Breaking News
Home / ਪੰਜਾਬ / ਪੰਜਾਬ ਦੇ ਨਵੇਂ ਕੈਬਨਿਟ ਮੰਤਰੀਆਂ ਨੇ ਸੰਭਾਲੇ ਅਹੁਦੇ

ਪੰਜਾਬ ਦੇ ਨਵੇਂ ਕੈਬਨਿਟ ਮੰਤਰੀਆਂ ਨੇ ਸੰਭਾਲੇ ਅਹੁਦੇ

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਵੀਂ ਚੁਣੀ ਗਈ ਵਜ਼ਾਰਤ ਦੇ ਸਾਰੇ 10 ਮੰਤਰੀਆਂ ਨੇ ਆਪੋ-ਆਪਣੇ ਅਹੁਦੇ ਸੰਭਾਲ ਲਏ ਹਨ। ਕੈਬਨਿਟ ਮੰਤਰੀਆਂ ਨੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿੱਚ ਆਪਣੇ ਅਹੁਦੇ ਸੰਭਾਲ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ।
ਆਮ ਆਦਮੀ ਪਾਰਟੀ ਨੇ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਤੇ ਰੱਖੀ ਅੱਖ
9 ਸੂਬਿਆਂ ਦੇ ਨਵੇਂ ਇੰਚਾਰਜ ਕੀਤੇ ਨਿਯੁਕਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀਆਂ 117 ‘ਚੋਂ 92 ਸੀਟਾਂ ਜਿੱਤਣ ਮਗਰੋਂ ‘ਆਪ’ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਤੇ ਅੱਖ ਰੱਖ ਲਈ ਹੈ। ਪਾਰਟੀ ਨੇ ਦੋਵਾਂ ਸੂਬਿਆਂ ਦੇ ਨਾਲ-ਨਾਲ ਦੇਸ਼ ‘ਚ ਕੁੱਲ 9 ਸੂਬਿਆਂ ਦੇ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ। ਇਨ੍ਹਾਂ ਵਿੱਚ ਪੰਜਾਬ, ਗੁਜਰਾਤ, ਹਿਮਾਚਲ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਹਰਿਆਣਾ, ਕੇਰਲਾ, ਰਾਜਸਥਾਨ ਅਤੇ ਤਿਲੰਗਾਨਾ ਸ਼ਾਮਲ ਹਨ।
ਦੇਸ਼ ਦੇ 9 ਸੂਬਿਆਂ ਵਿੱਚ ਪੈਰ ਪਸਾਰਨ ਤੋਂ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਦੇਸ਼ ਭਰ ਵਿੱਚ ਪੈਰ ਪਸਾਰਨ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਚੋਣਾਂ ਵਿੱਚ ਪਾਰਟੀ ਦਾ ਚਾਣਕਿਆ ਮੰਨੇ ਜਾਂਦੇ ਡਾ. ਸੰਦੀਪ ਪਾਠਕ ਨੂੰ ਪੰਜਾਬ ‘ਚ ਰਾਘਵ ਚੱਢਾ ਦੀ ਥਾਂ ਦਾ ਸਹਿ-ਇੰਚਾਰਜ ਲਗਾਇਆ ਗਿਆ ਹੈ। ਉੱਥੇ ਹੀ ਪਾਠਕ ਨੂੰ ਗੁਜਰਾਤ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ‘ਆਪ’ ਨੇ ਭਾਜਪਾ ਦਾ ਗੜ੍ਹ ਮੰਨੇ ਜਾਂਦੇ ਗੁਜਰਾਤ ਵਿੱਚ ਸੰਨ੍ਹ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡਾ. ਸੰਦੀਪ ਪਾਠਕ ਗੁਜਰਾਤ ਲਈ ਰਣਨੀਤੀ ਤਿਆਰ ਕਰਨਗੇ। ਗੁਜਰਾਤ ਵਿੱਚ ਚੋਣ ਰਣਨੀਤੀ ਲਈ ਗੁਲਾਬ ਸਿੰਘ ਨੂੰ ਚੋਣ ਇੰਚਾਰਜ ਲਗਾਇਆ ਗਿਆ ਹੈ। ‘ਆਪ’ ਨੇ ਪੰਜਾਬ ਦਾ ਇੰਚਾਰਜ ਜਰਨੈਲ ਸਿੰਘ ਨੂੰ ਲਗਾਇਆ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ‘ਚ ਚੋਣ ਇੰਚਾਰਜ ਸਤੇਂਦਰ ਜੈਨ, ਇੰਚਾਰਜ ਦੁਰਗੇਸ਼ ਪਾਠਕ, ਸਹਿ-ਇੰਚਾਰਜ ਰਤਨੇਸ਼ ਗੁਪਤਾ, ਕਰਮਜੀਤ ਸਿੰਘ, ਕੁਲਵੰਤ ਬਾਠ, ਜਥੇਬੰਦਕ ਮੰਤਰੀ ਸਤੇਂਦਰ ਤੋਂਗਰ, ਸਕੱਤਰ ਬਿਪਿਨ ਰਾਏ ਅਤੇ ਮੀਡੀਆ ਇੰਚਾਰਜ ਦੀਪਕ ਬਾਲੀ ਨੂੰ ਲਗਾਇਆ ਗਿਆ ਹੈ। ਕੇਰਲਾ ਵਿੱਚ ਏ ਰਾਜਾ ਨੂੰ ਇੰਚਾਰਜ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਪਾਰਟੀ ਨੇ ਹਰਿਆਣਾ ਵਿੱਚ ਚੋਣ ਇੰਚਾਰਜ ਸੌਰਭ ਭਾਰਦਵਾਜ, ਇੰਚਾਰਜ ਸੁਸ਼ੀਲ ਗੁਪਤਾ ਅਤੇ ਸਹਿ-ਇੰਚਾਰਜ ਮਹਿੰਦਰ ਚੌਧਰੀ ਨੂੰ ਲਗਾਇਆ ਹੈ। ਅਸਾਮ ਵਿੱਚ ਰਾਜੇਸ਼ ਸ਼ਰਮਾ, ਤਿਲੰਗਾਨਾ ਵਿੱਚ ਸੋਮਨਾਥ ਭਾਰਤੀ ਅਤੇ ਰਾਜਸਥਾਨ ਵਿੱਚ ਵਿਨੈ ਮਿਸ਼ਰਾ ਨੂੰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਛੱਤੀਸਗੜ੍ਹ ਵਿੱਚ ਚੋਣ ਇੰਚਾਰਜ ਗੋਪਾਲ ਰਾਏ, ਇੰਚਾਰਜ ਸੰਜੀਵ ਝਾਅ ਅਤੇ ਜਥੇਬੰਦਕ ਮੰਤਰੀ ਸੰਤੋਸ਼ ਸ੍ਰੀਵਾਸਤਵ ਨੂੰ ਲਗਾਇਆ ਗਿਆ ਹੈ। ਹਰਿਆਣਾ ਦੇ ਚੋਣ ਇੰਚਾਰਜ ਸੌਰਭ ਭਾਰਦਵਾਜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ‘ਆਪ’ ਦਿੱਲੀ ਮਾਡਲ ਦਾ ਦੇਸ਼ ਵਿੱਚ ਪ੍ਰਚਾਰ ਕਰ ਰਹੀ ਸੀ ਪਰ ਪਾਰਟੀ ਹੁਣ ਪੰਜਾਬ ਦੇ ਨਤੀਜਿਆਂ ਨੂੰ ਲੈ ਕੇ ਦੇਸ਼ ਵਿੱਚ ਜਾਵੇਗੀ।
‘ਆਪ’ ਵੱਲੋਂ ਹਰਿਆਣਾ ‘ਚ ਪਾਰਟੀ ਦਾ ਢਾਂਚਾ ਭੰਗ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਚੋਣ ਇੰਚਾਰਜ ਸੌਰਭ ਭਾਰਦਵਾਜ ਅਤੇ ਇੰਚਾਰਜ ਸੁਸ਼ੀਲ ਗੁਪਤਾ ਨੇ ਹਰਿਆਣਾ ‘ਚ ਪਾਰਟੀ ਦਾ ਢਾਂਚਾ ਭੰਗ ਕਰ ਦਿੱਤਾ ਹੈ। ਸੁਸ਼ੀਲ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਦਾ ਦੌਰਾ ਕੀਤਾ ਜਾਵੇਗਾ। ਇਸ ਦੌਰਾਨ ਕਈ ਨਵੇਂ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਲਦ ਹੀ ਕੰਮ ਕਰਨ ਵਾਲੇ ਆਗੂਆਂ ਨੂੰ ਨਵੀਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …