Breaking News
Home / ਪੰਜਾਬ / ਨਿਵੇਕਲਾ ਰਿਹਾ 16ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਇਜਲਾਸ

ਨਿਵੇਕਲਾ ਰਿਹਾ 16ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਇਜਲਾਸ

ਵਿਧਾਨ ਸਭਾ ਦਾ ਵਿਹੜਾ ਬਸੰਤੀ ਰੰਗ ‘ਚ ਰੰਗਿਆ ਗਿਆ, 86 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ‘ਚ ਪਹੁੰਚੇ
ਚੰਡੀਗੜ੍ਹ: 16ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਇਜਲਾਸ ਕਈ ਪੱਖਾਂ ਤੋਂ ਨਿਵੇਕਲਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਤੇ ਪੰਜਾਬ ਪੁਨਰਗਠਨ ਤੋਂ ਬਾਅਦ ਪਹਿਲੀ ਵਾਰ ਤੀਜੀ ਧਿਰ ਦੀ ਸਰਕਾਰ ਬਣੀ ਹੈ। ਵਿਧਾਨ ਸਭਾ ਦਾ ਵਿਹੜਾ ਖੱਟੀਆਂ, ਪੀਲੀਆਂ ਤੇ ਬਸੰਤੀ ਰੰਗ ਦੀਆਂ ਪੱਗਾਂ ਨਾਲ ਰੰਗਿਆ ਗਿਆ। ਤਿੰਨ ਦਿਨ ਤਕ ਵਿਧਾਨ ਸਭਾ ਵਿਚ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਵਿਧਾਨ ਸਭਾ ਦਾ ਨਜ਼ਾਰਾ ਇਕ ਪਿੰਡ ਵਰਗਾ ਬਣਿਆ ਰਿਹਾ ਕਿਉਂਕਿ 86 ਵਿਧਾਇਕ ਪਹਿਲੀ ਵਾਰ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ ਜਿਹੜੇ ਪੇਂਡੂ ਪਿਛੋਕੜ ਨਾਲ ਸਬੰਧਤ ਹਨ।
ਗਵਰਨਰ ਗੈਲਰੀ, ਸਪੀਕਰ ਗੈਲਰੀ, ਦਰਸ਼ਕ ਗੈਲਰੀਆਂ ਨੱਕੋ-ਨੱਕ ਭਰੀਆਂ ਹੋਈਆਂ ਸਨ। ਦਰਜਨਾਂ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਮਰਥਕਾਂ ਨੇ ਪਹਿਲੀ ਵਾਰ ਹਕੀਕੀ ਰੂਪ ਵਿਚ ਵਿਧਾਨ ਸਭਾ ਦੇ ਦਰਸ਼ਨ ਕੀਤੇ। ਪੰਜਾਬ ਦੇ ਪਿੰਡਾਂ ਦੇ ਆਮ ਘਰਾਂ ਦੇ ਜਾਏ, ਜਿਨ੍ਹਾਂ ਨੇ ਕਦੇ ਵਿਧਾਇਕ ਬਣਨ ਦਾ ਚਿੱਤ-ਚੇਤਾ ਵੀ ਨਹੀਂ ਲਿਆ ਸੀ, ਉਹ ਵਿਧਾਨ ਸਭਾ ‘ਚ ਸੱਤਾ ਧਿਰ ਦੇ ਬੈਂਚਾਂ ‘ਤੇ ਬਿਰਾਜਮਾਨ ਹੋ ਗਏ ਹਨ ਜਦਕਿ ਦੇਸ਼ ਦੀ ਆਜ਼ਾਦੀ ਅਤੇ ਪੰਜਾਬ ਪੁਨਰਗਠਨ ਤੋਂ ਬਾਅਦ ਜਿਹੜੀਆਂ ਧਿਰਾਂ ਨੇ ਬਦਲ-ਬਦਲ ਕੇ ਸ਼ਾਸਨ ਕੀਤਾ ਹੈ, ਉਹ ਸਦਨ ਵਿਚ ਵਿਰੋਧੀ ਧਿਰ ਦੇ ਬੈਂਚਾਂ ‘ਤੇ ਬਿਰਾਜਮਾਨ ਹੋ ਗਏ ਹਨ।
ਤਿੰਨ ਦਿਨਾਂ ਸੈਸ਼ਨ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਭਵਿੱਖ ਵਿਚ ਵੀ ਰਾਜ ਸਭਾ ਤੇ ਲੋਕ ਸਭਾ ਦੀ ਤਰਜ਼ ‘ਤੇ ਸਮੁੱਚੀ ਕਾਰਵਾਈ ਲਾਈਵ ਕਰਨ ਅਤੇ ਸਦਨ ਦੀ ਬੈਠਕਾਂ ‘ਚ ਵੀ ਵਾਧਾ ਕਰਨ ਦਾ ਭਰੋਸਾ ਦਿੱਤਾ ਹੈ। ਹਾਲੇ ਤਕ ਵਿਰੋਧੀ ਧਿਰਾਂ ਲਾਈਵ ਟੈਲੀਕਾਸਟ ਤੇ ਸਦਨ ਦੀਆਂ ਬੈਠਕਾਂ ਵਧਾਉਣ ਦੀ ਗੱਲ ਤਾਂ ਕਰਦੀਆਂ ਰਹੀਆਂ ਹਨ ਪਰ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਇਨ੍ਹਾਂ ਗੱਲਾਂ ਨੂੰ ਵਿਸਾਰ ਦਿੰਦੀਆਂ ਰਹੀਆਂ ਹਨ। ਹਾਲੇ ਤਕ ਵਿਰੋਧੀ ਧਿਰਾਂ ਸਦਨ ਦੀ ਕਾਰਵਾਈ ਲਾਈਵ ਟੈਲੀਕਾਸਟ ਕਰਨ ਦੀ ਮੰਗ ਕਰਦੀਆਂ ਰਹੀਆਂ ਹਨ। ਇਕ ਮੌਕਾ ‘ਆਪ’ ਦੇ ਨਾਅਰੇ ਨੂੰ ਪੰਜਾਬੀਆਂ ਨੇ ਪ੍ਰਵਾਨ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਹੈ। ਬਹੁਤ ਸਾਰੇ ਨੌਜਵਾਨ ਵਿਧਾਇਕ ਚੁਣੇ ਗਏ ਹਨ।
ਵਿਧਾਨ ਸਭਾ ਵਿਚ ਇਹ ਵੀ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਵਿਧਾਇਕ ਮੰਤਰੀਆਂ ਤੇ ਵਿਧਾਇਕਾਂ ਨੂੰ ਖੁਦ ਆਪਣੀ ਜਾਣ ਪਹਿਚਾਣ ਕਰਵਾਉਂਦੇ ਦੇਖੇ ਗਏ। ਦੂਜੀ ਵਾਰ ਵਿਧਾਇਕ ਬਣੇ ਪ੍ਰਿੰਸੀਪਲ ਬੁੱਧ ਰਾਮ ਨੇ ਇਕ ਮੰਤਰੀ ਨਾਲ ਨਵੇਂ ਬਣੇ ਵਿਧਾਇਕਾਂ ਦੀ ਮੁਲਾਕਾਤ ਕਰਵਾਈ ਤਾਂ ਨੌਜਵਾਨਾਂ ਨੂੰ ਦੇਖ ਮੰਤਰੀ ਸਾਹਿਬ ਬੋਲੇ ‘ਅੱਛਾ! ਇਹ ਵੀ ਵਿਧਾਇਕ ਹਨ’। ਯਾਨੀ ਨਵੇਂ ਵਿਧਾਇਕਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਹਰੇਕ ਨੂੰ ਇਕ ਦੂਜੇ ਨਾਲ ਪਹਿਚਾਣ ਕਰਵਾਉਣੀ ਪੈ ਰਹੀ ਹੈ। ਯਾਨੀ ਬਹੁਤ ਸਾਰੇ ਵਿਧਾਇਕ ਅਜੇ ਇਕ ਦੂਜੇ ਦੇ ਨਾਮ ਤੋਂ ਵੀ ਅਣਜਾਣ ਹਨ। ਦਹਾਕਿਆਂ ਬਾਅਦ ਬਹੁਜਨ ਸਮਾਜ ਪਾਰਟੀ ਦਾ ਖਾਤਾ ਖੁੱਲ੍ਹਿਆ ਹੈ ਤੇ ਡਾ. ਨਛੱਤਰ ਪਾਲ ਵਿਧਾਨ ਸਭਾ ਵਿਚ ਪੁੱਜੇ ਹਨ ਤੇ ਬਾਦਲ ਪਰਿਵਾਰ ਦਾ ਲੰਬੇ ਅਰਸੇ ਬਾਅਦ ਵਿਧਾਨ ਸਭਾ ਦਾ ਰਾਹ ਬੰਦ ਹੋਇਆ ਹੈ।

ਵਿਧਾਨ ਸਭਾ ਵਲੋਂ ਇਜਲਾਸ ਦੇ ਆਖ਼ਰੀ ਦਿਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਨੇ ਇਜਲਾਸ ਦੇ ਆਖਰੀ ਦਿਨ ਮੰਗਲਵਾਰ ਨੂੰ ਵਿਛੜ ਚੁੱਕੀਆਂ ਉੱਘੀਆਂ ਸ਼ਖ਼ਸੀਅਤਾਂ, ਆਜ਼ਾਦੀ ਘੁਲਾਟੀਆਂ, ਸ਼ਹੀਦ ਸੈਨਿਕਾਂ ਤੋਂ ਇਲਾਵਾ ਸਿਆਸੀ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। 16ਵੀਂ ਪੰਜਾਬ ਵਿਧਾਨ ਸਭਾ ਦੇ ਪਹਿਲੇ ਇਜਲਾਸ ‘ਚ ਸਦਨ ਨੇ ਸੂਬੇ ਦੇ ਸਾਬਕਾ ਰਾਜਪਾਲ ਜਨਰਲ ਸੁਨੀਥ ਫ੍ਰਾਸਿੰਸ ਰੌਡਰਿਗਜ਼, ਸਾਬਕਾ ਰਾਜ ਮੰਤਰੀ ਰਮੇਸ਼ ਦੱਤ ਸ਼ਰਮਾ, ਸਾਬਕਾ ਵਿਧਾਇਕ ਸੰਤ ਅਜੀਤ ਸਿੰਘ, ਸਾਬਕਾ ਵਿਧਾਇਕ ਤੇ ਸੁਤੰਤਰਤਾ ਸੰਗਰਾਮੀ ਹਰਬੰਸ ਸਿੰਘ ਅਤੇ ਅਥਲੀਟ ਤੇ ਅਦਾਕਾਰ ਪ੍ਰਵੀਨ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਦਨ ਨੇ ਬ੍ਰਿਗੇਡੀਅਰ ਐਲ.ਐਸ. ਲਿੱਧੜ ਜੋ ਆਈ.ਏ.ਐਫ.ਦਾ ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਸੀ.ਡੀ.ਐਸ. ਜਨਰਲ ਬਿਪਨ ਰਾਵਤ ਤੇ ਹੋਰ ਸੀਨੀਅਰ ਫ਼ੌਜੀ ਅਫ਼ਸਰਾਂ ਨਾਲ ਫ਼ੌਤ ਹੋ ਗਏ ਸਨ, ਆਸਾਮ ਵਿਚ ਗਸ਼ਤ ਦੌਰਾਨ ਜਾਨ ਨਿਛਾਵਰ ਕਰਨ ਵਾਲੇ ਬੀ.ਐਸ.ਐਫ. ਦੇ ਜਵਾਨ ਧਰਮਿੰਦਰ ਕੁਮਾਰ, ਪ੍ਰੇਮ ਬੱਲਭ, ਅਰਜਨ ਸਿੰਘ, ਮੋਹਨ ਸਿੰਘ, ਗੋਪਾਲ ਸਿੰਘ, ਸ੍ਰੀਮਤੀ ਮੇਲੋ ਦੇਵੀ, ਧਰਮ ਸਿੰਘ, ਜਰਨੈਲ ਸਿੰਘ ਅਤੇ ਸੁਖਦੇਵ ਸਿੰਘ (ਸਾਰੇ ਆਜ਼ਾਦੀ ਘੁਲਾਟੀਏ) ਨੂੰ ਵੀ ਸ਼ਰਧਾਂਜਲੀ ਭੇਟ ਕੀਤੀ।
ਪੰਜਾਬ ਦੀ ਮੌਜੂਦਾ ਸਰਕਾਰ ਦੇ 11 ਵਿਚੋਂ 7 ਮੰਤਰੀਆਂ ਖਿਲਾਫ ਅਪਰਾਧਿਕ ਕੇਸ ਦਰਜ
ਨਵੀਂ ਦਿੱਲੀ : ਪੰਜਾਬ ਵਿੱਚ ਪਿਛਲੇ ਦਿਨੀਂ ਸਹੁੰ ਚੁੱਕਣ ਵਾਲੇ 11 ਵਿੱਚੋਂ 7 ਮੰਤਰੀਆਂ ਨੇ ਆਪਣੇ ਖਿਲਾਫ ਅਪਰਾਧਿਕ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚੋਂ ਚਾਰ ‘ਤੇ ਗੰਭੀਰ ਦੋਸ਼ ਹਨ। ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਨੇ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ 11 ਮੰਤਰੀਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹਨ। ‘ਪੰਜਾਬ ਇਲੈਕਸ਼ਨ ਵਾਚ’ ਤੇ ਏਡੀਆਰ ਨੇ ਮੁੱਖ ਮੰਤਰੀ ਸਣੇ ਸਾਰੇ 11 ਮੰਤਰੀਆਂ ਵੱਲੋਂ ਦਾਖਲ ਹਲਫਨਾਮਿਆਂ ਦੀ ਸਮੀਖਿਆ ਕੀਤੀ ਹੈ। ਏਡੀਆਰ ਨੇ ਕਿਹਾ ਕਿ ਸੱਤ ਮੰਤਰੀਆਂ (64 ਫੀਸਦ) ਨੇ ਆਪਣੇ ਖਿਲਾਫ ਅਪਰਾਧਿਕ ਕੇਸ ਦਰਜ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ (36 ਫੀਸਦ) ਨੇ ਆਪਣੇ ਖਿਲਾਫ ਗੰਭੀਰ ਅਪਰਾਧਿਕ ਕੇਸ ਦਰਜ ਹੋਣ ਦੀ ਗੱਲ ਮੰਨੀ ਹੈ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ

ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …