਇਕ ਅਜਿਹੀ ਕੁਦਰਤੀ ਕ੍ਰਿਆ ਦਾ ਪਤਾ ਲਗਾ ਲਿਆ ਸੀ ਜੋ ਦਿੱਲੀ ਦੀ ਕਿਸਮਤ ਨੂੰ ਹਮੇਸ਼ਾ ਲਈ ਬਦਲਣ ਦੇ ਸਮਰਥ ਸੀ। ਇੱਕ ਦਿਨ, ਜਦੋਂ ਡਾ. ਇਵਾਨ ਸ਼ਹਿਰ ਦੀ ਪਥਰੀਲੀ ਸੜਕ ਉੱਤੇ ਪੈਦਲ ਜਾ ਰਿਹਾ ਸੀ, ਤਾਂ ਉਸ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਅਤੇ ਪ੍ਰਦੂਸ਼ਣ ਦੇ ਗੰਭੀਰ ਨਤੀਜਿਆਂ ਨੂੰ ਨੇੜਿਓ ਦੇਖਿਆ। ਉਸੇ ਸਮੇਂ ਉਸ ਨੂੰ ਇਕ ਫੁਰਨਾ ਆਇਆ। ਇਸ ਫੁਰਨੇ ਨਾਲ ਉਸ ਦੇ ਮਨ ਵਿਚ ਇਕ ਤਰਲ ਰੁੱਖ ਦਾ ਰੂਪ ਪ੍ਰਗਟ ਹੋ ਗਿਆ। ਉਸ ਨੇ ਇੱਕ ਅਜਿਹੇ ਸਿਸਟਮ ਦੀ ਕਲਪਨਾ ਕੀਤੀ ਜਿਸ ਵਿਚ ਵਿਸ਼ੇਸ਼ ਢੰਗ ਨਾਲ ਤਿਆਰ ਕੀਤੀ ਸੂਖਮ ਐਲਗੀ ਨੂੰ ਪਾਣੀ ਨਾਲ ਭਰੇ ਕੱਚ ਦੇ ਬਕਸੇ ਵਿਚ ਇੰਝ ਰੱਖਿਆ ਜਾਵੇ ਤਾਂ ਕਿ ਉਹ ਐਲਗੀ ਚੋਗਿਰਦੇ ਦੀ ਪ੍ਰਦੂਸ਼ਿਤ ਹਵਾ ਨੂੰ ਸਹਿਜੇ ਹੀ ਸੌਖ ਸਕੇ ਅਤੇ ਹਵਾ ਵਿਚਲੇ ਪ੍ਰਦੂਸ਼ਣਕਾਰੀ ਕਣਾਂ, ਪਾਣੀ ਤੇ ਰੌਸ਼ਨੀ ਦੀ ਆਪਸੀ ਕ੍ਰਿਆ ਤੋਂ ਪੈਦਾ ਹੋਈ ਆਕਸੀਜਨ ਨੂੰ ਆਲੇ-ਦੁਆਲੇ ਦੇ ਵਾਤਾਵਰਣ ਵਿਚ ਛੱਡ ਸਕੇ। ਇਹ ਬਿਲਕੁਲ ਅਜਿਹੀ ਹੀ ਪ੍ਰਣਾਲੀ ਸੀ ਜਿਵੇਂ ਰੁੱਖ ਗੰਦੀ ਹਵਾ (ਕਾਰਬਨ ਡਾਇ ਆਕਸਾਈਡ ਗੈਸ) ਨੂੰ ਸੌਖ ਕੇ ਸਾਫ਼ ਹਵਾ (ਆਕਸੀਜਨ) ਪੈਦਾ ਕਰਦੇ ਸਨ। ਡਾ. ਇਵਾਨ ਦੁਆਰਾ ਤਰਲ ਰੁੱਖ ਦੀ ਕਲਪਨਾ ਇਸ ਕੰਕਰੀਟ ਦੇ ਜੰਗਲ ਵਿੱਚ ਉਮੀਦ ਦੀ ਕਿਰਨ ਵਜੋਂ ਪ੍ਰਗਟ ਹੋਈ। ਉਹ ਸੋਚ ਰਿਹਾ ਸੀ, ‘ਇਹ ਰੁੱਖ, ਕੱਚ ਦੀਆਂ ਸ਼ਾਨਦਾਰ ਬਣਤਰਾਂ ਵਾਲੇ ਮੱਛੀ ਪਾਲਣ ਵਾਲੇ ਟੈਂਕਾਂ ਵਾਂਗ, ਸ਼ਹਿਰ ਦੀਆਂ ਗਲੀਆਂ, ਖੇਡ ਮੈਦਾਨਾਂ ਅਤੇ ਬੱਸ ਸਟੈਂਡਾਂ ਵਿਖੇ ਮੌਜੂਦ ਬੈਂਚਾਂ ਦੀ ਪਿਛਲੀ ਢੋਅ ਦਾ ਕੰਮ ਕਰਦੇ ਹੋਏ ਸ਼ਹਿਰ ਦੇ ਗੰਧਲੇਪਣ ਨੂੰ ਦੂਰ ਕਰਨ ਦਾ ਕੰਮ ਸਹਿਜੇ ਹੀ ਕਰ ਸਕਣਗੇ। ਇਨ੍ਹਾਂ ਕੱਚ ਦੇ ਬਕਸਿਆਂ ਵਿਚ ਪਾਣੀ ਦੀ ਹੌਂਦ ਵਿਚ ਐਲਗੀ ਦੀ ਪ੍ਰਕਾਸ਼ ਸੰਸ਼ਲੇਸ਼ਣ ਕਰਨ ਦੀ ਕੁਦਰਤੀ ਯੋਗਤਾ, ਹਵਾ ਦੇ ਪ੍ਰਦੂਸ਼ਣ ਨੂੰ ਚੂਸਦੇ ਹੋਏ ਚੋਗਿਰਦੇ ਵਿਚ ਸ਼ੁੱਧ ਆਕਸੀਜਨ ਛੱਡ ਸਕੇਗੀ।’ ਇਹ ਕਲਪਨਾ ਸੱਚ ਹੀ ਨਿਰਾਲੀ ਸੀ।
ਡਾ. ਇਵਾਨ ”ਹਰਿਆਵਲ ਦਸਤਾ” ਦੇ ਕੰਮਾਂ ਤੋਂ ਜਾਣੂ ਸੀ ਕਿ ਕਿਵੇਂ ਇਸ ਦਸਤੇ ਦੇ ਮੈਂਬਰ ਦਿੱਲੀ ਵਿਖੇ ਹਰਿਆਵਲ ਦੀ ਵਾਪਸੀ ਲਈ ਅਣਥੱਕ ਮਿਹਨਤ ਕਰ ਰਹੇ ਸਨ। ਉਸ ਨੇ ਆਪਣਾ ਵਿਚਾਰ ਉਨ੍ਹਾਂ ਨਾਲ ਸਾਂਝਾ ਕੀਤਾ। ਨਵੇਂ ਵਿਚਾਰਾਂ ਬਾਰੇ ਹਮੇਸ਼ਾ ਹੀ ਉਤਸਾਹਿਤ ਰਹਿਣ ਵਾਲੀ ਮਾਇਆ, ਹਰਿਆਵਲ ਦਸਤੇ ਦੇ ਮੋਢੀਆਂ ਵਿੱਚ ਇਕ ਸੀ, ਜੋ ਡਾ. ਇਵਾਨ ਦੇ ਵਿਚਾਰਾਂ ਤੋਂ ਡਾਢੀ ਪ੍ਰਭਾਵਿਤ ਹੋਈ। ਉਸ ਨੇ ਡਾ. ਇਵਾਨ ਦੇ ਨਿਰਾਲੇ ਸਕੰਲਪ ਨੂੰ ਸਾਕਾਰ ਕਰਨ ਲਈ ਹਰਿਆਵਲ ਦਸਤੇ ਦੇ ਮੈਂਬਰਾਂ ਨੂੰ ਮਨਾ ਲਿਆ।
ਡਾ. ਇਵਾਨ ਅਤੇ ਉਸ ਦੀ ਟੀਮ ਨੇ ਪ੍ਰਦੂਸ਼ਣਕਾਰੀ ਪਦਾਰਥਾਂ ਨੂੰ ਜਜ਼ਬ ਕਰਨ ਅਤੇ ਆਕਸੀਜਨ ਪੈਦਾ ਕਰਨ ਲਈ ਬਹੁਤ ਹੀ ਕੁਸ਼ਲ ਸੂਖ਼ਮ ਐਲਗੀ ਦੀਆਂ ਵੰਨਗੀਆਂ ਨੂੰ ਧਿਆਨ ਨਾਲ ਚੁਣਿਆ। ਹੌਲੇ ਹੌਲੇ ਕੱਚ ਦੇ ਢਾਂਚਿਆਂ ਵਾਲੇ ਤਰਲ ਰੁੱਖ ਸਾਰੇ ਸ਼ਹਿਰ ਵਿੱਚ ਦਿਖਾਈ ਦੇਣ ਲੱਗ ਪਏ। ਇਹ ਤਰਲ ਰੁੱਖ ਹਵਾ ਦੀ ਗੁਣਵੱਤਾ ਦੀ ਜਾਂਚ ਲਈ ਸੈਂਸਰਾਂ ਨਾਲ ਲੈਸ ਸਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸ਼ਹਿਰ ਦੀਆਂ ਲੋੜਾਂ ਲਈ ਸਹੀ ਰੋਲ ਅਦਾ ਕਰ ਰਹੇ ਹਨ।
ਜਿਵੇਂ ਜਿਵੇਂ ਤਰਲ ਰੁੱਖਾਂ ਦੀ ਗਿਣਤੀ ਵਧਦੀ ਗਈ, ਦਿੱਲੀ ਦੇ ਵਾਯੂ-ਮੰਡਲ ਵਿੱਚ ਉਨ੍ਹਾਂ ਦਾ ਪ੍ਰਭਾਵ ਨਜ਼ਰ ਆਉਣ ਲੱਗਾ। ਪ੍ਰਦੂਸ਼ਣ ਦਾ ਪੱਧਰ ਕਾਫ਼ੀ ਹੱਦ ਤਕ ਘੱਟ ਗਿਆ, ਅਤੇ ਹਵਾ ਸਾਫ਼-ਸੁਥਰੀ ਹੋ ਗਈ। ਪਹਿਲੋਂ ਪ੍ਰਚਲਿਤ ਹਵਾ-ਸਫ਼ਾਈ ਯੰਤਰਾਂ ਦੀ ਲਗਾਤਾਰ ਗੂੰਜ ਅਤੇ ਮਾਸਕ ਪਹਿਨੇ ਲੋਕਾਂ ਦੀ ਸੰਖਿਆ ਹੁਣ ਕਾਫ਼ੀ ਘੱਟ ਹੋ ਗਈ ਸੀ। ਹੁਣ ਬੱਚੇ ਗਲੀਆਂ ਵਿੱਚ ਬੇਫ਼ਿਕਰੀ ਨਾਲ ਨੱਠ ਭੱਜ ਕਰ ਸਕਦੇ ਸਨ। ਬਜ਼ੁਰਗਾਂ ਦੀ ਸਿਹਤ ਵਿੱਚ ਸੁਧਾਰ ਨਜ਼ਰ ਆਉਣ ਲਗ ਪਿਆ ਸੀ।
ਸ਼ਹਿਰ ਵਿਚ ਹਰੇ ਰੰਗ ਦੇ ਭਿੰਨ ਭਿੰਨ ਰੂਪਾਂ ਵਾਲੇ ਕੱਚ ਦੇ ਖੂਬਸੂਰਤ ਢਾਂਚਿਆਂ ਵਾਲੇ ਤਰਲ ਰੁੱਖ, ਸੜਕਾਂ ਕਿਨਾਰੇ ਸਾਫ਼ ਹਵਾ ਦੇ ਰੱਖਿਅਕਾਂ ਵਾਂਗ ਖੜ੍ਹੇ ਨਜ਼ਰ ਆ ਰਹੇ ਸਨ। ਹਰੇਕ ਤਰਲ ਰੁੱਖ ਦੇ ਹੇਠਲੇ ਪਾਸੇ ਨਾਲ, ਇੱਕ ਬੈਂਚ ਜੁੜਿਆ ਹੋਇਆ ਸੀ ਜੋ ਲੋਕਾਂ ਨੂੰ ਬੈਠਣ, ਆਰਾਮ ਕਰਨ ਅਤੇ ਕੁਦਰਤ ਨਾਲ ਜੁੜਨ ਦਾ ਸੱਦਾ ਦਿੰਦਾ ਸੀ। ਇਹ ਬੈਂਚ ਆਪਸੀ ਮੁਲਾਕਾਤ ਦੀ ਠਾਹਰ ਬਣ ਗਏ, ਜਿੱਥੇ ਅਣਜਾਣ ਲੋਕ ਵੀ ਆਪਸੀ ਮੁਲਾਕਾਤਾਂ ਨਾਲ ਦੋਸਤ ਬਣ ਗਏ। ਸ਼ਹਿਰ ਵਾਸੀਆਂ ਨੂੰ ਇਨ੍ਹਾਂ ਜੀਵਿਤ ਅਜੂਬਿਆਂ ਦੀ ਹੌਂਦ ਨਾਲ ਖੁਸ਼ੀ ਤੇ ਰਾਹਤ ਦਾ ਅਨੁਭਵ ਹੋਇਆ। ਜਿਵੇਂ ਹੀ ਰੁੱਤਾਂ ਬਦਲਦੀਆਂ ਗਈਆਂ, ਤਰਲ ਰੁੱਖ ਵੀ ਰੰਗ ਬਦਲਦੇ ਗਏ, ਪਤਝੜ੍ਹ ਵਿੱਚ ਲਾਲ, ਸੰਤਰੀ ਅਤੇ ਪੀਲੇ ਰੰਗ ਦੇ ਚਮਕਦਾਰ ਰੰਗਾਂ ਵਿੱਚ ਨਜ਼ਰ ਆਉਂਦੇ ਅਤੇ ਬਸੰਤ ਰੁੱਤ ਵਿੱਚ ਨਾਜ਼ੁਕ ਫੁੱਲਾਂ ਦੇ ਰੰਗਾਂ ਨਾਲ ਚਮਚਮਾ ਉੱਠਦੇ। ਨੀਰਸ ਸਲੇਟੀ ਰੰਗ ਵਾਲਾ ਦਿੱਲੀ ਸ਼ਹਿਰ ਹੁਣ ਤਾਂ ਸਾਰਾ ਸਾਲ ਹੀ ਰੰਗਾਂ ਦੀ ਬਹਾਰ ਨਾਲ ਸਰਸ਼ਾਰ ਨਜ਼ਰ ਆਉਂਦਾ ਸੀ।
ਦਿੱਲੀ ਵਿਖੇ ਵਾਪਰ ਰਹੀ ਅਜਬ ਤਬਦੀਲੀ ਵਿਚ, ਅਚਾਨਕ ਇਕ ਮੁਸ਼ਕਲ ਪੈਦਾ ਹੋ ਗਈ। ਜਿਸ ਨਾਲ ਤਰਲ ਰੁੱਖਾਂ ਅਤੇ ਸ਼ਹਿਰ ਵਾਸੀਆਂ ਦੇ ਆਪਸੀ ਭਾਈਚਾਰੇ ਦੀ ਹੌਂਦ ਨੂੰ ਖ਼ਤਰਾ ਪੈਦਾ ਹੋ ਗਿਆ। ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀਆਂ ਦੇ ਇੱਕ ਗੁੱਟ, ਜੋ ”ਨਗਰ ਨਿਰਮਾਣ ਨਿਗਮ” ਦੇ ਨਾਮ ਨਾਲ ਮਸ਼ਹੂਰ ਸੀ, ਨੇ ਤਰਲ ਰੁੱਖਾਂ ਨੂੰ ਉਨ੍ਹਾਂ ਦੇ ਕਾਰੋਬਾਰੀ ਲਾਭਾਂ ਲਈ ਖ਼ਤਰੇ ਵਜੋਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਕਾਰੋਬਾਰੀਆਂ ਦੇ ਸਿਹਤ ਭਲਾਈ ਸੇਵਾਵਾਂ ਅਤੇ ਉਸਾਰੀ ਉਦਯੋਗ ਦੇ ਖੇਤਰਾਂ ਵਿੱਚ ਵਿਸ਼ੇਸ਼ ਹਿੱਤ ਸਨ। ਉਨ੍ਹਾਂ ਨੂੰ ਚਿੰਤਾ ਸੀ ਕਿ ਮਾਇਆ, ਡਾ. ਇਵਾਨ ਅਤੇ ਹਰਿਆਵਲ ਦਸਤੇ ਦੁਆਰਾ ਕੀਤੇ ਜਾ ਰਹੇ ਯਤਨਾਂ ਕਾਰਣ ਸ਼ਹਿਰ ਵਿਖੇ ਹਰਿਆਵਲ ਦੀ ਵਾਪਸੀ ਸਿਹਤ ਭਲਾਈ ਖੇਤਰ ਦੇ ਮੁਨਾਫੇ ਅਤੇ ਨਵੇਂ ਨਿਰਮਾਣ ਪ੍ਰੋਜੈਕਟਾਂ ਵਿੱਚ ਰੁਕਾਵਟ ਪਾਵੇਗੀ। ਉਨ੍ਹਾਂ ਦੀ ਸੋਚ ਸੀ ਕਿ ਸ਼ਹਿਰਵਾਸੀਆਂ ਵਿਚ ਹਰਿਆਲੀ ਵਾਪਸੀ ਦਾ ਜਨੂੰਨ ਕਾਰੋਬਾਰੀ ਲਾਭਾਂ ਦੀ ਮਾਤਰਾ ਨੂੰ ਘੱਟ ਕਰ ਦੇਵੇਗਾ।
ਨਗਰ ਨਿਰਮਾਣ ਨਿਗਮ ਨੇ ਤਰਲ ਰੁੱਖਾਂ ਦੇ ਫੈਲਾਅ ਨੂੰ ਰੋਕਣ ਲਈ ਮਿਊਂਸੀਪਲ ਕੌਂਸਲ ਦੇ ਮੈਂਬਰਾਂ ਉੱਤੇ ਦਬਾਉ ਵਧਾਉਣਾ ਸ਼ੁਰੂ ਕਰ ਦਿੱਤਾ। ਨਿਗਮ ਨੇ ਮਿਊਂਸੀਪਲ ਕੌਂਸਲ ਦੇ ਮੈਂਬਰਾਂ ਨੂੰ ਸ਼ਹਿਰ ਵਿਖੇ ਹੋਰ ਇਮਾਰਤਾਂ ਬਣਾਉਣ ਦਾ ਰਾਹ ਮੌਕਲਾ ਕਰਨ ਲਈ ਸਥਾਪਿਤ ਕੀਤੇਗਏ ਤਰਲ ਰੁੱਖਾਂ ਨੂੰ ਹਟਾਉਣ ਦਾ ਪ੍ਰਸਤਾਵ ਪਾਸ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਉਨ੍ਹਾਂ ਦੀਆਂ ਦਲੀਲਾਂ ਮਨ-ਲ਼ੁਭਾਵਣੀਆ ਸਨ, ਅਤੇ ਉਨ੍ਹਾਂ ਕੋਲ ਆਪਣੇ ਆਸ਼ੇ ਦੀ ਪ੍ਰਾਪਤੀ ਲਈ ਉਚਿਤ ਸਾਧਨ ਵੀ ਸਨ।
(ਚਲਦਾ)
Email: [email protected]
Website: drdpsinghauthor.wordprress.com