Breaking News
Home / ਪੰਜਾਬ / ਬੇਅਦਬੀ ਮਾਮਲੇ ਦਾ ਕੁਝ ਜਥੇਬੰਦੀਆਂ ਕਰ ਰਹੀਆਂ ਹਨ ਸਿਆਸੀਕਰਨ : ਕੈਪਟਨ

ਬੇਅਦਬੀ ਮਾਮਲੇ ਦਾ ਕੁਝ ਜਥੇਬੰਦੀਆਂ ਕਰ ਰਹੀਆਂ ਹਨ ਸਿਆਸੀਕਰਨ : ਕੈਪਟਨ

ਕਿਹਾ-ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਅਤੇ ਮੁਲਜ਼ਮਾਂ ਖਿਲਾਫ ਜ਼ਰੂਰ ਕਾਰਵਾਈ ਹੋਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੁਝ ਰਾਜਨੀਤਕ ਧਿਰਾਂ ਬੇਅਦਬੀ ਦੇ ਮੁੱਦਿਆਂ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਹੋਈਆਂ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਆਪਣੇ ਮੁਫ਼ਾਦ ਦੀ ਖਾਤਰ ਸਿਆਸੀਕਰਨ ਕਰ ਰਹੀਆਂ ਹਨ। ਉਂਝ, ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਧਿਰਾਂ ਇਸ ਮਾਮਲੇ ਨੂੰ ਰਾਜਨੀਤਕ ਰੰਗਤ ਦੇਣ ਦਾ ਯਤਨ ਕਰ ਰਹੀਆਂ ਹਨ ਪਰ ਸੂਬੇ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਤੇ ਅਜਿਹੀਆਂ ਤਾਕਤਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਦੋ ਮੰਤਰੀਆਂ ਤੇ ਵਿਧਾਇਕ ਨੇ ਫਰੀਦਕੋਟ ਜ਼ਿਲ੍ਹੇ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਸੀ ਜਦਕਿ ਬੇਅਦਬੀ ਦੇ ਮਾਮਲਿਆਂ ਨੂੰ ਰਾਜਸੀ ਮੰਤਵਾਂ ਲਈ ਵਰਤਣ ਵਾਲੀਆਂ ਧਿਰਾਂ ਬਰਗਾੜੀ ਰੈਲੀ ਤੱਕ ਹੀ ਸੀਮਤ ਸਨ। ਉਨ੍ਹਾਂ ਕਿਹਾ ਕਿ ਗਰਮਖਿਆਲੀ ਲੋਕ ਸਥਿਤੀ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਰਗਾੜੀ ਅਤੇ ਇਸ ਤੋਂ ਬਾਅਦ ਦੇ ਘਟਨਾਕ੍ਰਮ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਪੁਲਿਸ ਦੀ ਇਕ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ ਜਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਜੇ ਲੋੜ ਪਈ ਤਾਂ ਕਿਸੇ ਮੁਲਜ਼ਮ ਦੇ ਖ਼ਿਲਾਫ਼ ਕਾਰਵਾਈ ਕਰਨ ਖਾਤਰ ਅਦਾਲਤ ਵਿਚ ਵੀ ਜਾਵੇਗੀ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜਾਂਚ ਟੀਮ ਆਪਣਾ ਕੰਮ ਜਲਦੀ ਮੁਕਾਵੇਗੀ।ਇਹ ਪੁੱਛੇ ਜਾਣ ‘ਤੇ ਕੀ ਉਹ ਬਾਦਲਾਂ ਦੇ ਕਬਜ਼ੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਕਤ ਕਰਵਾਉਣ ਲਈ ਗਰਮ ਖਿਆਲੀਆਂ ਦੀ ਮਦਦ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਜਿਹੇ ਧੜਿਆਂ ਨਾਲ ਕੋਈ ਸਬੰਧ ਨਹੀਂ ਹਨ ਪਰ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਕੋਲੋਂ ਮੁਕਤ ਕਰਵਾਉਣ ਲਈ ਹੋਰਨਾਂ ਧੜਿਆਂ ਦੀ ਮਦਦ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਗੁਰਦੁਆਰਿਆਂ ਦੀ ਸੰਸਥਾ ਨੂੰ ਤਬਾਹ ਕਰ ਦਿੱਤਾ ਹੈ।
ਫੂਲਕਾ ਦਾ ਅਸਤੀਫ਼ਾ ਰਾਜਨੀਤੀ ਤੋਂ ਪ੍ਰੇਰਿਤ
ਆਪ ਵਿਧਾਇਕ ਐਚ ਐਸ ਫੂਲਕਾ ਵੱਲੋਂ ਬਰਗਾੜੀ ਕੇਸ ਨੂੰ ਲੈ ਕੇ ਅਸਤੀਫ਼ਾ ਦੇਣ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਫੂਲਕਾ ਇਸ ਸੰਵੇਦਨਸ਼ੀਲ ਮਾਮਲੇ ‘ਤੇ ਵੀ ਰਾਜਨੀਤੀ ਚਮਕਾ ਰਹੇ ਹਨ। ਅਜਿਹੇ ਅਸਤੀਫਿਆਂ ਨਾਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲੇਗਾ। ਬਰਗਾੜੀ ‘ਚ ਚੱਲ ਰਹੇ ਮੋਰਚੇ ਨੂੰ ਲੋਕਤੰਤਰਿਕ ਪ੍ਰੋਗਰਾਮ ਦੇ ਤਹਿਤ ਆਪਣੀ ਗੱਲ ਕਹਿਣ ਦਾ ਜ਼ਰੀਆ ਦੱਸਦੇ ਹੋਏ ਉਨ੍ਹਾਂ ਨੇ ਇਸ ‘ਤੇ ਕੋਈ ਵੀ ਪ੍ਰਤੀਕ੍ਰਿਆ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਕਿਹਾ ਕਿ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਦੀ ਸਹਾਇਤਾ ਸਰਕਾਰ ਕਰਨਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਵਚਨਬੱਧ ਹਨ। ਉਨ੍ਹਾਂ ਦੇ ਨਾਲ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਹਰਮਿੰਦਰ ਸਿੰਘ ਗਿੱਲ ਆਦਿ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨਲ ਦੁੱਖ ਸਾਂਝਾ ਕੀਤਾ।
ਇਕ-ਦੂਜੇ ਨੂੰ ਨੀਵਾਂ ਦਿਖਾਉਂਦੇ ਰਹੇ ਆਗੂ
ਬਠਿੰਡਾ :ਬਰਗਾੜੀ ‘ਚ ਚੱਲ ਰਹੇ ਇਨਸਾਫ਼ ਮੋਰਚੇ ‘ਚ ਐਤਵਾਰ ਨੂੰ ਆਗੂਆਂ ਨੇ ਇਕ ਮੰਚ ‘ਤੇ ਹੀ ਇਕ ਦੂਜੇ ‘ਤੇ ਆਰੋਪ ਲਗਾਏ। ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਜੀਤ ਡੋਭਾਲ ਆਰੋਪੀਆਂ ‘ਤੇ ਕਾਰਵਾਈ ਨਾ ਕਰਨ ਦਾ ਸਰਕਾਰ ‘ਤੇ ਦਬਾਅ ਬਣਾ ਰਹੇ ਹਨ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਮਿਲੇ ਹੋਏ ਹਨ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਐਸਆਈਟੀ ਲੰਘੇ ਕੱਲ੍ਹ ਪਹਿਲੀਵਾਰ ਬਹਿਬਲ ਕਲਾਂ ਪਹੁੰਚੀ ਹੈ, ਅਜਿਹੇ ‘ਚ ਕਦੋਂ ਇਨਸਾਫ਼ ਮਿਲੇਗਾ। ‘ਆਪ’ ਵਿਧਾਇਕ ਖਹਿਰਾ ਨੇ ਕਿਹਾ ਕਿ ਕੈਪਟਨ-ਬਾਦਲ ਦੋਵੇਂ ਐਸਜੀਪੀਸੀ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ, ਉਨ੍ਹਾਂ ਨੂੰ ਡਰ ਹੈ ਕਿ ਸਿੱਖਾਂ ਦੇ ਗੁੱਸੇ ਦੇ ਕਾਰਨ ਹੱਥ ਤੋਂ ਐਸਜੀਪੀਸੀ ਵੀ ਨਾ ਨਿਕਲ ਜਾਏ। ਯੂਨਾਈਟਿਡ ਅਕਾਲੀ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਮਸੰਦਾਂ ਦੇ ਕਬਜ਼ੇ ਤੋਂ ਐਸਜੀਪੀਸੀ ਛੁਡਾਉਣ ਲਈ ਲੜਨਾ ਚਾਹੀਦਾ ਹੈ।
ਬਾਦਲ ਨੂੰ ਐਸਡੀਐਮ ਰਾਹੀਂ ਭੇਜਿਆ ਲਾਹਣਤ ਪੱਤਰ
ਕੋਟਕਪੂਰਾ : ਬਹਿਬਲ ਕਲਾਂ ਗੋਲੀਕਾਂਡ ਦੀ ਤੀਜੀ ਵਰ੍ਹੇਗੰਢ ਮੌਕੇ ਦਰਬਾਰ-ਏ-ਖਾਲਸਾ ਅਤੇ ਪੰਥਕ ਸੰਗਠਨਾਂ ਨੇ ਮੇਨ ਚੌਕ ‘ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਐਸ ਡੀ ਐਮ ਦੇ ਰਾਹੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਾਹਣਤ ਪੱਤਰ ਭੇਜਿਆ। ਇਸ ਤੋਂ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਤਨਾਮ ਸਿੰਘ ਖੰਡਾ ਸਮੇਤ ਭਾਈ ਹਰਜਿੰਦਰ ਸਿੰਘ ਮਾਝੀ ਨੇ ਲਾਹਣਤ ਪੱਤਰ ਸੰਗਤ ਨੂੰ ਪੜ੍ਹ ਕੇ ਸੁਣਾਇਆ। ਉਨ੍ਹਾਂ ਨੇ ਬਾਦਲ ਦੇ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਸਫ਼ਰ ਦੇ ਦੌਰਾਨ ਸਿੱਖ ਪੰਥ ਅਤੇ ਪੰਜਾਬ ਦੇ ਪ੍ਰਤੀ ਕੀਤੀਆਂ ਗਈਆਂ ਕਥਿਤ ਸ਼ਾਜਿਸ਼ਾਂ ਦਾ ਖੁਲਾਸਾ ਕੀਤਾ। 3295 ਸ਼ਬਦਾਂ ਦੇ ਇਸ ਲਾਹਣਤ ਪੱਤਰ ‘ਚ ਬਾਦਲ ਵੱਲੋਂ ਲਏ ਗਏ ਪੰਥ ਅਤੇ ਪੰਜਾਬ ਵਿਰੋਧੀ ਫੈਸਲਿਆਂ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਸੰਗਠਨ ਹਰ ਸਾਲ 14 ਅਕਤੂਬਰ ਨੂੰ ਇਸੇ ਸਥਾਨ ‘ਤੇ ਲਾਹਣਤ ਦਿਵਸ ਮਨਾਵੇਗਾ ਅਤੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਬਾਦਲ ਪਰਿਵਾਰ ਆਪਣੀਆਂ ਗਲਤੀਆਂ ਕਬੂਲ ਕਰਕੇ ਮੁਆਫ਼ੀ ਨਹੀਂ ਮੰਗ ਲੈਂਦਾ।
ਬਰਗਾੜੀ ਦੇ ਇਨਸਾਫ਼ ਮੋਰਚੇ ਵਿਚ ਬਾਬਾ ਕਲੇਰ ਦਾ ਦੇਹਾਂਤ
ਮਸਤੂਆਣਾ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿਚ ਚੱਲ ਰਹੇ ਇਨਸਾਫ਼ ਮੋਰਚੇ ਵਿਚ ਕਈ ਦਿਨਾਂ ਤੋਂ ਇਲਾਕੇ ਦੀਆਂ ਸੰਗਤਾਂ ‘ਚ ਸ਼ਾਮਲ ਪਿੰਡ ਕਾਂਝਲਾ ਦੇ ਬਾਬਾ ਮਲਕੀਤ ਸਿੰਘ ਕਲੇਰ (75) ਦਾ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਦੇਹਾਂਤ ਹੋ ਗਿਆ। ਇਸ ਸਬੰਧੀ ਪਰਿਵਾਰਕ ਮੈਂਬਰ ਅਤੇ ਸੰਤ ਬਿਸ਼ਨ ਸਿੰਘ ਗੁਰਮਤਿ ਟਰੱਸਟ ਕਾਂਝਲਾ ਦੇ ਅਹੁਦੇਦਾਰ ਜਸਪਾਲ ਸਿੰਘ ਕਲੇਰ ਅਤੇ ਕਰਮਜੀਤ ਸਿੰਘ ਕਲੇਰ ਹੋਰਾਂ ਨੇ ਦੱਸਿਆ ਕਿ ਬਾਬਾ ਮਲਕੀਤ ਸਿੰਘ ਕਲੇਰ 7 ਅਕਤੂਬਰ ਨੂੰ ਬਰਗਾੜੀ ਵਿਖੇ ਗਿਆ ਸੀ ਅਤੇ ਪਿੰਡੋਂ ਵੱਡੀ ਗਿਣਤੀ ਵਿਚ ਸੰਗਤ ਵੀ ਗਈ ਸੀ। ਬਾਬਾ ਮਲਕੀਤ ਸਿੰਘ ਨੇ ਕਿਹਾ ਕਿ ਉਹ ਹੁਣ ਪੱਕੇ ਤੌਰ ‘ਤੇ ਹੀ ਇਥੇ ਇਨਸਾਫ ਮੋਰਚੇ ਵਿਚ ਹਾਜ਼ਰੀ ਭਰੇਗਾ ਅਤੇ ਉਸ ਦੇ ਕਪੜੇ ਬਗੈਰਾ ਇਥੇ ਹੀ ਭੇਜ ਦੇਣਾ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …