ਕਿਸਾਨ ਅੰਦੋਲਨ-2 ਨੂੰ ਹੋ ਗਿਆ ਇਕ ਮਹੀਨਾ
ਪਟਿਆਲਾ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੰਭੂ ਅਤੇ ਢਾਬੀਗੁੱਜਰਾਂ ਸਥਿਤ ਬਾਰਡਰਾਂ ਤੋਂ ਹੀ ਲੰਬਾ ਸੰਘਰਸ਼ ਲੜਨ ਦੇ ਲਏ ਗਏ ਫ਼ੈਸਲੇ ਦੇ ਚੱਲਦਿਆਂ ਹੁਣ ਕਿਸਾਨਾਂ ਵੱਲੋਂ ਇੱਥੇ ਹੀ ਪੱਕੀਆਂ ਠਾਹਰਾਂ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਜਾਣ ਲੱਗੀਆਂ ਹਨ। ਜਿਸ ਦੀ ਸ਼ੁਰੂਆਤ ਇਸ ਸੰਘਰਸ਼ ਦੀ ਸਭ ਤੋਂ ਅਹਿਮ ਕੜੀ ਵਜੋਂ ਜਾਣੀ ਜਾਂਦੀ ਸਟੇਜ ਤੋਂ ਕੀਤੀ ਗਈ ਹੈ। ਮਹੀਨੇ ਭਰ ਤੋਂ ਭਾਵੇਂ ਕਿ ਟਰਾਲੀਆਂ ਜੋੜ ਕੇ ਹੀ ਸਟੇਜ ਬਣਾਈ ਜਾਂਦੀ ਰਹੀ ਹੈ ਪਰ ਹੁਣ ਸ਼ੰਭੂ ਬਾਰਡਰ ‘ਤੇ ਬਾਕਾਇਦਾ ਤੌਰ ‘ਤੇ ਲੋਹੇ ਦੀ ਸਟੇਜ ਬਣਾਈ ਗਈ ਹੈ। ਲੋਹੇ ਦੀ ਬਣਾਈ ਗਈ ਇਸ ਸਟੇਜ ਦੀ ਚੌੜਾਈ 18 ਗੁਣਾ 20 ਫੁੱਟ ਰੱਖੀ ਗਈ ਹੈ। ਜਦਕਿ ਇਹ ਸਟੇਜ ਪੰਜ ਫੁੱਟ ਉੱਚੀ ਰੱਖੀ ਗਈ ਹੈ।
ਭਾਰਤੀ ਕਿਸਾਨ ਅਤੇ ਮਜ਼ਦੂਰ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਨਵੀਂ ਲੋਹੇ ਦੀ ਸਟੇਜ ਬਣਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੁਣ ਇਸੇ ਸਟੇਜ ਤੋਂ ਕਾਰਵਾਈ ਚੱਲੇਗੀ ਜਿੱਥੋਂ ਕਿਸਾਨ ਆਗੂ ਰੋਜ਼ਾਨਾ ਦੀ ਤਰ੍ਹਾਂ ਤਕਰੀਰਾਂ ਕਰਨਗੇ। ਦਿੱਲੀ ਵਿਚਲੇ ਅੰਦੋਲਨ ਦੌਰਾਨ ਵੀ ਇਸੇ ਤਰ੍ਹਾਂ ਪੱਕੀਆਂ ਸਟੇਜਾਂ ਸਨ। ਜ਼ਿਕਰਯੋਗ ਹੈ ਕਿ ਸ਼ੰਭੂ ਅਤੇ ਖਨੌਰੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ-2 ਨੂੰ ਇਕ ਮਹੀਨਾ ਹੋ ਗਿਆ ਹੈ।
ਰਾਜਿੰਦਰਾ ਹਸਪਤਾਲ ‘ਚ ਦਾਖਲ ਇੱਕ ਹੋਰ ਕਿਸਾਨ ਸ਼ਹੀਦ
ਕਿਸਾਨੀ ਮੰਗਾਂ ਦੀ ਪੂਰਤੀ ਲਈ ‘ਦਿੱਲੀ ਕੂਚ’ ਤਹਿਤ ਇਕ ਮਹੀਨੇ ਤੋਂ ਜਾਰੀ ਕਿਸਾਨ ਘੋਲ਼ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਬਲਦੇਵ ਸਿੰਘ ਨਾਮੀ ਇਹ 65 ਸਾਲਾ ਕਿਸਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਾਂਗਥਲ ਦਾ ਰਹਿਣ ਵਾਲ਼ਾ ਸੀ, ਜੋ ਪਟਿਆਲਾ ਜ਼ਿਲ੍ਹੇ ਦੇ ਢਾਬੀਗੁੱਜਰਾਂ (ਖਨੌਰੀ) ਬਾਰਡਰ ‘ਤੇ ਸਰਗਰਮ ਸੀ ਅਤੇ ਐਤਵਾਰ ਨੂੰ ਉਸ ਦੀ ਤਬੀਅਤ ਵਿਗੜ ਗਈ ਸੀ। ਸਾਹ ਲੈਣ ‘ਤੇ ਦਿੱਕਤ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਹ ਇਲਾਜ ਦੌਰਾਨ ਦਮ ਤੋੜ ਗਿਆ। ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ਼ ਸਬੰਧਿਤ ਸੀ।