Breaking News
Home / ਪੰਜਾਬ / ਗੁਰਦੀਪ ਗੁਲ ਦਾ ਗ਼ਜ਼ਲ਼ ਸੰਗ੍ਰਹਿ ‘ਅਸ਼ਕ ਨਿਸ਼ਾਂ ਨਹੀਂ ਛੋੜਤੇ’ ਲੋਕ ਅਰਪਣ

ਗੁਰਦੀਪ ਗੁਲ ਦਾ ਗ਼ਜ਼ਲ਼ ਸੰਗ੍ਰਹਿ ‘ਅਸ਼ਕ ਨਿਸ਼ਾਂ ਨਹੀਂ ਛੋੜਤੇ’ ਲੋਕ ਅਰਪਣ

ਪੰਜਾਬੀ, ਹਿੰਦੀ ਤੇ ਉਰਦੂ ਦੀ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ : ਬੀ.ਡੀ. ਕਾਲੀਆ ਹਮਦਮ
ਕੋਈ ਵੀ ਭਾਸ਼ਾ ਕਿਸੇ ਦੇ ਮਾਰਿਆਂ ਨਹੀਂ ਮਰਨ ਵਾਲੀ : ਸ਼ਮਸ਼ ਤਬਰੇਜ਼ੀ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਵਿਖੇ ਆਯੋਜਿਤ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਨਾਮਵਰ ਸ਼ਾਇਰਾ ਗੁਰਦੀਪ ਗੁਲ ਦਾ ਗ਼ਜ਼ਲ਼ ਸੰਗ੍ਰਹਿ ‘ਅਸ਼ਕ ਨਿਸ਼ਾਂ ਨਹੀਂ ਛੋੜਤੇ’ ਲੋਕ ਅਰਪਣ ਕੀਤਾ ਗਿਆ। ਇਸ ਸਾਹਿਤਕ ਸਮਾਗਮ ਵਿਚ ਉਸਤਾਦ ਸ਼ਾਇਰ ਬੀ.ਡੀ. ਕਾਲੀਆ ਹਮਦਮ ਨੇ ਜਿੱਥੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਉਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਅੰਤਰਰਾਸ਼ਟਰੀ ਪੱਧਰ ਦੇ ਵਖਿਆਤ ਸ਼ਾਇਰ ਸ਼ਮਸ਼ ਤਬਰੇਜ਼ੀ ਨੇ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਬਸੰਤ ਰਾਗ ਦੇ ਸ਼ਬਦ ਗਾਇਨ ਨਾਲ ਹੋਈ ਜੋ ਸੁਰਜੀਤ ਧੀਰ ਹੁਰਾਂ ਨੇ ਗਾਇਆ। ਇਸ ਉਪਰੰਤ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਉਕਤ ਗ਼ਜ਼ਲ਼ ਸੰਗ੍ਰਹਿ ਸਬੰਧੀ ਚਰਚਾ ਕਰਦਿਆਂ ਉਰਦੂ ਭਾਸ਼ਾ ਦੇ ਜਨਮ ਤੇ ਵਿਸਥਾਰ ਦੀ ਇਬਾਰਤ ਵੀ ਪੜ੍ਹ ਦਿੱਤੀ, ਜਿਸ ਨੂੰ ਖੂਬ ਸਲਾਹਿਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਬੀ.ਡੀ. ਕਾਲੀਆ ਹਮਦਮ ਹੁਰਾਂ ਨੇ ਸ਼ਾਇਰਾ ਗੁਰਦੀਪ ਗੁਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ 20 ਸਾਲਾਂ ਦੀ ਘਾਲਣਾ ਦਾ ਸਫ਼ਲ ਨਤੀਜਾ ਹੈ।
ਪੰਜਾਬੀ ਲੇਖਕ ਸਭਾ ਵੱਲੋਂ ਆਯੋਜਿਤ ਸਮਾਗਮ ਦੀ ਸ਼ਲਾਘਾ ਕਰਦਿਆਂ ਬੀ.ਡੀ. ਕਾਲੀਆ ਨੇ ਕਿਹਾ ਕਿ ਇਕ-ਦੂਸਰੀ ਭਾਸ਼ਾ ‘ਚੋਂ ਸ਼ਬਦ ਲੈ ਕੇ ਗ਼ਜ਼ਲ਼, ਕਵਿਤਾ ਰਚਣ ਨਾਲ ਭਾਸ਼ਾਵਾਂ ਅਮੀਰ ਹੁੰਦੀਆਂ ਹਨ ਤੇ ਪੰਜਾਬੀ, ਹਿੰਦੀ ਅਤੇ ਉਰਦੂ ਦੀ ਤਾਂ ਪੁਰਾਣੀ ਸਾਂਝ ਹੈ ਜਿਸ ਨੂੰ ਕੋਈ ਤੋੜ ਨਹੀਂ ਸਕਦਾ। ਇਸੇ ਤਰ੍ਹਾਂ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਵਿਸ਼ਵ ਵਖਿਆਤ ਉਰਦੂ ਦੇ ਸ਼ਾਇਰ ਸ਼ਮਸ਼ ਤਬਰੇਜ਼ੀ ਹੁਰਾਂ ਨੇ ਗੁਰਦੀਪ ਗੁਲ ਦੀ ਕਿਤਾਬ ਦੇ ਹਵਾਲੇ ਨਾਲ ਜਦੋਂ ਭਾਸ਼ਾਵਾਂ ਦੇ ਪ੍ਰਚਾਰ, ਪ੍ਰਸਾਰ ਤੇ ਉਨ੍ਹਾਂ ਦੀ ਮਹਾਨਤਾ ਬਾਰੇ ਗੱਲ ਕੀਤੀ ਤਦ ਇਹ ਸਾਹਿਤਕ ਸਮਾਗਮ ਭਾਸ਼ਾਈ ਸੈਮੀਨਾਰ ਬਣ ਨਿਬੜਿਆ। ਭਾਸ਼ਾਵਾਂ ਨੂੰ ਆ ਰਹੇ ਖਤਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਉਰਦੂ, ਪੰਜਾਬੀ ਭਾਸ਼ਾ ਵੱਲ ਵਿਸ਼ੇਸ਼ ਗੌਰ ਫਰਮਾਉਂਦਿਆਂ ਆਖਿਆ ਕਿ ਭਾਸ਼ਾਵਾਂ ਨੂੰ ਲੈ ਕੇ ਫਿਕਰਮੰਦੀ ਬਹੁਤ ਜਾਇਜ਼ ਹੈ ਪਰ ਕਿਸੇ ਦੇ ਮਾਰਿਆਂ ਭਾਸ਼ਾਵਾਂ ਨਹੀਂ ਮਰਦੀਆਂ। ਹਾਂ ਨਵੀਂ ਪੀੜ੍ਹੀ ਨੂੰ ਆਪਣੀਆਂ ਖੇਤਰੀ ਭਾਸ਼ਾਵਾਂ ਜਾਂ ਆਪਣੀ ਮਾਂ ਬੋਲੀ ਨਾਲ ਜੋੜਨ ਲਈ ਸਾਹਿਤਕ ਸੰਸਥਾਵਾਂ ਵਿਸ਼ੇਸ਼ ਭੂਮਿਕਾਵਾਂ ਨਿਭਾਅ ਸਕਦੀਆਂ ਹਨ। ਉਨ੍ਹਾਂ ਪੰਜਾਬੀ ਲੇਖਕ ਸਭਾ ਨੂੰ ਵੀ ਵਰਕਸ਼ਾਪ ਆਦਿ ਆਯੋਜਿਤ ਕਰਨ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ ਸਮਾਗਮ ਦਾ ਮੰਚ ਸੰਚਾਲਨ ਕਰ ਰਹੇ ਦੀਪਕ ਸ਼ਰਮਾ ਚਨਾਰਥਲ ਨੇ ਵੀ ਆਖਿਆ ਕਿ ਇਹ ਭਾਸ਼ਾਵਾਂ ਦੀ ਸਾਂਝ ਦੀ ਹੀ ਮਹਾਨਤਾ ਹੈ ਕਿ ਗੁਰਦੀਪ ਗੁਲ ਦੀ ਉਰਦੂ ਦੀ ਸ਼ਾਇਰੀ ਦੇਵਨਾਗਰੀ ਲਿੱਪੀ ਹਿੰਦੀ ਵਿਚ ਛਪ ਕੇ ਕਿਤਾਬ ਦਾ ਰੂਪ ਲੈਂਦੀ ਹੈ ਤੇ ਉਸਦਾ ਲੋਕ ਅਰਪਣ ਪੰਜਾਬੀ ਲੇਖਕ ਸਭਾ ਕਰ ਰਹੀ ਹੈ।
ਇਸ ਮੌਕੇ ਲੇਖਿਕਾ ਨਾਲ, ਉਨ੍ਹਾਂ ਦੇ ਜੀਵਨ ਦੀਆਂ ਪ੍ਰਾਪਤੀਆਂ ਨਾਲ ਜਿੱਥੇ ਮਨਦੀਪ ਕੌਰ ਹੁਰਾਂ ਨੇ ਸਾਂਝ ਪੁਆਈ, ਉਥੇ ਹੀ ਪ੍ਰਸਿੱਧ ਲੇਖਿਕਾ ਸ਼ਸ਼ੀ ਪ੍ਰਭਾ ਨੇ ਕਿਤਾਬ ‘ਤੇ ਵਿਸਥਾਰਤ ਪਰਚਾ ਪੜ੍ਹਦਿਆਂ ਇਸ ਨੂੰ ਮਹਿਕਾਂ ਭਰੀ ਤੇ ਪਿਆਰ ਦੀ ਪੋਟਲੀ ਵਰਗੀ ਕਿਤਾਬ ਕਰਾਰ ਦਿੱਤਾ। ਕਿਤਾਬ ‘ਤੇ ਹੋਈ ਵਿਸਥਾਰਤ ਚਰਚਾ ਵਿਚ ਬਲਕਾਰ ਸਿੱਧੂ ਤੋਂ ਇਲਾਵਾ ਨਿਰਮਲ ਜਸਵਾਲ ਨੇ ਜਿੱਥੇ ਸ਼ਿਰਕਤ ਕੀਤੀ, ਉਥੇ ਹੀ ਗੁਰਨਾਮ ਕੰਵਰ ਹੁਰਾਂ ਨੇ ਗੁਰਦੀਪ ਗੁਲ ਦੀ ਸ਼ਾਇਰੀ ਨੂੰ ਸਮਾਜ ਪੱਖੀ ਸ਼ਾਇਰੀ ਕਰਾਰ ਦਿੱਤਾ।
ਇਸ ਸਮਾਗਮ ਦੌਰਾਨ ਕਿਤਾਬ ਦੀ ਲੇਖਿਕਾ ਗੁਰਦੀਪ ਗੁਲ ਜੋ ਕਿ ਉਰਦੂ, ਪੰਜਾਬੀ ਤੇ ਹਿੰਦੀ ਤਿੰਨੋਂ ਭਾਸ਼ਾਵਾਂ ਵਿਚ ਲਿਖਣ ਦੀ ਅਤੇ ਨਜ਼ਮ ਪੜ੍ਹਨ ਦੀ ਮੁਹਾਰਤ ਰੱਖਦੇ ਹਨ, ਉਨ੍ਹਾਂ ਆਪਣੀਆਂ ਨਜ਼ਮਾਂ ਨੂੰ ਕਿਤਾਬ ਦਾ ਰੂਪ ਦੇਣ ਵਿਚ ਬੀ.ਡੀ. ਕਾਲੀਆ ਤੇ ਸ਼ਮਸ਼ ਤਬਰੇਜ਼ੀ ਹੁਰਾਂ ਨੂੰ ਜਿੱਥੇ ਸਿਹਰਾ ਦਿੱਤਾ, ਉਥੇ ਹੀ ਉਨ੍ਹਾਂ ਇਕ ਸ਼ੇਅਰ ਨਾਲ ਆਪਣੇ ਪਤੀ ਸੁਰਜੀਤ ਸਿੰਘ ਧੀਰ ਹੁਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਬਿਨਾ ਮੈਂ ਵੀ ਤੇ ਮੇਰੀ ਗ਼ਜ਼ਲ਼ ਵੀ ਅਧੂਰੀ ਹੈ। ਧਿਆਨ ਰਹੇ ਕਿ ਇਸ ਮੌਕੇ ਸੁਰਜੀਤ ਧੀਰ ਹੁਰਾਂ ਨੇ ਗੁਰਦੀਪ ਗੁਲ ਦੀ ਕਿਤਾਬ ਵਿਚੋਂ ਜਿੱਥੇ ਇਕ ਗ਼ਜ਼ਲ਼ ਗਾ ਕੇ ਮਹਿਫ਼ਲ ਲੁੱਟੀ, ਉਥੇ ਹੀ ਦਰਸ਼ਨ ਤ੍ਰਿਊਣਾ ਨੇ ਵੀ ਗੁਰਦੀਪ ਗੁਲ ਦੀ ਇਕ ਹੋਰ ਗ਼ਜ਼ਲ਼ ਜਦੋਂ ਮਹਿਫਲ ‘ਚ ਪੇਸ਼ ਕੀਤੀ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਸਮਾਗਮ ਦੇ ਅਖੀਰ ਵਿਚ ਪਰਚਾ ਲੇਖਕ ਦੇ ਨਾਲ-ਨਾਲ ਕਿਤਾਬ ‘ਤੇ ਚਰਚਾ ਕਰਨ ਵਾਲੇ ਸਾਹਿਤਕਾਰਾਂ ਦਾ ਤੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਥੇ ਹੀ ਸ਼ਾਇਰਾ ਗੁਰਦੀਪ ਗੁਲ ਤੇ ਗਾਇਕ ਸੁਰਜੀਤ ਧੀਰਾਂ ਹੁਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ਸਮਾਗਮ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ।
ਇਸ ਮੌਕੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਰਹੇ ਜੇ.ਐਸ.ਖੁਸ਼ਦਿਲ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਡਾ.ਲਾਭ ਸਿੰਘ ਖੀਵਾ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਅਜੀਤ ਕੰਵਲ ਹਮਦਰਦ, ਡਾ. ਰਾਜਵੰਤੀ ਮਾਨ, ਗਣੇਸ਼ ਦੱਤ, ਜਗਦੀਪ ਨੂਰਾਨੀ, ਸਿਮਰਜੀਤ ਗਰੇਵਾਲ, ਭੁਪਿੰਦਰ ਮਲਿਕ, ਊਸ਼ਾ ਕੰਵਰ, ਵਿਜੇ ਕਪੂਰ, ਰਜਿੰਦਰ ਕੌਰ, ਪ੍ਰਗਿਆ ਸ਼ਾਰਦਾ, ਗੁਰਦਰਸ਼ਨ ਮਾਵੀ, ਤੇਜਾ ਸਿੰਘ ਥੂਹਾ, ਪਰਮਜੀਤ ਪਰਮ, ਰਸ਼ਮੀ ਸ਼ਰਮਾ ਸਣੇ ਹੋਰ ਵੱਡੀ ਗਿਣਤੀ ‘ਚ ਲੇਖਕ, ਸਾਹਿਤਕਾਰ, ਸਰੋਤੇ ਅਤੇ ਸ਼ਾਇਰਾ ਗੁਰਦੀਪ ਗੁਲ ਦੇ ਨਜ਼ਦੀਕੀ, ਸਾਕ ਸਬੰਧੀ ਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

Check Also

ਪੰਜਾਬ ’ਚ ਕਿਸਾਨਾਂ ਵਲੋਂ ਟੋਲ ਪਲਾਜ਼ੇ ਬੰਦ ਕਰਨ ਦਾ ਮਾਮਲਾ ਹਾਈਕੋਰਟ ਪੁੱਜਾ

ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ-ਜਲੰਧਰ ਹਾਈਵੇ ’ਤੇ ਬਣੇ ਸਭ …