ਪੀੜਤ ਸਿੱਖ ਪਰਿਵਾਰਾਂ ਨੂੰ ਦਿੱਤੀ ਗਈ ਮਾਲੀ ਮਦਦ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ ਵਾਲੇ ਹਾਲਾਤ ਦੌਰਾਨ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਪੁਣਛ ਵਿਚ ਹੋਏ ਹਮਲੇ ’ਚ ਜਾਨ ਗੁਆਉਣ ਵਾਲੇ ਚਾਰ ਸਿੱਖਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੁਣਛ ਪਹੁੰਚੇ। ਉਨ੍ਹਾਂ ਨੇ ਪੀੜਤ ਸਿੱਖ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਦਿੱਤੇ। ਧਾਮੀ ਨੇ ਸਮੂਹ ਪੀੜਤ ਪਰਿਵਾਰਾਂ ਦੇ ਘਰ ਜਾ ਕੇ ਹਮਦਰਦੀ ਪ੍ਰਗਟ ਕੀਤੀ ਅਤੇ ਰਾਗੀ ਭਾਈ ਅਮਰੀਕ ਸਿੰਘ ਨਮਿਤ ਅੰਤਿਮ ਅਰਦਾਸ ਸਮਾਗਮ ਵਿਚ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ਦੁਨੀਆ ਵਿਚ ਜਦੋਂ ਵੀ ਕਿਤੇ ਕਿਸੇ ਸਿੱਖ ਨਾਲ ਪੀੜਾ ਬਣਦੀ ਹੈ ਤਾਂ ਉਹ ਆਪਣਾ ਫਰਜ਼ ਸਮਝ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੁਣਛ ਵਿਚ ਹੋਏ ਹਮਲੇ ਦੌਰਾਨ ਰਣਜੀਤ ਸਿੰਘ, ਰਾਗੀ ਭਾਈ ਅਮਰੀਕ ਸਿੰਘ, ਸਾਬਕਾ ਫੌਜੀ ਅਮਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਦੀ ਜਾਨ ਚਲੇ ਗਈ ਸੀ।