Breaking News
Home / ਪੰਜਾਬ / ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਰੋਲਣ ਦਾ ਮਾਮਲਾ

ਭਾਈ ਨਿਰਮਲ ਸਿੰਘ ਖਾਲਸਾ ਦੀ ਦੇਹ ਰੋਲਣ ਦਾ ਮਾਮਲਾ

ਵੇਰਕਾ ਵਾਸੀਆਂ ਨੂੰ ਦੁਨੀਆ ਭਰ ‘ਚੋਂ ਪੈ ਰਹੀਆਂ ਫਿਟਲਾਹਣਤਾਂ
ਰਾਗੀ ਸਿੰਘਾਂ ਦਾ ਫੈਸਲਾ ਵੇਰਕਾ ਦੇ ਕਿਸੇ ਘਰ ‘ਚ ਕਦੀ ਨਹੀਂ ਕਰਾਂਗੇ ਕੀਰਤਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਦਸਸ੍ਰੀ ਭਾਈ ਨਿਰਮਲ ਸਿੰਘ ਦਾ ਵੇਰਕਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਰੋਕਣ ਤੋਂ ਖਫਾ ਹੋਏ ਰਾਗੀ ਭਾਈਚਾਰੇ ਨੇ ਭਵਿੱਖ ਵਿਚ ਵੇਰਕਾ ਹਲਕੇ ਦੇ ਕਿਸੇ ਵੀ ਗੁਰਮਤਿ ਸਮਾਗਮ ਵਿਚ ਕੀਰਤਨ ਨਾ ਕਰਨ ਅਤੇ ਉਸ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਦੀ ਜਥੇਬੰਦੀ ਸ਼੍ਰੋਮਣੀ ਰਾਗੀ ਸਭਾ ਵਲੋਂ ਕੀਤਾ ਗਿਆ ਹੈ। ਜਥੇਬੰਦੀ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਨੇ ਆਖਿਆ ਕਿ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਗੁਰੂ ਘਰ ਦੇ ਉੱਘੇ ਕੀਰਤਨੀਏ ਸਨ। ਉਹ ਕਰੋਨਾ ਵਾਇਰਸ ਦੀ ਜਕੜ ਵਿਚ ਆ ਗਏ ਜਿਨ੍ਹਾਂ ਦਾ ਸਸਕਾਰ ਵੇਰਕਾ ਦੇ ਲੋਕਾਂ ਨੇ ਕਰਨ ਤੋਂ ਰੋਕ ਦਿੱਤਾ ਜਿਸ ਨਾਲ ਰਾਗੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਗੁਰੂ ਘਰ ਦੇ ਉੱਘੇ ਕੀਰਤਨੀਏ ਦਾ ਵੀ ਨਿਰਾਦਰ ਹੈ। ਉਨ੍ਹਾਂ ਆਖਿਆ ਕਿ ਅੱਜ ਜਥੇਬੰਦੀ ਨੇ ਚਰਚਾ ਕਰਕੇ ਫੈਸਲਾ ਕੀਤਾ ਹੈ ਕਿ ਉਹ ਵੇਰਕਾ ਹਲਕੇ ਦੇ ਕਿਸੇ ਗੁਰਮਤਿ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਕੀਰਤਨ ਵੀ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਇਸ ਫੈਸਲੇ ਤੋਂ ਬਾਅਦ ਸਸਕਾਰ ਰੋਕਣ ਵਾਲੇ ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਹ ਵੀ ਆਖਿਆ ਹੈ ਕਿ ਉਹ ਇਨ੍ਹਾਂ ਦੀ ਥਾਂ ਪੈਸੇ ਦੇ ਕੇ ਕਿਸੇ ਹੋਰ ਰਾਗੀ ਨੂੰ ਸੱਦ ਲੈਣਗੇ ਜੋ ਹੋਰ ਵੀ ਠੇਸ ਪਹੁੰਚਾਉਣ ਵਾਲੀ ਗੱਲ ਹੈ। ਇਸ ਦੌਰਾਨ ਸਭਾ ਦੇ ਕੁਝ ਹੋਰ ਮੈਂਬਰਾਂ ਨੇ ਆਖਿਆ ਕਿ ਜੇਕਰ ਇਹ ਵਿਅਕਤੀ ਸ੍ਰੀ ਅਕਾਲ ਤਖਤ ‘ਤੇ ਆ ਕੇ ਆਪਣੀ ਭੁੱਲ ਲਈ ਖਿਮਾ ਯਾਚਨਾ ਕਰਦੇ ਹਨ ਤਾਂ ਉਨ੍ਹਾਂ ਨੂੰ ਅਜਿਹੀ ਗਲਤੀ ਲਈ ਮੁਆਫੀ ਮਿਲ ਸਕਦੀ ਹੈ।
ਪ੍ਰਸ਼ਾਸਨ ਨੇ ਅਗਾਊਂ ਜਾਣਕਾਰੀ ਨਹੀਂ ਦਿੱਤੀ: ਵੇਰਕਾ
ਕਾਂਗਰਸੀ ਆਗੂ ਹਰਪਾਲ ਸਿੰਘ ਵੇਰਕਾ ਨੇ ਮੀਡੀਆ ਨੂੰ ਸਪੱਸ਼ਟ ਕਰਦਿਆਂ ਆਖਿਆ ਕਿ ਲੋਕ ਕਰੋਨਾ ਤੋਂ ਡਰੇ ਹੋਏ ਹਨ। ਜਦੋਂ ਲੋਕਾਂ ਨੂੰ ਇਥੇ ਸਸਕਾਰ ਕੀਤੇ ਜਾਣ ਦੀ ਭਿਣਕ ਲੱਗੀ ਤਾਂ ਉਹ ਵਿਰੋਧ ਵਿਚ ਇਕੱਠੇ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਅਗਾਊਂ ਜਾਣਕਾਰੀ ਨਹੀਂ ਦਿੱਤੀ।ਪੁਲੀਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਆਖਿਆ ਕਿ ਉਨ੍ਹਾਂ ਨੂੰ ਅਜਿਹੀ ਸ਼ਿਕਾਇਤ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਦਾ ਮਾਮਲਾ ਭਖਿਆ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦਾ ਵੇਰਕਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰਨ ਤੋਂ ਰੋਕਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧ ਵਿਚ ਅੰਮ੍ਰਿਤਸਰ ਪੁਲੀਸ ਨੂੰ ਸ਼ਿਕਾਇਤ ਭੇਜ ਕੇ ਸਸਕਾਰ ਕਰਨ ਤੋਂ ਰੋਕਣ ਵਾਲਿਆਂ ਖਿਲਾਫ ਕੇਸ ਦਰਜ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਇਹ ਸ਼ਿਕਾਇਤ ਨਵਾਂਸ਼ਹਿਰ ਵਾਸੀ ਪਰਵਿੰਦਰ ਸਿੰਘ ਕਿੱਤਣਾ, ਡਾ. ਅਮਰਜੀਤ ਸਿੰਘ ਮਾਨ ਸੰਗਰੂਰ, ਕੁਲਦੀਪ ਸਿੰਘ ਖਹਿਰਾ ਲੁਧਿਆਣਾ ਵੱਲੋਂ ਕੀਤੀ ਗਈ ਹੈ। ਸ਼ਿਕਾਇਤ ਦੀ ਕਾਪੀ ਪੁਲੀਸ ਕਮਿਸ਼ਨਰ ਨੂੰ ਈ-ਮੇਲ ਰਾਹੀਂ ਅਤੇ ਥਾਣਾ ਵੇਰਕਾ ਦੇ ਐਸਐਚਓ ਨੂੰ ਵਟਸਐਪ ਰਾਹੀਂ ਭੇਜੀ ਗਈ ਹੈ। ਸ਼ਿਕਾਇਤਕਰਤਾ ਨੇ ਲਿਖਿਆ ਹੈ ਕਿ ਸਸਕਾਰ ਕਰਨ ਤੋਂ ਰੋਕਣ ਵਾਲਿਆਂ ਨੇ ਨਾ ਸਿਰਫ ਕਰਫਿਊ ਨਿਯਮਾਂ ਦੀ ਉਲੰਘਣਾ ਕੀਤੀ ਹੈ ਸਗੋਂ ਡਿਊਟੀ ਕਰ ਰਹੇ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਕੰਮ ਵਿਚ ਵਿਘਨ ਵੀ ਪਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਸਕਾਰ ਉਪਰੰਤ ਬਿਮਾਰੀ ਫੈਲਣ ਦੀ ਅਫਵਾਹ ਵੀ ਫੈਲਾਈ ਗਈ।
ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਵਰਤੀ ਥਾਂ ਯਾਦਗਾਰ ਉਸਾਰਨ ਲਈ ਦੇਣ ਦਾ ਫੈਸਲਾ
ਵੇਰਕਾ ਦੀ ਪੰਚਾਇਤ ਨੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਵਰਤੀ ਲਗਭਗ 10 ਕਨਾਲ ਜ਼ਮੀਨ ਉਨ੍ਹਾਂ ਦੀ ਯਾਦ ਵਿਚ ਸੰਗੀਤ ਅਕਾਦਮੀ ਜਾਂ ਕੋਈ ਹੋਰ ਯਾਦਗਾਰ ਬਣਾਉਣ ਲਈ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੰਚਾਇਤ ਵਲੋਂ ਇਕ ਮਤਾ ਵੀ ਪਾਸ ਕੀਤਾ ਗਿਆ ਹੈ ਜਿਸ ਉਪਰ ਪੰਚਾਇਤ ਮੁਖੀ ਬਲਦੇਵ ਸਿੰਘ, ਖਜ਼ਾਨਚੀ ਬਲਕਾਰ ਸਿੰਘ, ਸਕੱਤਰ ਤੇ ਮੈਂਬਰਾਂ ਦੇ ਦਸਤਖਤ ਵੀ ਹਨ। ਬੀਤੀ ਰਾਤ ਪਾਸ ਕੀਤੇ ਗਏ ਮਤੇ ਵਿਚ ਆਖਿਆ ਗਿਆ ਹੈ ਕਿ ਸਸਕਾਰ ਵਾਲੀ ਸਾਂਝੀ ਜਗਾ ਦਾ ਰਕਬਾ ਲਗਪਗ 9 ਕਨਾਲ ਦੋ ਮਰਲੇ ਹੈ। ਮੁਸ਼ਤਰਕਾ ਮਾਲਕਾਂ ਨੇ ਸਰਬਸੰਮਤੀ ਨਾਲ ਇਹ ਸਾਂਝੀ ਥਾਂ ਉਨ੍ਹਾਂ ਦੀ ਯਾਦਗਾਰ ਬਣਾਉਣ ਜਾਂ ਸੰਗੀਤ ਅਕਾਦਮੀ ਬਣਾਉਣ ਲਈ ਦੇਣ ਦਾ ਫੈਸਲਾ ਕੀਤਾ ਹੈ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …