ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਮੌਕੇ ਹੋਈ ਹਿੰਸਾ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ
ਚੰਡੀਗੜ੍ਹ, ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦਾ ਚਾਰ ਮੈਂਬਰੀ ਵਫਦ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਰਾਜ ਭਵਨ ਚੰਡੀਗੜ੍ਹ ਵਿਚ ਮਿਲਿਆ। ਇਸ ਮੌਕੇ ਵਫਦ ਨੇ ਰਾਜਪਾਲ ਨੂੰ ਇਕ ਮੈਮੋਰੰਡਮ ਦਿੱਤਾ, ਜਿਸ ਵਿਚ ਉਨ੍ਹਾਂ ਨੇ ਪੰਜਾਬ ਭਰ ਵਿਚ ਹੋ ਰਹੀਆਂ ਨਗਰ ਨਿਗਮ ਚੋਣਾਂ ਦੌਰਾਨ ਹੋ ਰਹੀ ਹਿੰਸਾ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਦੀ ਕਮਜ਼ੋਰੀ ਦੱਸਿਆ। ਇਸ ਵਫਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਗਰ ਨਿਗਮ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਸਮੇਂ ਤਰਨਤਾਰਨ ਅਤੇ ਜਲਾਲਾਬਾਦ ਵਿਚ ਹਿੰਸਕ ਘਟਨਾਵਾਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਪੰਜਾਬ ਸਰਕਾਰ ‘ਤੇ ਆਰੋਪ ਲਾਏ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਇਨ੍ਹਾਂ ਹਿੰਸਕ ਘਟਨਾਵਾਂ ਲਈ ਕਸੂਰਵਾਰ ਹੈ। ਧਿਆਨ ਰਹੇ ਕਿ 14 ਫਰਵਰੀ ਨੂੰ ਪੰਜਾਬ ਵਿਚ ਨਗਰ ਨਿਗਮ ਲਈ ਵੋਟਾਂ ਪੈਣੀਆਂ ਹਨ।

