ਪੰਜਾਬ ‘ਚ ਸ਼ਰਾਬ ਘੁਟਾਲੇ ਦੀ ਸੀਬੀਆਈ ਜਾਂਚ ਮੰਗੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਦੇ ਵਫਦ ਵਲੋਂ ਅੱਜ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਦਿੱਲੀ ਵਿਚ ਕਰੋੜਾਂ ਰੁਪਏ ਦਾ ਸਰਾਬ ਘਪਲਾ ਸਾਹਮਣੇ ਸਾਹਮਣੇ ਆਇਆ ਹੈ, ਇਹ ਘਪਲਾ ਪੰਜਾਬ ਵਿਚ ਵੀ ਹੋਇਆ ਹੈ। ਉਨ੍ਹਾਂ ਨੇ ਮੁਨੀਸ਼ ਸਿਸੋਦੀਆ ਦਾ ਨਾਮ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੀ ਪੰਜਾਬ ਵਿਚ ਸ਼ਰਾਬ ਦੀ ਪਾਲਿਸੀ ਬਣਾਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਅਫਸਰ, ਵਿੱਤ ਕਮਿਸ਼ਨਰ ਟੈਕਸੇਸ਼ਨ, ਐਕਸਾਈਜ਼ ਕਮਿਸ਼ਨਰ ਟੈਕਸੇਸ਼ਨ ਤੇ ਪੰਜਾਬ ਦੇ ਬਾਕੀ ਅਫਸਰ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਘਰ ਕੀ ਕਰਨ ਗਏ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ 500 ਕਰੋੜ ਰੁਪਏ ਦਾ ਘਪਲਾ ਹੈ ਅਤੇ ਅਸੀਂ ਰਾਜਪਾਲ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਦਿੱਲੀ ਵਿਚ ਲੈਫਟੀਨੈਂਟ ਗਵਰਨਰ ਦੀ ਜਾਂਚ ਤੋਂ ਬਾਅਦ ਸਿਸੋਦੀਆ ਖਿਲਾਫ ਕੇਸ ਦਰਜ ਹੋਇਆ ਹੈ, ਇਸੇ ਤਰ੍ਹਾਂ ਪੰਜਾਬ ਵਿਚ ਵੀ ਇਸ ਘਪਲੇ ਸਬੰਧੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਨਾ ਤਾਂ ਮੁੱਖ ਮੰਤਰੀ ਬਚ ਸਕਦੇ ਹਨ ਅਤੇ ਨਾ ਹੀ ਅਫਸਰ ਬਚ ਸਕਦੇ ਹਨ।