ਸਮਾਗਮ ਦੇ ਮੁੱਖ-ਬੁਲਾਰੇ ਸਨ ਕਹਾਣੀਕਾਰ ਕੁਲਜੀਤ ਮਾਨ ਤੇ ਸਕੂਲ-ਟਰੱਸਟੀ ਬਲਬੀਰ ਸੋਹੀ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਮਾਰਚ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣੇ ਮਹੀਨਾਵਾਰ ਸਮਾਗਮ ਵਿਚ ਜ਼ੂਮ ਮਾਧਿਅਮ ਦੁਆਰਾ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੀ ਮਹਾਨਤਾ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਸਮਾਗ਼ਮ ਵਿਚ ਮੁੱਖ-ਬੁਲਾਰੇ ਪੰਜਾਬੀ ਦੇ ਉੱਘੇ ਕਹਾਣੀਕਾਰ ਅਤੇ ਬਰੈਂਪਟਨ ਦੇ ਵਾਰਡ ਨੰਬਰ 9 ਤੇ 10 ਦੇ ਸਕੂਲ-ਟਰੱਸਟੀ ਬਲਬੀਰ ਸੋਹੀ ਸਨ। ਦੋਹਾਂ ਬੁਲਾਰਿਆਂ ਵੱਲੋਂ ਅੰਤਰ-ਰਾਸ਼ਟਰੀ ਪੱਧਰ ‘ਤੇ ਮਨਾਏ ਜਾਂਦੇ ਮਹਿਲਾ ਦਿਵਸ ਦੇ ਮਨਾਏ ਜਾਣ ਦੀ ਸ਼ੁਰੂਆਤ, ਮਹਾਨਤਾ ਅਤੇ ਔਰਤ-ਮਰਦ ਵਿਚਕਾਰ ਅਜੇ ਵੀ ਚੱਲ ਰਹੀ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਨਾ-ਬਰਾਬਰੀ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ।
ਪ੍ਰੋਗਰਾਮ ਵਿਚ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਔਰਤ-ਦਿਵਸ ਬਾਰੇ ਸੰਖੇਪ ਵਿਚ ਦੱਸਿਆ ਅਤੇ ਇਸ ਦੇ ਨਾਲ ਹੀ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਮੁੱਖ-ਬੁਲਾਰਿਆਂ, ਮਹਿਮਾਨਾਂ ਤੇ ਮੈਬਰਾਂ ਨੂੰ ‘ਜੀ-ਆਇਆਂ’ ਕਹਿਣ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਆਪਣੀ ਇਹ ਡਿਊਟੀ ਨਿਭਾਉਂਦਿਆਂ ਹੋਇਆਂ ਔਰਤਾਂ ਦੇ ਸਮਾਜ ਵਿਚ ਪੂਰਾ ਸਤਿਕਾਰ ਅਤੇ ਉਨ੍ਹਾਂ ਨੂੰ ਹਰ ਪੱਖੋਂ ਬਰਾਬਰੀ ਦਾ ਅਧਿਕਾਰ ਦੇਣ ਦੀ ਗੱਲ ਕੀਤੀ। ਉਪਰੰਤ, ਸਮਾਗਮ ਦੇ ਪਹਿਲੇ ਬੁਲਾਰੇ ਕੁਲਜੀਤ ਮਾਨ ਨੇ ਆਪਣੇ ਸੰਬੋਧਨ ਵਿਚ ਵਿਸ਼ਵ-ਭਰ ਵਿਚ ਤੇਜ਼ੀ ਨਾਲ ਹੋ ਰਹੀਆਂ ਸਮਾਜਿਕ ਤੇ ਸੱਭਿਆਚਾਰਕ ਤਬਦੀਲੀਆਂ ਤੋਂ ਆਪਣੀ ਗੱਲ ਸ਼ੁਰੂ ਕੀਤੀ ਅਤੇ ਦੱਸਿਆ ਕਿ ਅੰਤਰ-ਰਾਸ਼ਟਰੀ ਔਰਤ ਦਿਵਸ ਹੁਣ ਇਕ ਤਰ੍ਹਾਂ ઑਤਬਦੀਲੀ ਦਾ ਚਿੰਨ੍ਹ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤ ਜਦੋਂ ਸੰਸਥਾ ਵਜੋਂ ਜੱਦੋ-ਜਹਿਦ ਕਰਦੀ ਹੈ ਤਾਂ ਮਰਦ-ਪ੍ਰਧਾਨ ਸਮਾਜ ਵੱਲੋਂ ਇਸ ਦੀ ਵਿਰੋਧਤਾ ਕੀਤੀ ਜਾਂਦੀ ਹੈ ਪਰ ਹੁਣ ਉਸ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਉਨ੍ਹਾਂ ਨੇ ਦੂਸਰੇ ਵਿਸ਼ਵ-ਯੁੱਧ ਵਿਚ ਔਰਤਾਂ ਵੱਲੋਂ ਮਿਲਟਰੀ ਪੱਖੋਂ ਨਿਭਾਈਆਂ ਗਈਆਂ ਪ੍ਰਮੁੱਖ ਭੂਮਿਕਾਵਾਂ ਅਤੇ ‘ਇੰਟਰਨੈਸ਼ਨਲ ਵੋਮੈੱਨ ਵਾਇਲੈਂਸ ਐਕਟ’ ਬਾਰੇ ਵੀ ਚਰਚਾ ਕੀਤੀ। ਸਮਾਗਮ ਦੇ ਦੂਸਰੇ ਮੁੱਖ-ਬੁਲਾਰੇ ਬਲਬੀਰ ਸੋਹੀ ਨੇ ਔਰਤਾਂ ਵਿਚ ਸਿੱਖਿਆ ਦੇ ਮਹੱਤਵ ਬਾਰੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਦੇ ਪੜ੍ਹਨ-ਲਿਖਣ ਨਾਲ ਅੱਗੋਂ ਉਸ ਦੀਆਂ ਤਿੰਨ ਪੀੜ੍ਹੀਆਂ ਸਿੱਖਿਅਤ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਲੋੜਵੰਦ ਔਰਤਾਂ ਦੀ ਪੜ੍ਹਾਈ ਵਿਚ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ। ਕੈਲਗਰੀ ਤੋਂ ਸਮਾਗਮ ਦਾ ਹਿੱਸਾ ਬਣਦਿਆਂ ਗੁਰਦੀਸ਼ ਗਰੇਵਾਲ ਨੇ ਸਮਾਜਿਕ ਬਰਾਬਰੀ ਦੇ ਧਾਰਮਿਕ ਪੱਖ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਹੈ। ਸਮਾਗਮ ਦੇ ਦੂਸਰੇ ਭਾਗ ਵਿਚ ਹੋਏ ਕਵੀ ਦਰਬਾਰ ਦਾ ਸੰਚਾਲਨ ਪਰਮਜੀਤ ਢਿੱਲੋਂ ਵੱਲੋਂ ਕੀਤਾ ਗਿਆ ਜਿਸ ਵਿਚ ਰਿੰਟੂ ਭਾਟੀਆ, ਗੁਰਦੀਸ਼ ਗਰੇਵਾਲ, ਪਰਮਜੀਤ ਦਿਓਲ, ਸੁਰਜੀਤ ਕੌਰ, ਅਨੰਤ ਕੌਰ, ਦਲਜੀਤ ਕੌਰ ਬਨਵੈਤ, ਮਨਜੀਤ ਸੇਖੋਂ, ਇਕਬਾਲ ਬਰਾੜ, ਸੁਖਦੇਵ ਸਿੰਘ ਝੰਡ, ਨਿਰਵੈਰ ਸਿੰਘ ਅਰੋੜਾ, ਬਲਬੀਰ ਭਲੂਰੀਆ, ਮਲੂਕ ਸਿੰਘ ਕਾਹਲੋਂ, ਮਕਸੂਦ ਚੌਧਰੀ, ਗਿਆਨ ਸਿੰਘ ਦਰਦੀ, ਪ੍ਰੋ.ਰਾਮ ਸਿੰਘ, ਪਰਮਜੀਤ ਗਿੱਲ ਅਤੇ ਪਰਮਜੀਤ ਢਿੱਲੋਂ ਨੇ ਆਪਣੀਆਂ ਕਵਿਤਾਵਾਂ ਅਤੇ ਗੀਤ ਸੁਣਾਏ। ਡਾ. ਅਮਰਜੀਤ ਸਿੰਘ ਬਨਵੈਤ ਵੱਲੋਂ ਸਭਾ ਦੇ ਇਸ ਉਪਰਾਲੇ ਦੀ ਭਾਰੀ ਸਰਾਹਨਾ ਕੀਤੀ ਗਈ। ਅਖੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਮਾਗਮ ਵਿਚ ਸ਼ਾਮਲ ਸਮੂਹ ਬੁਲਾਰਿਆਂ, ਕਵੀਆਂ-ਕਵਿੱਤਰੀਆਂ ਅਤੇ ਗਾਇਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗਮ ਵਿਚ ਸਭਾ ਦੇ ਸਰਗਰਮ ਮੈਂਬਰ ਡਾ. ਜਗਮੋਹਨ ਸਿੰਘ ਸੰਘਾ ਪੰਜਾਬ ਤੋਂ ਉਚੇਚੇ ਤੌਰ ‘ઑਤੇ ਸ਼ਾਮਲ ਹੋਏ, ਜਦ ਕਿ ਉੱਥੇ ਗਏ ਇਕ ਹੋਰ ਸਰਗਰਮ ਮੈਂਬਰ ਤਲਵਿੰਦਰ ਮੰਡ ਜ਼ਰੂਰੀ ਸਮਾਜਿਕ ਰੁਝੇਵਿਆਂ ਦੇ ਕਾਰਨ ਵਿਚ ਭਾਗ ਨਾ ਲੈ ਸਕੇ। ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਸਤਵੰਤ ਸਿੰਘ, ਮਲਵਿੰਦਰ ਸ਼ਾਇਰ, ਗਿਆਨ ਸਿੰਘ ਦਰਦੀ, ਹਰਦਿਆਲ ਸਿੰਘ ਝੀਤਾ, ਨਛੱਤਰ ਸਿੰਘ ਬਦੇਸ਼ਾ, ਸੁਰਜੀਤ ਕੌਰ, ਹਰਭਜਨ ਕੌਰ ਗਿੱਲ, ਹਰਪ੍ਰੀਤ ਕੌਰ, ਸੁਖਦੀਪ ਕੌਰ ਸੰਧੂ ਤੇ ਹੋਰ ਕਈ ਹਾਜ਼ਰ ਸਨ।