ਲੋਕ ਪਾਣੀ ਵਿਚ ਡੁੱਬੇ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ
ਜਲੰਧਰ/ਬਿਊਰੋ ਨਿਊਜ਼ : ਹੜ੍ਹ ‘ਚ ਡੁੱਬੇ ਬੇਚਿਰਾਗੇ ਪਿੰਡਾਂ ਨੂੰ ਅਜੇ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਛੇ-ਛੇ ਫੁੱਟ ਪਾਣੀ ਵਿਚ ਫਸੇ ਲੋਕ ਆਪਣੇ ਡੁੱਬੇ ਹੋਏ ਘਰਾਂ ਨੂੰ ਵੀ ਛੱਡਣ ਲਈ ਤਿਆਰ ਨਹੀਂ ਹਨ। ਹੜ੍ਹ ਆਏ ਨੂੰ ਡੇਢ ਹਫਤਾ ਹੋਣ ਵਾਲਾ ਹੈ, ਪਰ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਘੱਟ ਨਹੀਂ ਹੋਈਆਂ ਤੇ ਨਾ ਹੀ ਭਵਿੱਖ ਵਿਚ ਛੇਤੀ ਹੱਲ ਹੋਣ ਦੀ ਉਮੀਦ ਨਜ਼ਰ ਆ ਰਹੀ ਹੈ। ਗੱਟਾ ਮੁੰਡੀ ਕਾਸੂ ਦੇ ਸ਼ਮਸ਼ੇਰ ਸਿੰਘ ਦਾ ਕੱਚਾ ਘਰ ਹੜ੍ਹ ਵਿਚ ਰੁੜ੍ਹ ਗਿਆ ਹੈ।
ਉਸ ਦਾ ਕਹਿਣਾ ਸੀ ਕਿ ਅਜੇ ਤੱਕ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਜਾਨੀਆਂ ਚਾਹਲ, ਫਤਹਿਪੁਰ, ਕੰਗ ਖੁਰਦ ਅਤੇ ਜਲਾਲਪੁਰ ਖੁਰਦ ਦੇ ਪਿੰਡਾਂ ਦੀਆਂ ਸੜਕਾਂ ਤੋਂ ਲੰਘਣਾ ਅਜੇ ਵੀ ਔਖਾ ਹੋਇਆ ਪਿਆ ਹੈ ਕਿਉਂਕਿ ਉਥੇ ਢਾਈ ਤੋਂ ਤਿੰਨ ਫੁੱਟ ਪਾਣੀ ਸੜਕਾਂ ‘ਤੇ ਫਿਰ ਰਿਹਾ ਹੈ। ਪਾਣੀ ਕਾਰਨ ਸੜਕਾਂ ਵੀ ਰੁੜ੍ਹ ਗਈਆਂ ਹਨ ਜਿਸ ਨਾਲ ਲੋਕਾਂ ਦੀਆਂ ਮੁਸੀਬਤਾਂ ਹੋਰ ਵੀ ਵਧ ਗਈਆਂ ਹਨ। ਉਧਰ ਪ੍ਰਸ਼ਾਸਨ ਵਲੋਂ ਤੇਜ਼ੀ ਨਾਲ ਬੰਨ੍ਹ ਨੂੰ ਬੰਨ੍ਹਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਜਲੰਧਰ ਜ਼ਿਲ੍ਹੇ ਵਿਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਕੁੱਲ 18 ਪਾੜ ਪਏ ਸਨ। ਇਨ੍ਹਾਂ ਵਿਚ 11 ਫਿਲੌਰ ਸਬ ਡਿਵੀਜ਼ਨ ਦੇ ਹਨ। ਇਸ ਇਲਾਕੇ ਦੇ 6 ਬੰਨ੍ਹ ਬਣਾ ਦਿੱਤੇ ਗਏ ਹਨ ਜਿਨ੍ਹਾਂ ‘ਚ ਪ੍ਰਮੁੱਖ ਮੀਓਵਾਲ, ਮਾਓ ਸਾਹਿਬ, ਭੁੱਲੇਵਾਲ, ਨਵਾਂ ਪਿੰਡ ਖਹਿਰਾ ਦੇ ਬੰਨ੍ਹ ਹਨ ਪਰ ਸ਼ਾਹਕੋਟ ਇਲਾਕੇ ‘ਚ 7 ਥਾਵਾਂ ‘ਤੇ ਪਾੜ ਪਏ ਸਨ, ਉਨ੍ਹਾਂ ਵਿਚੋਂ ਸਿਰਫ ਜਾਨੀਆਂ ਚਾਹਲ ਬੰਨ੍ਹ ‘ਤੇ ਹੀ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਇਸ ਦਾ ਕੰਮ ਅਜੇ 30 ਤੋਂ 35 ਫੀਸਦੀ ਹੀ ਮੁਕੰਮਲ ਹੋਇਆ ਹੈ।
ਪਿੰਡ ‘ਚ ਪਾਣੀ ਨਾਲ ਘਿਰੇ ਬੈਠੇ ਬਜ਼ੁਰਗ ਗੁਰਦਿਆਲ ਸਿੰਘ ਨੇ ਐਨਡੀਆਰਐਫ ਦੇ ਜਵਾਨਾਂ ਦੀ ਕਿਸ਼ਤੀ ਆਉਂਦੀ ਦੇਖ ਕੇ ਪੀਣ ਵਾਲੇ ਪਾਣੀ ਦੀ ਮੰਗ ਕੀਤੀ। ਇਸ ਬਜ਼ੁਰਗ ਦਾ ਕਹਿਣਾ ਸੀ ਕਿ ਉਸ ਦੇ ਘਰ ਦੇ ਆਲੇ-ਦੁਆਲੇ 6 ਫੁੱਟ ਤੋਂ ਵੱਧ ਪਾਣੀ ਖੜ੍ਹਾ ਹੈ। ਉਨ੍ਹਾਂ ਦਾ ਪਿੰਡ ਨੱਲ੍ਹ ਹੈ ਪਰ ਜ਼ਮੀਨ ਬੇਚਿਰਾਗੇ ਪਿੰਡ ‘ਪੁਰਾਣਾ’ ਵਿਚ ਪੈਂਦੀ ਹੈ ਜਿਹੜਾ ਧੁੱਸੀ ਬੰਨ੍ਹ ਦੇ ਅੰਦਰ ਹੈ। ਗੁਰਦਿਆਲ ਸਿੰਘ ਨੇ ਢਾਈ ਏਕੜ ਵਿਚ ਝੋਨਾ ਲਾਇਆ ਹੋਇਆ ਸੀ। ਜਦੋਂ ਦਾ ਹੜ੍ਹ ਆਇਆ ਹੈ ਪਾਣੀ ਘੱਟ ਨਾ ਹੋਣ ਕਰਕੇ ਝੋਨੇ ਦੀ ਫਸਲ ਗਲਣ ਲੱਗ ਪਈ ਹੈ। ਉਸ ਨੇ ਆਪਣੀ ਛੱਤ ‘ਤੇ ਹੀ ਖਾਣ-ਪੀਣ ਦਾ ਸਾਮਾਨ ਤੇ ਮੰਜਾ ਬਿਸਤਰਾ ਰੱਖਿਆ ਹੋਇਆ ਸੀ।
ਮੰਡੀ ਚੋਹਲੀਆਂ ਪਿੰਡ ਦੇ ਹਜ਼ਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅਜੇ ਵੀ ਚਾਰ ਫੁੱਟ ਤੋਂ ਵੱਧ ਪਾਣੀ ਖੜ੍ਹਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਬੱਚੇ ਪਾਣੀ ‘ਚੋਂ ਕੱਢ ਕੇ ਬਾਹਰ ਭੇਜ ਦਿੱਤੇ ਸਨ ਪਰ ਉਹ ਆਪਣਾ ਘਰ ਨਹੀਂ ਛੱਡ ਸਕਦੇ। ਪਾਣੀ ਵਿਚੋਂ ਆ ਰਹੀ ਬਦਬੂ ਦਾ ਜ਼ਿਕਰ ਕਰਦਿਆਂ ਐਨਡੀਆਰਐਫ ਦੇ ਜਵਾਨਾਂ ਨੇ ਕਿਹਾ ਕਿ ਪਾਣੀ ਬਦਬੂ ਵੀ ਮਾਰ ਰਿਹਾ ਹੈ। ਪਾਣੀ ਵਿਚ ਫਸਲਾਂ ਦੇ ਸੜਨ ਅਤੇ ਮਰੇ ਹੋਏ ਪਸ਼ੂਆਂ ਦੀ ਬਦਬੂ ਵੱਡੇ ਪੱਧਰ ‘ਤੇ ਫੈਲ ਰਹੀ ਹੈ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …