ਮਰਨ ਵਰਤ ’ਤੇ ਬੈਠੇ ਭਰਾ ਨੂੰ ਗਲ ਲਗਾ ਕੇ ਭੈਣ ਨੇ ਪੁੱਛਿਆ ਹਾਲਚਾਲ
ਖਨੌਰੀ/ਬਿਊਰੋ ਨਿਊਜ਼ :
ਕੇਂਦਰ ਸਰਕਾਰ ਕੋਲੋਂ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਦਾ ਅੱਜ ਮੰਗਲਵਾਰ ਨੂੰ ਅੱਠਵਾਂ ਦਿਨ ਹੈ। ਜਿਸ ਦੇ ਚਲਦਿਆਂ ਡੱਲੇਵਾਲ ਦੇ ਪਰਿਵਾਰਕ ਮੈਂਬਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਚਿੰਤਾ ਸਤਾ ਰਹੀ ਹੈ। ਲੰਘੀ ਦੇਰ ਰਾਤ ਮਰਨ ਵਰਤ ’ਤੇ ਬੈਠੇ ਡੱਲੇਵਾਲ ਨੂੰ ਮਿਲਣ ਲਈ ਉਨ੍ਹਾਂ ਦੀ ਭੈਣ ਖਨੌਰੀ ਬਾਰਡਰ ’ਤੇ ਪਹੁੰਚੀ। ਮੁਲਾਕਾਤ ਦੌਰਾਨ ਦੋਵੇਂ ਭੈਣ-ਭਰਾ ਗਲ ਲੱਗ ਕੇ ਮਿਲੇ ਅਤੇ ਭੈਣ ਨੇ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਸਬੰਧੀ ਚਰਚਾ ਕੀਤੀ। ਇਸ ਮੌਕੇ ਦੋਵੇਂ ਭੈਣ-ਭਰਾ ਭਾਵੁਕ ਹੋ ਗਏ ਅਤੇ ਦੋਵਾਂ ਦੀਆਂ ਅੱਖਾਂ ਨਮ ਹੋ ਗਈਆਂ। ਜ਼ਿਕਰਯੋਗ ਹੈ ਕਿ ਡੱਲੇਵਾਲ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਪੁਲਿਸ ਨੇ 96 ਘੰਟੇ ਆਪਣੀ ਹਿਰਾਸਤ ਵਿਚ ਰੱਖਿਆ ਸੀ, ਜਿਸ ਦੇ ਚਲਦਿਆਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਵੀ ਖੁਦ ਕਿਸਾਨਾਂ ਵੱਲੋਂ ਹੀ ਕੀਤੀ ਜਾ ਰਹੀ ਹੈ।