ਪ੍ਰਤਾਪ ਸਿੰਘ ਬਾਜਵਾ ਨੇ ਸ਼ਾਇਰਾਨਾ ਅੰਦਾਜ਼ਾ ’ਚ ਮੁੱਖ ਮੰਤਰੀ ਭਗਵੰਤ ਮਾਨ ’ਤੇ ਕਸਿਆ ਤੰਜ
ਕਿਹਾ : ਤੁਹਾਡਾ ਸਿਰਫ ਵਕਤ ਹੈ, ਸਾਡਾ ਦੌਰ ਵੀ ਆਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸ਼ਾਇਰਾਨਾ ਅੰਦਾਜ਼ ’ਚ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਿਆ ਹੈ। ਬਾਜਵਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸ਼ਾਇਰੀ ਸਾਂਝੀ ਕਰਦਿਆਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ‘ਤੁਹਾਡਾ ਸਿਰਫ ਵਕਤ ਹੈ, ਸਾਡਾ ਦੌਰ ਵੀ ਆਵੇਗਾ’। ਉਨ੍ਹਾਂ ਅੱਗੇ ਲਿਖਿਆ ਕਿ ਤੁਹਾਡੇ ਤੋਂ ਪਹਿਲਾਂ ਜਿਹੜਾ ਵੀ ਸਖਸ਼ ਇਥੇ ਤਖਤ ਨਸ਼ੀਂ ਸੀ, ਉਸ ਨੂੰ ਵੀ ਆਪਣੇ ਆਪ ’ਤੇ ਇੰਨਾ ਹੀ ਯਕੀਨ ਸੀ। ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਲਿਖਿਆ ਕਿ ਕੁੱਝ ਦੇਰ ਦੀ ਖਾਮੋਸ਼ੀ ਹੈ, ਫਿਰ ਸ਼ੋਰ ਆਵੇਗਾ, ਤੁਹਾਡਾ ਸਿਰਫ ਵਕਤ ਹੈ, ਸਾਡਾ ਦੌਰ ਆਵੇਗਾ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਛੰਦਬੱਧ ਕਵਿਤਾ ਸਟਾਇਲ ’ਚ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਿਆ ਹੈ। ਕਾਂਗਰਸ ਪ੍ਰਧਾਨ ਨੇ ਟਵੀਟ ਕਰਕੇ ਲਿਖਿਆ ‘ਸਰਕਾਰੇ-ਓ-ਸਰਕਾਰੇ ਉਠ ਦੇਖ ਆਲੇ-ਦੁਆਲੇ,ਇਕ ਹੜ੍ਹਾਂ ਨੇ ਡੋਬ ਤਾ ਪੰਜਾਬ ਸਾਡਾ, ਦੂਜਾ ਮੁੱਖ ਮੰਤਰੀ ਸਾਹਬ ਤੁਹਾਡੀ ਮਸਖਰੀਆਂ ਨੇ ਮਾਰਿਆ। ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਉਹ ਵੀਡੀਓ ਵੀ ਟੈਗ ਕੀਤਾ, ਜਿਸ ’ਚ ਡਰੇਨ ਵਿਭਾਗ ’ਤੇ ਸਵਾਲ ਚੁੱਕ ਰਹੇ ਹਨ।